ਬਿਜਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਦੇ ਕੇ ਦੂਜੇ ਦਿਨ ਪੰਜਾਬ ਭਰ ‘ਚ ਡਵੀਜ਼ਨਾਂ ਦਫਤਰਾਂ ਅੱਗੇ ਰੋਸ ਰੈਲੀਆਂ
ਬਿਜਲੀ ਹਾਦਸਿਆਂ ਨਾਲ ਕਾਮਿਆਂ ਦੀਆਂ ਹੋ ਰਹੀਆਂ ਮੌਤਾਂ ਤੇ ਵਾਰਸਾਂ ਨੂੰ ਇਕ ਕਰੋੜ ਮੁਆਵਜ਼ਾ ਦੇਣ ਦੀ ਮੰਗ
ਦਲਜੀਤ ਕੌਰ, ਚੰਡੀਗੜ੍ਹ/ਪਟਿਆਲਾ
ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋ ਬਿਜਲੀ ਕਾਮਿਆਂ ਦੀਆਂ ਵਾਜਿਬ ਮੰਨੀਆਂ ਹੋਈਆਂ ਮੰਗਾਂ ਲਾਗੂ ਨਾਂ ਕਰਨ ਦੇ ਖਿਲਾਫ਼ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੇ ਸੱਦੇ ਤੇ ਪਾਵਰਕਾਮ ਦੇ ਸਮੁੱਚੇ ਡਵੀਜ਼ਨਾਂ ਦਫਤਰਾਂ ਵਿੱਚ ਬਿਜਲੀ ਕਾਮਿਆਂ ਵੱਲੋਂ ਅੱਜ ਦੂਸਰੇ ਦਿਨ ਵੀ ਸਮੂਹਿਕ ਛੁੱਟੀ ਲੈ ਕੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦੇਦਿਆਂ ਸੂਬਾਈ ਆਗੂ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬਿਜਲੀ ਮੰਤਰੀ ਨਾਲ ਮੁਲਾਜ਼ਮ ਮੰਗਾਂ ਤੇ ਹੋਈਆਂ ਸਹਿਮਤੀਆਂ ਅਨੁਸਾਰ ਡਿਊਟੀ ਦੌਰਾਨ ਘਾਤਕ ਹਾਦਸੇ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪੀੜਤ ਪਰਿਵਾਰਾਂ ਨੂੰ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਸਮੇਤ ਕਾਮੇ ਨੂੰ ਸ਼ਹੀਦ ਦਾ ਦਰਜਾ ਦੇਣ, ਹਾਦਸੇ ਦਾ ਸ਼ਿਕਾਰ ਹੋਏ ਕਾਮੇ ਨੂੰ ਕੈਸ਼ ਲੈਸ ਇਲਾਜ ਦੀ ਸੁਵਿਧਾ ਲਾਗੂ ਕਰਨ, ਹਾਦਸੇ ਦੌਰਾਨ ਕਰਮਚਾਰੀ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਸਬੰਧਤ ਕਰਮਚਾਰੀ (ਜੇ ਈ, ਲ. ਮ, ਸ. ਲ. ਮ ਆਦਿ ) ਦੇ ਨਾਂ ਉੱਪਰ ਬਿਨਾਂ ਪੜਤਾਲ ਕੀਤੇ ਐੱਫਆਈਆਰ ਦਰਜ਼ ਕਰਨ ਦੀ ਪਿਰਤ ਬੰਦ ਕਰਨ, ਹਜਾਰਾਂ ਦੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ, ਆਰ ਟੀ ਐੱਮ ਦੀ ਤਰੱਕੀ ਤੁਰੰਤ ਕਰਨ, ਓ ਸੀ ਕੈਟਾਗਰੀ ਨੂੰ ਪੇ ਬੈਂਡ ਦੇਣ, ਸਲਮ ਤੋਂ ਲ ਮ ਦੀ ਤਰੱਕੀ ਕਰਨ, ਬਾਕੀ ਸਾਰੀਆਂ ਕੈਟੇਗਰੀਆਂ ਦੀਆਂ ਤਰੱਕੀਆਂ ਵਿੱਚ ਆਈ ਖੜੋਤ ਦੂਰ ਕਰਨ, ਇਨ ਹਾਊਸ ਕਾਂਟ੍ਰੈਕਟ ਕਾਮਿਆਂ ਨੂੰ ਰੈਗੂਲਰ ਕਰਨ।
