ਮਾਸਟਰ ਕਾਡਰ ਦਾ ਪ੍ਰੋਮੋਸ਼ਨ ਕੋਟਾ 75% ਕਰਨਾ ਜਥੇਬੰਦੀ ਦੀ ਵੱਡੀ ਜਿੱਤ-ਡੀ. ਟੀ. ਐਫ਼.
ਮਾਸਟਰ ਕਾਡਰ ਦਾ ਪ੍ਰੋਮੋਸ਼ਨ ਕੋਟਾ 75% ਕਰਨਾ ਜਥੇਬੰਦੀ ਦੀ ਵੱਡੀ ਜਿੱਤ-ਡੀ. ਟੀ. ਐਫ਼.
ਐੱਸ. ਈ. ਐੱਸ. ਨਗਰ, 31 ਦਸੰਬਰ 2025
ਪ੍ਰਿੰਸੀਪਲ ਦੀ ਪ੍ਰੋਮੋਸ਼ਨ ਵਿੱਚ 75% ਕੋਟਾ ਕਰਵਾਉਣ ਤੋਂ ਬਾਅਦ ਅੱਜ ਹੈਡਮਾਸਟਰ ਦੀ ਪ੍ਰੋਮੋਸ਼ਨ ਵਿੱਚ ਵੀ 75% ਕੋਟਾ ਕਰਨ ਦੇ ਰੂਲਾਂ ਦਾ ਨੋਟੀਫਿਕੇਸ਼ਨ ਅੱਜ ਸਿੱਖਿਆ ਵਿਭਾਗ ਵੱਲੋਂ ਕਰ ਦਿੱਤਾ ਗਿਆ ਹੈ |
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਸਾਲ 2018 ਵਿੱਚ ਤਾਨਾਸ਼ਾਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੁਢਰ ਢੰਗ ਨਾਲ ਪ੍ਰਿੰਸੀਪਲ, ਹੈਡਮਾਸਟਰ ਅਤੇ ਬੀ.ਪੀ. ਈ. ਓ. ਲਈ ਪ੍ਰੋਮੋਸ਼ਨ ਕੋਟਾ 75% ਤੋਂ ਘਟਾ ਕੇ 50% ਕਰ ਦਿੱਤਾ ਸੀ ਅਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਸ ਕੋਟੇ ਨੂੰ 75% ਕਰਵਾਉਣ ਲਈ ਲਗਾਤਾਰ ਸੱਤ ਸਾਲ ਤੋਂ ਲੜਾਈ ਲੜ ਰਿਹਾ ਸੀ |
ਆਖਿਰ ਹੁਣ ਜਥੇਬੰਦੀ ਦਾ ਦਬਾਅ ਹੇਠ ਸਿੱਖਿਆ ਵਿਭਾਗ ਨੇ 2018 ਵਾਲੇ ਨਿਯਮ ਬਦਲ ਕੇ ਦੁਬਾਰਾ ਪ੍ਰੋਮੋਸ਼ਨ ਦਾ ਕੋਟਾ 75% ਕਰ ਦਿੱਤਾ ਸੀ ਅਤੇ ਪ੍ਰਿੰਸੀਪਲ ਦੇ ਨਵੇਂ ਰੂਲਜ਼ ਦੇ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਅੱਜ ਹੈਡਮਾਸਟਰ ਦੇ 75% ਪ੍ਰੋਮੋਸ਼ਨ ਕੋਟਾ ਕਰਨ ਦੇ ਰੂਲਜ਼ ਦਾ ਵੀ ਨੋਟੀਫਿਕੇਸ਼ਨ ਹੋ ਗਿਆ ਹੈ |
ਆਗੂਆਂ ਨੇ ਇਸ ਨੂੰ ਜਥੇਬੰਦੀ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ | ਆਗੂਆਂ ਨੇ ਕਿਹਾ ਕਿ ਇਹਨਾਂ ਸੋਧੇ ਹੋਏ ਰੂਲਜ਼ ਨਾਲ ਸਕੂਲਾਂ ਨੂੰ ਤਜ਼ਰਬੇਕਾਰ ਪ੍ਰਿੰਸੀਪਲ, ਹੈਡਮਾਸਟਰ ਅਤੇ ਬੀ. ਪੀ. ਈ.ਓਜ਼. ਮਿਲਣਗੇ|
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਸਕੂਲਾਂ ਵਿੱਚ 50% ਤੋਂ ਵੱਧ ਪ੍ਰਿੰਸੀਪਲ, ਹੈਡਮਾਸਟਰ ਅਤੇ ਬੀ. ਪੀ. ਈ. ਓਜ਼. ਦੀਆਂ ਪੋਸਟਾਂ ਖਾਲੀ ਪਈਆਂ ਹਨ |
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਪਈਆਂ ਪੋਸਟਾਂ ਉੱਪਰ ਤੁਰੰਤ ਪ੍ਰੋਮੋਸ਼ਨ ਕੋਟੇ ਅਨੁਸਾਰ ਪ੍ਰੋਮੋਸ਼ਨਾਂ ਕੀਤੀਆਂ ਜਾਣ|ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਬੀ. ਪੀ. ਈ. ਓਜ਼. ਦੇ ਸੋਧੇ ਰੂਲਾਂ ਦਾ ਨੋਟੀਫਿਕੇਸ਼ਨ ਵੀ ਤੁਰੰਤ ਕੀਤਾ ਜਾਵੇ|

