ਵੱਡੀ ਖ਼ਬਰ: ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਫਿਰ ਬਣੇ ਹੜ੍ਹ ਵਰਗੇ ਹਲਾਤ! ਹਰੀਕੇ ਹੈੱਡ ਤੋਂ ਖੋਲ੍ਹੇ ਗਏ ਫਲੱਡ ਗੇਟ- ਫ਼ਸਲਾਂ ਚ ਭਰਿਆ ਪਾਣੀ

All Latest NewsNews FlashPunjab NewsTop BreakingTOP STORIES

 

ਵੱਡੀ ਖ਼ਬਰ: ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਫਿਰ ਬਣੇ ਹੜ੍ਹ ਵਰਗੇ ਹਲਾਤ, ਹਰੀਕੇ ਹੈੱਡ ਤੋਂ ਖੋਲ੍ਹੇ ਗਏ ਫਲੱਡ ਗੇਟ- ਫ਼ਸਲਾਂ ਚ ਭਰਿਆ ਪਾਣੀ

ਤਰਨ ਤਾਰਨ/ਪੱਟੀ

ਪੱਟੀ ਅਧੀਨ ਪੈਂਦੇ ਕਸਬਾ ਹਰੀਕੇ ਹੈੱਡ ਤੋਂ ਪ੍ਰਸ਼ਾਸਨ ਵੱਲੋਂ ਅਚਾਨਕ ਦਰਿਆ ਦੇ ਤਿੰਨ ਦਰ ਖੋਲ੍ਹ ਦਿੱਤੇ ਜਾਣ ਕਾਰਨ ਹੇਠਲੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਖ਼ਤਰਨਾਕ ਤਰੀਕੇ ਨਾਲ ਵਧ ਗਿਆ ਹੈ।

ਇਸ ਕਾਰਨ ਦਰਿਆ ਦੇ ਨਾਲ ਲੱਗਦੇ ਖੇਤਾਂ ਵਿੱਚ ਬੀਜੀ ਹੋਈ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਡਰ ਸਤਾ ਰਿਹਾ ਹੈ।

ਇਸ ਸਬੰਧੀ ਰੋਸ ਪ੍ਰਗਟ ਕਰਦਿਆਂ ‘ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ’ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਅਤੇ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਸਾਲ 2025 ਵਿੱਚ ਭਾਰੀ ਬਾਰਿਸ਼ਾਂ ਅਤੇ ਹੜ੍ਹਾਂ ਕਾਰਨ ਪੱਟੀ ਖੇਤਰ ਦੇ ਲੋਕ ਪਹਿਲਾਂ ਹੀ ਬਹੁਤ ਮਾਰ ਝੱਲ ਚੁੱਕੇ ਹਨ।

ਉਨ੍ਹਾਂ ਹੈਰਾਨੀ ਜਤਾਈ ਕਿ ਹੁਣ ਨਾ ਤਾਂ ਕਿਧਰੇ ਬਾਰਿਸ਼ ਹੋਈ ਹੈ ਅਤੇ ਨਾ ਹੀ ਪਿਛਲੇ ਪਾਸਿਓਂ ਕਿਸੇ ਡੈਮ ਦਾ ਪਾਣੀ ਛੱਡਿਆ ਗਿਆ ਹੈ, ਫਿਰ ਵੀ ਪ੍ਰਸ਼ਾਸਨ ਵੱਲੋਂ ਹਰੀਕੇ ਹੈੱਡ ਦੇ ਦਰ ਖੋਲ੍ਹ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ।

ਕਣਕ ਦੀਆਂ ਉੱਗੀਆਂ ਹੋਈਆਂ ਫ਼ਸਲਾਂ ਵਿੱਚ ਪਾਣੀ ਭਰ ਜਾਣ ਕਾਰਨ ਫ਼ਸਲ ਦੇ ਗਲਣ ਦਾ ਖ਼ਤਰਾ ਬਣ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਦੇ ਤੇਜ਼ ਵਹਾਅ ਨਾਲ ਖੇਤਾਂ ਵਿੱਚ ਫਿਰ ਤੋਂ ਰੇਤ ਭਰ ਜਾਵੇਗੀ, ਜਿਸ ਕਾਰਨ ਜ਼ਮੀਨਾਂ ਬੰਜਰ ਹੋਣ ਦਾ ਡਰ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਉਹ ਪਹਿਲਾਂ ਹੀ 19 ਦਿਨਾਂ ਤੋਂ ਧਰਨੇ ‘ਤੇ ਬੈਠੇ ਹਨ। ਕਈ ਕਿਸਾਨਾਂ ਦੀਆਂ ਜ਼ਮੀਨਾਂ ਵਿੱਚੋਂ ਅਜੇ ਪਿਛਲੀ ਰੇਤ ਵੀ ਨਹੀਂ ਨਿਕਲੀ।

ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਹਰੀਕੇ ਹੈੱਡ ਦੇ ਖੋਲ੍ਹੇ ਗਏ ਦਰਾਂ ਨੂੰ ਤੁਰੰਤ ਬੰਦ ਕੀਤਾ ਜਾਵੇ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪਾਣੀ ਦਾ ਵਹਾਅ ਨਾ ਰੋਕਿਆ ਗਿਆ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਹੋਰ ਨੁਕਸਾਨ ਹੋਇਆ, ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।

 

Media PBN Staff

Media PBN Staff