ਸੋਧੇ ਭੱਤਿਆਂ ਦਾ 32 ਮਹੀਨੇ ਦਾ ਬਕਾਇਆ ਜਾਰੀ ਕਰਨ, ਰਹਿੰਦੇ ਭੱਤੇ ਜਿਵੇਂ ਹਾਰਡਸ਼ਿਪ ਭੱਤਾ ਆਦਿ ਨੂੰ ਸੋਧ ਕੇ ਲਾਗੂ ਕਰਨ, ਪੁਨਰ ਗਠਨ ਦੇ ਨਾਮ ਤੇ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਤੋਂ ਬਹਾਲ ਕਰਨ, 295/19 ਵਾਲੇ ਕਾਮਿਆਂ ਨੂੰ ਪੂਰੀ ਤਨਖਾਹ ਜਾਰੀ ਕਰਨ, 17 ਜੁਲਾਈ 2020 ਤੋਂ ਪਹਿਲਾਂ ਤਰਸ ਦੇ ਆਧਾਰ ਤੇ ਪ੍ਰਤੀ ਬੇਨਤੀ ਦੇਣ ਵਾਲੇ ਕਰਮਚਾਰੀਆਂ ਉੱਪਰ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ ਅਤੇ ਵਿੱਤ ਵਿਭਾਗ ਪੰਜਾਬ ਸਰਕਾਰ ਨਾਲ ਸਬੰਧਤ ਮਸਲੇ ਜਿਵੇਂ 23 ਸਾਲਾ ਅਡਵਾਂਸ ਤਰੱਕੀ ਦਾ ਮਿਲਾਨ ਤੀਸਰੀ ਤਰੱਕੀ ਸਮੇਂ ਕਰਨ, 01ਨਵੰਬਰ 2021 ਤੋਂ ਬਾਅਦ ਸਮਾਂਬੱਧ ਸਕੇਲ ਲਾਗੂ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਕਰਮਚਾਰੀਆਂ ਉੱਪਰ ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ।
ਸੋਧੇ ਸਕੇਲਾਂ ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਤਰੱਕੀ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਆਈਆਂ ਤਰੁੱਟੀਆਂ ਦੂਰ ਕਰਨ ਆਦਿ ਮੰਗਾਂ ਲਈ 15 ਅਗਸਤ ਤੱਕ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਮੰਨੀਆਂ ਮੰਗਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਗਾਂ ਮੰਨਣ ਤੋਂ ਮੁਨਕਰ ਹੋ ਗਏ ਹਨ, ਮੰਗਾਂ ਲਾਗੂ ਕਰਨ ਦੀ ਥਾਂ ਤੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਐਸਮਾਂ ਵਰਗੇ ਕਾਲੇ ਕਾਨੂੰਨਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਅਣ-ਅਧਿਕਾਰਤ ਦਫ਼ਤਰੀ ਕਾਮਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਗਰਿੱਡ ਸਬ ਸਟੇਸ਼ਨ ਉੱਪਰ ਡਿਊਟੀ ਲਗਾਈ ਜਾ ਰਹੀ ਹੈ, ਏਥੋਂ ਤੱਕ ਕਿ ਮਹਿਲਾ ਕਰਮਚਾਰੀਆਂ ਨੂੰ ਵੀ ਦੂਰ ਦੁਰਾਡੇ ਗਰਿੱਡਾਂ ਉੱਪਰ ਤੈਨਾਤ ਕੀਤਾ ਜਾ ਰਿਹਾ ਹੈ, ਪਰਖ਼ ਕਾਲ ਸਮੇਂ ਵਾਲੇ ਮੁਲਾਜ਼ਮਾਂ ਨੂੰ ਧਮਕੀਆਂ ਦੇ ਕੇ ਗਰਿੱਡਾਂ ਉੱਪਰ ਤਾਇਨਾਤ ਕੀਤਾ ਜਾ ਰਿਹਾ ਹੈ।
