BREAKING: ਪੰਜਾਬ ਸਰਕਾਰ ਨੇ ਮਨਰੇਗਾ ਫੰਡਾਂ ‘ਚ ਕੀਤਾ ਵੱਡਾ ਘਪਲਾ; ਸ਼ਿਵਰਾਜ ਚੌਹਾਨ ਨੇ Mann ਸਰਕਾਰ ‘ਤੇ ਗੰਭੀਰ ਦੋਸ਼
BREAKING: ਪੰਜਾਬ ਸਰਕਾਰ ਨੇ ਮਨਰੇਗਾ ਫੰਡਾਂ ‘ਚ ਕੀਤਾ ਵੱਡਾ ਘਪਲਾ; ਸ਼ਿਵਰਾਜ ਚੌਹਾਨ ਨੇ Mann ਸਰਕਾਰ ‘ਤੇ ਗੰਭੀਰ ਦੋਸ਼
ਚੰਡੀਗੜ੍ਹ/ਦਿੱਲੀ 30 ਦਸੰਬਰ 2025:
ਪੰਜਾਬ ਵਿੱਚ ਮਨਰੇਗਾ (MGNREGA) ਦੇ ਮੁੱਦੇ ‘ਤੇ ਸਿਆਸੀ ਘਮਸਾਨ ਤੇਜ਼ ਹੋ ਗਿਆ ਹੈ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਬੁਲਾ ਕੇ ਕੇਂਦਰ ਨੂੰ ਘੇਰ ਰਹੀ ਹੈ, ਉੱਥੇ ਹੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਸਰਕਾਰ ‘ਤੇ ਮਨਰੇਗਾ ਫੰਡਾਂ ਵਿੱਚ ਵੱਡਾ ਘਪਲਾ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਸ਼ਿਵਰਾਜ ਸਿੰਘ ਚੌਹਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਮਨਰੇਗਾ ਦੇ ਕੰਮਾਂ ਵਿੱਚ ਵੱਡੀ ਪੱਧਰ ‘ਤੇ ਬੇਨਿਯਮੀਆਂ ਪਾਈਆਂ ਗਈਆਂ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਕੇਂਦਰ ਵੱਲੋਂ ਗਰੀਬਾਂ ਲਈ ਭੇਜਿਆ ਗਿਆ ਪੈਸਾ ਸਹੀ ਲਾਭਪਾਤਰੀਆਂ ਤੱਕ ਨਹੀਂ ਪਹੁੰਚ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਤੋਂ 10 ਹਜ਼ਾਰ 653 ਕੇਸ ਸਾਹਮਣੇ ਆਏ ਹਨ।
ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਕਈ ਥਾਵਾਂ ‘ਤੇ ਕੰਮ ਸਿਰਫ਼ ਕਾਗਜ਼ਾਂ ਵਿੱਚ ਦਿਖਾਇਆ ਗਿਆ ਹੈ, ਜਦਕਿ ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਹੋਇਆ। ਮੰਤਰੀ ਅਨੁਸਾਰ, ਵਾਰ-ਵਾਰ ਰਿਪੋਰਟਾਂ ਮੰਗਣ ਦੇ ਬਾਵਜੂਦ ਸਰਕਾਰ ਫੰਡਾਂ ਦੇ ਖਰਚੇ ਦਾ ਸਹੀ ਵੇਰਵਾ ਦੇਣ ਵਿੱਚ ਅਸਫਲ ਰਹੀ ਹੈ।
ਪੰਜਾਬ ਸਰਕਾਰ ਦਾ ਜਵਾਬੀ ਹਮਲਾ
ਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ “ਘਪਲੇ” ਦੇ ਝੂਠੇ ਬਹਾਨੇ ਬਣਾ ਕੇ ਪੰਜਾਬ ਦੇ ਗਰੀਬ ਮਜ਼ਦੂਰਾਂ ਦਾ ਹੱਕ ਮਾਰ ਰਹੀ ਹੈ। ਅਰੋੜਾ ਨੇ ਸਵਾਲ ਕੀਤਾ ਕਿ ਜੇਕਰ ਕੋਈ ਘਪਲਾ ਹੈ ਤਾਂ ਕੇਂਦਰ ਜਾਂਚ ਕਿਉਂ ਨਹੀਂ ਕਰਵਾਉਂਦਾ, ਸਿਰਫ਼ ਫੰਡ ਰੋਕ ਕੇ ਗਰੀਬਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ?

