ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ! ਸਾਲ-2025 ਅਧਿਆਪਕਾਂ ਦਾ ਗੈਰ ਵਿਦਿਅਕ ਡਿਊਟੀਆਂ ਕਰਦਿਆਂ ਲੰਘਿਆ
ਸਾਲ 2025 ਅਧਿਆਪਕਾਂ ਦਾ ਗੈਰ ਵਿਦਿਅਕ ਡਿਊਟੀਆਂ ਕਰਦਿਆਂ ਲੰਘਿਆ
ਸਰਕਾਰ ਵੱਲੋਂ ਕੀਤੇ “ਸਿੱਖਿਆ ਕ੍ਰਾਂਤੀ” ਦੇ ਦਾਅਵੇ ਹੋਏ ਪੂਰਨ ਤੌਰ ‘ਤੇ ਖੋਖਲੇ ਸਾਬਤ
ਚੰਡੀਗੜ੍ਹ, 31-12-2025
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੋ ਮੁੱਦਿਆਂ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਚੋਣਾਂ ਲੜੀਆਂ ਅਤੇ ਜਿੱਤੀਆਂ ਗਈਆਂ ਪ੍ਰੰਤੂ ਸੱਤਾ ਵਿੱਚ ਆਉਣ ਤੋਂ ਬਾਅਦ ਦੋਨੋਂ ਮੋਰਚਿਆਂ ਉਪਰ ਸਰਕਾਰ ਫੇਲ੍ਹ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ।
ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਦਾਅਵਿਆਂ ਦੇ ਉਲਟ ਪੂਰਾ ਸਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਥਾਂ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮ ਵਿੱਚ ਲਗਾ ਕੇ ਰੱਖਿਆ ਗਿਆ।
ਸਾਲ 2025 ਦੇ ਸੈਸ਼ਨ ਦੇ ਮੁੱਢਲੇ ਦੌਰ ਵਿੱਚ ਸਕੂਲਾਂ ਵਿੱਚ ਨੀਂਹ ਪੱਥਰ ਲਗਾਉਣ ਦੇ ਨਾਂ ਤੇ ਅਧਿਆਪਕਾਂ ਨੂੰ ਪੜ੍ਹਨ ਪੜ੍ਹਾਉਣ ਦੇ ਕੰਮ ਤੋਂ ਦੂਰ ਰੱਖਿਆ ਗਿਆ। ਉਸ ਤੋਂ ਬਾਅਦ “ਮਿਸ਼ਨ ਸਮਰੱਥ” ਅਤੇ ਸੀ ਈ ਪੀ ਵਰਗੇ ਗੈਰ ਮਿਆਰੀ ਪ੍ਰੋਜੈਕਟ ਨੂੰ ਲਾਗੂ ਕਰ ਕੇ ਬੱਚਿਆਂ ਨੂੰ ਵਿਗਿਆਨਕ ਅਤੇ ਮਨੋਵਿਗਿਆਨਕ ਤਰੀਕੇ ਨਾਲ ਦਿੱਤੀ ਜਾਣ ਵਾਲੀ ਵਿੱਦਿਅਕ ਪ੍ਰਣਾਲੀ ਤੋਂ ਦੂਰ ਧੱਕ ਦਿੱਤਾ ਅਤੇ ਅੰਕੜੇ ਇਕੱਠੇ ਕਰਨ ਤੱਕ ਸੀਮਤ ਕਰ ਦਿੱਤਾ ਗਿਆ। ਸਰਕਾਰ ਨੇ 20000 ਤੱਕ ਦੇ ਕਰੀਬ ਅਧਿਆਪਕ ਬੀ ਐੱਲ ਓ ਦੀ ਪੱਕੀ ਡਿਊਟੀ ਤੇ ਲਗਾਈ ਹੋਈ ਹੈ।
ਸਿਰਫ ਇਥੇ ਤੱਕ ਹੀ ਸੀਮਤ ਨਹੀਂ ਫਿਰੋਜ਼ਪੁਰ, ਮਾਲੇਰਕੋਟਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਣ ਤੋਂ ਰੋਕਣ ਤੇ ਵਿੱਚ ਅਧਿਆਪਕਾਂ ਨੂੰ ਲਗਾਉਣ ਦੇ ਆਰਡਰ ਜਾਰੀ ਕੀਤੇ ਗਏ ਅਤੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਗਏ। ਫਿਰੋਜ਼ਪੁਰ ਵਿੱਚ 200 ਦੇ ਕਰੀਬ ਅਧਿਆਪਕਾਂ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਲੁਧਿਆਣਾ ਵਿੱਚ 86 ਦੇ ਕਰੀਬ ਚੋਣਾਂ ਦੌਰਾਨ ਨੋਟਿਸ ਜਾਰੀ ਕਰਕੇ ਕਾਰਵਾਈ ਕਰਨ ਦੀ ਧਮਕੀ ਦਿੱਤੀ ਗਈ। ਫਾਜ਼ਿਲਕਾ ਵਿੱਚ 3 ਅਧਿਆਪਕਾਂ ਖਿਲਾਫ ਪਰਚਾ ਦਰਜ ਕਰਨ ਦੇ ਫੁਰਮਾਨ ਜਾਰੀ ਕੀਤੇ। ਦਸੰਬਰ ਮਹੀਨੇ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਏਨੇ ਵੱਡੇ ਪੱਧਰ ਤੇ ਲਗਾਈਆਂ ਗਈਆਂ ਕਿ ਕਈ ਸਕੂਲ ਹੀ ਖਾਲੀ ਕਰ ਦਿੱਤੇ ਗਏ।
ਇਹ ਡਿਊਟੀਆਂ ਲੋਕਲ ਬਲਾਕਾਂ ਵਿੱਚ ਲਾਉਣ ਦੀ ਥਾਂ ਦੂਰ ਦੁਰੇਡੇ ਡਿਊਟੀਆਂ ਲਗਾਈਆਂ ਗਈਆਂ ਜਿਸਦੀ ਕੀਮਤ ਦੋ ਅਧਿਆਪਕਾਂ ਨੂੰ ਆਪਣੀ ਜਾਨ ਗਵਾ ਕੇ ਚੁਕਾਉਣੀ ਪਈ ਅਤੇ ਕਈ ਥਾਵਾਂ ਉਪਰ ਅਧਿਆਪਕ ਫੱਟੜ ਹੋਏ।ਕੁੱਲ ਮਿਲਾ ਕੇ ਵੱਡੇ ਵੱਡੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਸਾਲ 2025 ਅਧਿਆਪਕਾਂ ਲਈ ਗੈਰ ਵਿੱਦਿਅਕ ਡਿਊਟੀਆਂ ਤੋਂ ਕੋਈ ਛੋਟ ਲੈ ਕੇ ਨਹੀਂ ਆਇਆ ਸਗੋਂ ਪੂਰੇ ਸਾਲ ਦੌਰਾਨ ਅਧਿਆਪਕ ਗੈਰ ਵਿੱਦਿਅਕ ਡਿਊਟੀਆਂ ਨਾਲ ਜੂਝਦੇ ਰਹੇ ਅਤੇ ਅਧਿਆਪਨ ਕਾਰਜ਼ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਰਿਹਾ।