ਜਿਸ ਕਰਕੇ ਬਿਜਲੀ ਮੁਲਾਜ਼ਮਾਂ ਵਿਚ ਰੋਸ ਵੱਧ ਰਿਹਾ ਹੈ ਅਤੇ ਮੈਨੇਜਮੈਂਟ/ਪੰਜਾਬ ਸਰਕਾਰ ਪ੍ਰਤੀ ਬੇ ਵਿਸ਼ਵਾਸੀ ਦਾ ਮਾਹੌਲ ਹੈ, ਇਸ ਲਈ ਬਿਜਲੀ ਕਾਮੇ 21 ਅਗਸਤ ਤੋਂ ਲਗਾਤਾਰ ਵਰਕ ਟੂ ਰੂਲ ਤਹਿਤ ਅਪਣੀ ਬਣਦੀ 8 ਘੰਟੇ ਦੀ ਡਿਊਟੀ ਹੀ ਕਰ ਰਹੇ ਹਨ ਅਤੇ 30 ਸਤੰਬਰ ਤੱਕ ਵਰਕ ਟੂ ਰੂਲ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਮਿਤੀ 11-09-24 ਨੂੰ ਲਗਾਤਾਰ ਦੂਸਰੇ ਦਿਨ ਲਗਾਤਾਰ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਫੀਲਡ ਦੌਰੇ ਦੌਰਾਨ ਬਿਜਲੀ ਮੰਤਰੀ ਸਮੇਤ ਪੂਰੀ ਮੈਨੇਜਮੈਂਟ/ਡਾਇਰੈਕਟਰਾਂ ਖਿਲਾਫ਼ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ।
ਜਥੇਬੰਦੀ ਦੇ ਸੂਬਾਈ ਆਗੂਆਂ ਸਾਥੀ ਬਲਦੇਵ ਸਿੰਘ ਮੰਢਾਲੀ, ਸਰਬਜੀਤ ਸਿੰਘ ਭਾਣਾ, ਕੁਲਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਪਿਸੌਰ, ਸੁਰਿੰਦਰ ਪਾਲ ਲਾਹੌਰੀਆ, ਪੂਰਨ ਸਿੰਘ ਖਾਈ, ਜਗਜੀਤ ਸਿੰਘ ਕੋਟਲੀ, ਕੌਰ ਸਿੰਘ ਸੋਹੀ, ਜਗਜੀਤ ਸਿੰਘ ਕੰਡਾ, ਮਨਜੀਤ ਸਿੰਘ ਚਾਹਲ, ਗੁਰਪਿਆਰ ਸਿੰਘ, ਗੁਰਤੇਜ ਸਿੰਘ ਪੱਖੋ, ਗੁਰਵਿੰਦਰ ਸਿੰਘ ਹਜਾਰਾ, ਰਘਵੀਰ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ , ਹਰਮਨਦੀਪ, ਸੁਖਵਿੰਦਰ ਸਿੰਘ ਦੁੱਮਣਾ, ਗਰੀਸ਼ ਮਹਾਜਨ, ਰਛਪਾਲ ਸਿੰਘ ਪਾਲੀ, ਸੁਖਵਿੰਦਰ ਸਿੰਘ ਚਾਹਲ, ਰਵੇਲ ਸਿੰਘ ਸਹਾਏਪੁਰ, ਬਲਜੀਤ ਸਿੰਘ ਮੋਦਲਾ, ਅਵਤਾਰ ਸਿੰਘ ਕੈਂਥ, ਅਵਤਾਰ ਸਿੰਘ ਸ਼ੇਰਗਿੱਲ, ਮਹਿੰਦਰ ਸਿੰਘ ਰੂੜੇਕੇ, ਬਲਜੀਤ ਸਿੰਘ ਬਰਾੜ, ਬਰਜਿੰਦਰ ਸ਼ਰਮਾ ਆਦਿ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ/ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟਕਰਾਅ ਦੀ ਨੀਤੀ ਛੱਡ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਲਦੀ ਲਾਗੂ ਕੀਤੀਆਂ ਜਾਣ ਨਹੀਂ ਤਾਂ ਇਸ ਸੰਘਰਸ਼ ਵਿੱਚ ਹੋਰ ਵਾਧਾ ਕੀਤਾ ਜਾਵੇਗਾ, ਜਿਸ ਨਾਲ ਸਮੁੱਚਾ ਬਿਜਲੀ ਤੰਤਰ ਪ੍ਰਭਾਵਿਤ ਹੋਵੇਗਾ। ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ। ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾਈ ਲੀਡਰਸ਼ਿਪ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਦਾ ਇਸ ਸੰਘਰਸ਼ ਦੇ ਸਮਰਥਨ ਕਰਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।