ਸਾਲ ਬਦਲਿਆ ਪਰ… ਸਿੱਖਿਆ ਵਿਭਾਗ ਨੇ ਨਹੀਂ ਕੱਢੀ ਇੱਕ ਵੀ ਨਵੀਂ ਭਰਤੀ! ਬੇਰੁਜ਼ਗਾਰਾਂ ਨੇ ਕੀਤਾ ਵੱਡੇ ਸੰਘਰਸ਼ ਦਾ ਐਲਾਨ!
ਸਾਲ ਬਦਲਿਆ ਪਰ… ਸਿੱਖਿਆ ਵਿਭਾਗ ਨੇ ਨਹੀਂ ਕੱਢੀ ਇੱਕ ਵੀ ਨਵੀਂ ਭਰਤੀ! ਬੇਰੁਜ਼ਗਾਰਾਂ ਨੇ ਕੀਤਾ ਵੱਡੇ ਸੰਘਰਸ਼ ਦਾ ਐਲਾਨ!
ਲੋਹੜੀ ਮੌਕੇ ਭਗਵੰਤ ਮਾਨ ਤੋਂ ਕਰਨਗੇ ਰੁਜ਼ਗਾਰ ਦੀ ਮੰਗ
ਸੰਗਰੂਰ, 31 ਦਸੰਬਰ 2025 (Media PBN)
ਬੇਰੁਜ਼ਗਾਰਾਂ ਨੇ ਲੋਹੜੀ ਤੋਂ ਪਹਿਲਾਂ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਘਰਸ਼ਮਈ ਲੋਹੜੀ ਮਨਾਉਣ ਦਾ ਸੱਦਾ ਨੇੜਲੇ ਪਿੰਡਾਂ ਦੀਆਂ ਸੱਥਾਂ ਅਤੇ ਕੰਧਾਂ ‘ਤੇ ਲਿਖ ਕੇ ਆਮ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ।
ਨੇੜਲੇ ਪਿੰਡ ਬੰਗਾਂ ਵਾਲੀ ਵਿਖੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਆਪਣੀ ਵਿਥਿਆ ਨੂੰ ਕੰਧਾਂ ਉੱਤੇ ਲਿਖਦੇ ਹੋਏ ਸੰਘਰਸ਼ ਨੂੰ ਵਿਸ਼ਾਲ ਬਣਾਉਣ ਦਾ ਰਾਹ ਚੁਣਿਆ ਹੈ।
ਮੋਰਚੇ ਦੇ ਆਗੂਆਂ ਅਮਨ ਸੇਖਾ, ਪਰਮਜੀਤ ਕੌਰ ਨੇ ਦੱਸਿਆ ਕਿ ਆਮ ਲੋਕਾਂ ਅੰਦਰ ਵਹਿਮ ਹੈ ਕਿ ਪੰਜਾਬ ਸਰਕਾਰ ਨੇ ਸੱਚਮੁੱਚ 65 ਹਜ਼ਾਰ ਨੌਕਰੀਆਂ ਦਿੱਤੀਆਂ ਹਨ, ਜਦਕਿ ਸੱਚਾਈ ਇਹ ਹੈ ਕਿ ਸਿੱਖਿਆ ਵਿਭਾਗ ਵਿੱਚ ਇੱਕ ਵੀ ਨਵੀਂ ਅਸਾਮੀ ਨਹੀਂ ਕੱਢੀ ਗਈ।
ਇਸ ਲਈ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰਨ, ਉਮਰ ਹੱਦ ਛੋਟ ਦੇਣ, 55 ਫੀਸਦੀ ਬੇਤੁਕੀ ਸ਼ਰਤ ਰੱਦ ਕਰਵਾਉਣ, ਆਰਟ ਐਂਡ ਕਰਾਫਟ ਦੀ ਲਿਖਤੀ ਪ੍ਰੀਖਿਆ ਕਰਵਾਉਣ ਅਤੇ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ ਲਈ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਰੁਜ਼ਗਾਰ ਮੰਗਦੇ ਹੋਏ ਸੰਘਰਸ਼ੀ ਲੋਹੜੀ ਮਨਾਈ ਜਾਵੇਗੀ।
ਉੱਧਰ ਬੇਰੁਜ਼ਗਾਰਾਂ ਦੇ ਮੋਰਚੇ ਦੇ ਸੱਤਵੇਂ ਦਿਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਦਾਤਾ ਸਿੰਘ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਲਈ ਨਵਾਂ ਸਪੀਕਰ ਖਰੀਦ ਕੇ ਦਿੱਤਾ ਗਿਆ। ਇਸ ਮੌਕੇ ਰਾਜਵੀਰ ਕੌਰ, ਸੁਖਪਾਲ ਖਾਨ, ਸ਼ਿੰਦਰਪਾਲ ਕੌਰ, ਮੁਨੀਸ਼ ਫਾਜ਼ਿਲਕਾ ਅਤੇ ਜਤਿੰਦਰ ਸਿੰਘ ਆਦਿ ਹਾਜ਼ਰ ਸਨ।

