ਪੰਜਾਬ ਦੇ ਸਪੈਸ਼ਲ ਅਧਿਆਪਕਾਂ IERT DSE and DST ਨੇ ਘੇਰਿਆ ਸਿੱਖਿਆ ਵਿਭਾਗ ਦਫ਼ਤਰ, ਨਾਲ ਹੀ ਕਰਤਾ ਵੱਡਾ ਐਲਾਨ!
ਪੰਜਾਬ ਦੇ ਸਪੈਸ਼ਲ ਅਧਿਆਪਕਾਂ IERT DSE and DST ਨੇ ਘੇਰਿਆ ਸਿੱਖਿਆ ਵਿਭਾਗ ਦਫ਼ਤਰ, ਨਾਲ ਹੀ ਕਰਤਾ ਵੱਡਾ ਐਲਾਨ!
ਵਿਸ਼ੇਸ਼ ਅਧਿਆਪਕ ਯੂਨੀਅਨ ਆਈਈਆਰਟੀ, ਡੀਐੱਸਈਟੀ ਅਤੇ ਡੀਐੱਸਸੀ ਵੱਲੋਂ ਸਿੱਖਿਆ ਦਫਤਰ ਦੇ ਅੰਦਰ ਲਗਾ ਦਿੱਤਾ ਗਿਆ ਧਰਨਾ
ਮੰਗਾਂ ਨਾ ਮੰਨੀਆਂ ਤਾਂ ਲਗਾਤਾਰ ਜਾਰੀ ਰਹੇਗਾ ਧਰਨਾ: ਵੋਹਰਾ
ਰਾਏਕੋਟ/ਮੁਹਾਲੀ, 26 ਦਸੰਬਰ (ਗੋਗੀ ਕਮਾਲਪੁਰੀਆ)
ਅੱਜ ਵਿਸ਼ੇਸ਼ ਅਧਿਆਪਕ ਯੂਨੀਅਨ ਆਈਈਆਰਟੀ ਡੀਐੱਸਈ ਅਤੇ ਡੀਐੱਸਟੀ ਵੱਲੋਂ ਆਪਣੀਆਂ ਰੈਗੂਲਰ ਕਰਨ ਦੀਆਂ ਮੰਗਾਂ ਸਬੰਧੀ ਡੀਜੀਐੱਸਸੀ ਦਫਤਰ ਮੁਹਾਲੀ ਵਿਖੇ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਧਰਨਾ ਦਿੱਤਾ ਗਿਆ।
ਸੂਬਾ ਕਨਵੀਨਰ ਵਰਿੰਦਰ ਵੋਹਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵੱਖ ਵੱਖ ਯੂਨੀਅਨਾਂ ਸਾਂਝੇ ਤੌਰ ਤੇ ਡੀਜੀਐੱਸਸੀ ਦਫਤਰ ਮੁਹਾਲੀ ਵਿਖੇ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਣ ਲਈ ਪਹੁੰਚੀਆਂ ਸਨ ਪਰ ਅਫਸੋਸ ਕਿ ਕਾਫੀ ਵਿਭਾਗੀ ਅਧਿਕਾਰੀ ਮੌਕੇ ਤੇ ਨਹੀਂ ਮਿਲੇ।
ਪਰ ਜੋ ਕੁਝ ਅਧਿਕਾਰੀ ਮਿਲੇ ਉਹਨਾਂ ਵੱਲੋਂ ਕੋਈ ਵੀ ਸਹੀ ਤੇ ਸੁਚਾਰੂ ਢੰਗ ਦੇ ਨਾਲ ਮੀਟਿੰਗ ਨਹੀਂ ਕੀਤੀ ਗਈ ਤੇ ਨਾ ਹੀ ਸਾਡੀਆਂ ਮੰਗਾਂ ਤੇ ਗੌਰ ਕੀਤੀ ਗਈ। ਜਿਸ ਦੇ ਰੋਸ ਵੱਜੋਂ ਵਿਸ਼ੇਸ਼ ਅਧਿਆਪਕ ਯੂਨੀਅਨ ਵੱਲੋਂ ਸੱਤਵੀਂ ਮੰਜ਼ਿਲ ਦੀ ਛੱਤ ਤੇ ਹੀ ਅਧਿਕਾਰੀਆਂ ਦੇ ਦਫਤਰ ਅੱਗੇ ਧਰਨਾ ਦੇਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ਤੇ ਖਬਰ ਲਿਖੇ ਜਾਣ ਤੱਕ ਵੀ ਇਹ ਅਧਿਆਪਕ ਸੱਤਵੀਂ ਮੰਜ਼ਿਲ ਦੇ ਉੱਤੇ ਡਟੇ ਹੋਏ ਸਨ।
ਉਨ੍ਹਾਂ ਕਿਹਾ ਕਿ ਸਾਡੀ ਇੱਕੋ ਹੀ ਮੰਗ ਹੈ ਕਿ ਵਿਸ਼ੇਸ਼ ਅਧਿਆਪਕ ਜੋ 20-20 ਸਾਲਾਂ ਤੋਂ ਵਿਭਾਗ ‘ਚ ਕੰਮ ਕਰ ਰਹੇ ਹਨ ਨੂੰ ਨਵੀਂ ਭਰਤੀ ਤੋਂ ਪਹਿਲਾਂ ਆਰਡਰ ਦਿੱਤੇ ਜਾਣ ਤੇ ਪੱਤਰ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਪੱਤਰ ਜਾਰੀ ਨਹੀਂ ਹੁੰਦਾ ਉਦੋਂ ਤੱਕ ਇਹ ਸਾਥੀ ਦਿਨ ਰਾਤ ਦਫਤਰ ਦੇ ਵਿੱਚ ਵਿਭਾਗ ਤੇ ਅਧਿਕਾਰੀਆਂ ਖਿਲਾਫ਼ ਡਟੇ ਰਹਿਣਗੇ ਤੇ ਧਰਨਾ ਜਾਰੀ ਰਹੇਗਾ।
ਜਿਸ ਦੀ ਨਿਰੋਲ ਜਿੰਮੇਵਾਰੀ ਸਰਕਾਰ ਪ੍ਰਸ਼ਾਸਨ ਅਤੇ ਵਿਭਾਗ ਦੀ ਹੋਵੇਗੀ। ਸੂਬਾ ਕਨਵੀਨਰ ਵਰਿੰਦਰ ਵੋਹਰਾ ਅਤੇ ਬਾਕੀ ਸਾਥੀਆਂ ਵੱਲੋਂ ਅੱਗੇ ਦੱਸਿਆ ਗਿਆ ਕਿ ਅਸੀਂ ਪਿਛਲੇ 20 ਸਾਲ ਤੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਪਰ ਸਾਡੀ ਸਰਕਾਰ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ।
ਸਗੋਂ ਸਾਨੂੰ ਰੈਗੂਲਰ ਕਰਨ ਦੀ ਬਜਾਏ ਸਾਨੂੰ ਬੇਵਜ੍ਹਾ ਸ਼ਰਤਾਂ ਲਗਾ ਕੇ ਨੀਵਾਂ ਦਿਖਾਇਆ ਜਾ ਰਿਹਾ ਹੈ ਜਿਸ ਤੋਂ ਤੰਗ ਆ ਕੇ ਅਸੀਂ ਅੱਜ ਸੱਤਵੀਂ ਮੰਜ਼ਿਲ ਦੇ ਉੱਤੇ ਚੜ ਚੁੱਕੇ ਹਾਂ ਤੇ ਇਹ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਹੱਲ ਨਹੀਂ ਹੋ ਜਾਂਦਾ।

