Punjab News: ਅਧਿਆਪਕਾਂ ਨੂੰ ਬਲੀ ਦਾ ਬੱਕਰਾ ਬਣਾਉਣਾ ਬੰਦ ਕਰੇ ਚੋਣ ਕਮਿਸ਼ਨ- ਅਧਿਆਪਕ ਜਥੇਬੰਦੀਆਂ

All Latest NewsNews FlashPunjab NewsTop BreakingTOP STORIES

 

 

ਨਿਗੂਣੀ ਮੁਆਵਜ਼ਾ ਰਾਸ਼ੀ ਸਮੂਹ ਅਧਿਆਪਕ ਜਥੇਬੰਦੀਆਂ ਨੇ ਠੁਕਰਾਈ

ਪਟਿਆਲਾ, 26 Dec 2025- 

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਦੌਰਾਨ ਮੋਗੇ ਵਿਖੇ ਅਧਿਆਪਕ ਜੋੜੇ ਦੀ ਮੌਤ ਦੇ ਸਬੰਧ ਵਿੱਚ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਦੇ ਅੱਗੇ ਰੋਸ ਵਜੋਂ ਧਰਨੇ ਦਿੱਤੇ ਗਏ ਸਨ। ਜ਼ਿਲ੍ਹਾ ਪਟਿਆਲਾ ਦੇ ਅੰਦਰ ਵੀ ਸਮੂਹ ਅਧਿਆਪਕ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਪ੍ਰਗਟ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਸੀ।

ਉਸ ਸਮੇਂ ਪ੍ਰਸ਼ਾਸਨ ਵੱਲੋਂ 26 ਦਸੰਬਰ ਨੂੰ ਸਮੂਹ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਕਰਵਾਉਣ ਦਾ ਸਮਾਂ ਤੈਅ ਕੀਤਾ ਸੀ। ਅੱਜ ਜਦੋਂ ਸਮੂਹ ਅਧਿਆਪਕ ਜਥੇਬੰਦੀਆਂ ਦਾ ਇੱਕ ਵਫ਼ਦ ਦੀਦਾਰ ਸਿੰਘ ਪਟਿਆਲਾ, ਹਰਵਿੰਦਰ ਰੱਖੜਾ, ਗੁਰਪ੍ਰੀਤ ਗੁਰੂ, ਤਲਵਿੰਦਰ ਖਰੋੜ ਅਤੇ ਮਨੋਜ ਘਈ ਦੀ ਅਗਵਾਈ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਮਿਲਣ ਪਹੁੰਚਿਆ ਤਾਂ ਉਹ ਆਪਣੇ ਦਫ਼ਤਰ ਮੌਜੂਦ ਨਹੀਂ ਸਨ।

ਵਫ਼ਦ ਦੇ ਵੱਲੋਂ ਹੋਰ ਅਧਿਕਾਰੀਆਂ ਨਾਲ ਤਾਲਮੇਲ ਕਰਦਿਆਂ ਪਤਾ ਕੀਤਾ ਤਾਂ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਛੁੱਟੀ ‘ਤੇ ਗਏ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਮੇਂ ਏਡੀਸੀ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਮੌਕੇ ‘ਤੇ ਹੀ ਸਮੂਹ ਅਧਿਆਪਕ ਜਥੇਬੰਦੀਆਂ ਦੇ ਵਫ਼ਦ ਨੇ ਰੱਦ ਕਰ ਦਿੱਤਾ। ਵਫ਼ਦ ਦੇ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਨਾਲ ਹੀ ਮੀਟਿੰਗ ਦੀ ਮੰਗ ਕੀਤੀ ਗਈ।

ਪ੍ਰਸ਼ਾਸਨ ਵੱਲੋਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਵਫ਼ਦ ਦੀ ਮੀਟਿੰਗ 29 ਦਸੰਬਰ ਦਿਨ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਦੁਬਾਰਾ ਤੈਅ ਕਰਵਾਈ ਗਈ ਹੈ। ਗੌਰਤਲਬ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਵੱਡੇ ਪੱਧਰ ‘ਤੇ ਅਧਿਆਪਕਾਂ ਦੀਆਂ ਡਿਊਟੀਆਂ ਚੋਣ ਕਮਿਸ਼ਨਰ ਨੇ ਆਪਣੀ ਮਨਮਰਜ਼ੀ ਦੇ ਨਾਲ ਲਗਾਈਆਂ ਸਨ।

ਜਿਸ ਦੇ ਸਿੱਟੇ ਵਜੋਂ ਮੋਗੇ ਵਿਖੇ ਅਧਿਆਪਕਾਂ ਦੇ ਇੱਕ ਜੋੜੇ ਦੀ ਮੌਤ ਹੋ ਗਈ, ਉਸ ਤੋਂ ਇਲਾਵਾ ਵੀ ਕਈ ਜ਼ਿਲ੍ਹਿਆਂ ਅੰਦਰ ਡਿਊਟੀਆਂ ਦੌਰਾਨ ਅਧਿਆਪਕ ਫੱਟੜ ਹੋਏ ਸਨ। ਜਿਸ ਦੇ ਰੋਸ ਵਜੋਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਅੰਦਰ ਵੱਡੇ ਪੱਧਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨ ਦੇ ਖਿਲਾਫ ਵੱਡਾ ਰੋਸ ਸੀ। ਪੰਜਾਬ ਸਰਕਾਰ ਵੱਲੋਂ ਅਧਿਆਪਕ ਜੋੜੇ ਦੀ ਮੌਤ ਤੋਂ ਬਾਅਦ ਜੋ 10-10 ਲੱਖ ਰੁਪਏ ਦੀ ਨਿਗੂਣੀ ਰਾਸ਼ੀ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ, ਸਮੂਹ ਅਧਿਆਪਕ ਜਥੇਬੰਦੀਆਂ ਨੇ ਇਸ ਰਾਸ਼ੀ ਨੂੰ ਠੁਕਰਾ ਦਿੱਤਾ ਹੈ।

ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਦੋ-ਦੋ ਕਰੋੜ ਰੁਪਏ ਦਿੱਤੇ ਜਾਣ ਅਤੇ ਬੱਚਿਆਂ ਦੇ ਲਈ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ ਅਤੇ ਜੋ ਉਹਦੇ ਆਪਾਂ ਫੱਟੜ ਹੋਏ ਹਨ, ਉਹਨਾਂ ਨੂੰ 20-20 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਸੁਖਪਾਲ ਸਿੰਘ ਬਕਰਾਹਾ, ਪ੍ਰਵੀਣ ਸ਼ਰਮਾ, ਗੁਰਜੀਤ ਘੱਗਾ, ਭੁਪਿੰਦਰ ਸਿੰਘ, ਗੁਰਪ੍ਰੀਤ ਨਾਭਾ, ਰਵਿੰਦਰ ਕੰਬੋਜ, ਗੁਰਪ੍ਰੀਤ ਭਾਦਸੋਂ, ਚਮਕੌਰ ਸਿੰਘ ਅਤੇ ਮੈਡਮ ਸਨੇਹਦੀਪ ਮੌਜੂਦ ਰਹੇ।

 

Media PBN Staff

Media PBN Staff