ਕੰਪਿਊਟਰ ਅਧਿਆਪਕਾਂ ਨੇ ਕੀਤਾ ਵੱਡਾ ਐਲਾਨ, ਖਟਕੜ ਕਲਾਂ ਵਿਖੇ CM ਭਗਵੰਤ ਮਾਨ ਦਾ ਕਰਨਗੇ ਘਿਰਾਓ
“ਮੀਟਿੰਗਾਂ ਅਤੇ ਸਰਕਾਰ ਦੇ ਐਲਾਨਾ ਦੇ ਬਾਵਜੂਦ ਨਹੀਂ ਕੀਤਾ ਜਾ ਰਿਹਾ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਹੱਲ ”
ਪ੍ਰਮੋਦ ਭਾਰਤੀ, ਨਵਾਂਸ਼ਹਿਰ
ਪੰਜਾਬ ਸਰਕਾਰ ਤੇ ਝੂਠੇ ਲਾਰਿਆ ਅਤੇ ਸਰਕਾਰੀ ਤੌਰ ਤੇ ਕੀਤੇ ਅਲਾਨਾ ਦੇ ਬਾਵਜੂਦ ਵੀ ਕੰਪਿਊਟਰ ਅਧਿਆਪਕਾਂ ਦੇ ਮਸਲਿਆ ਦਾ ਹੱਲ ਨਹੀ ਕੀਤਾ ਜਾ ਰਿਹਾ ਜਿਸ ਦੋ ਰੋਸ ਵਜੋਂ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ 28 ਸਤੰਬਰ ਨੂੰ ਖਟਕੜ੍ਹ ਕਲਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ।
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਸੂਬਾ ਜੁਆਇੰਟ ਸਕੱਤਰ ਰਾਜਵਿੰਦਰ ਲਾਖਾ ਨੇ ਸਾਂਝੇ ਤੌਰ ਤੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਕਿਹਾ ਗਿਆ।ਪੰਜਾਬ ਸਰਕਾਰ ਦੀ ਟਾਲ- ਮਟੋਲ ਦੀ ਨੀਤੀ ਤੋਂ ਨਿਰਾਸ਼ ਅਤੇ ਅੱਕੇ ਕੰਪਿਊਟਰ ਅਧਿਆਪਕ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੱਕ- ਸੱਚ ਦੀ ਅਵਾਜ ਬੁਲੰਦ ਕਰਨ ਖਾਤਰ ਅਤੇ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਉਣ ਲਈ ਖਟਕੜ ਕਲਾਂ, ਨਵਾ ਸ਼ਹਿਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਰਾਓ ਕਰਨ ਦਾ ਫੈਸਲਾ ਲਿਆ ਗਿਆ।
ਬੇਸ਼ੱਕ ਸਤੰਬਰ 2022 ਅਤੇ ਬਾਅਦ ਵਿੱਚ ਅਨੇਕਾਂ ਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਖਬਾਰਾਂ, ਸ਼ੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੇ ਵੱਖ-2 ਮੰਚਾਂ ਤੇ ਕੰਪਿਊਟਰ ਅਧਿਆਪਕਾਂ ਨੁੰ ਦੀਵਾਲੀ ਦੇ ਮੌਕੇ ਤੇ ਬਣਦੇ ਲਾਭ ਦੇਣ ਦਾ ਐਲਾਨ ਕੀਤਾ ਸੀ ਜੋ 3 ਸਾਲ ਬੀਤ ਜਾਣ ਉਪਰੰਤ ਵੀ ਪੂਰਾ ਨਹੀਂ ਕੀਤਾ ਗਿਆ।ਜਿਕਰਯੋਗ ਹੈ ਕਿ ਜੁਲਾਈ 2011 ਨੂੰ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਸੇਵਾਵਾਂ ਤਹਿਤ ਰੈਗੂਲਰ ਕੀਤਾ ਗਿਆ ਪਰ ਅੱਜ ਤੱਕ ਇਹ ਨੋਟੀਫਿਕੇਸ਼ਨ ਪੂਰਨ ਤੌਰ ਤੇ ਕੰਪਿਊਟਰ ਅਧਿਆਪਕਾਂ ਤੇ ਲਾਗੂ ਨਹੀ ਕੀਤਾ ਗਿਆ।
ਜੱਥੇਬੰਦੀ ਦੇ ਆਗੂਆ ਨੇ ਜਾਣਕਾਰੀ ਦਿੰਦਿਆ ਕਿਹਾ ਕੰਪਿਊਟਰ ਅਧਿਆਪਕਾਂ ਦਾ 6ਵਾਂ ਤਨਖਾਹ ਕਮਿਸ਼ਨ , ਏ.ਸੀ.ਪੀ. ਅਤੇ ਹੋਰ ਵਿੱਤੀ ਲਾਭ ਜਬਰੀ ਰੋਕੇ ਹਨ ਜਿਨਾਂ ਨੂੰ ਤਰੂੰਤ ਲਾਗੂ ਕੀਤਾ ਜਾਵੇ ,90 ਦੇ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਦੇ ਪਰਿਵਾਰ ਜੋ ਸੜਕਾਂ ਤੇ ਰੁੱਲ ਰਹੇ ਹਨ, ਪੰਜਾਬ ਸਰਕਾਰ ਨੇ ਉਹਨਾਂ ਨੂੰ ਨਾ ਹੀ ਨੌਕਰੀ ਦਿੱਤੀ, ਨਾ ਹੀ ਇੱਕ ਧੇਲੇ ਦੀ ਸਹਾਇਤਾ ਕੀਤੀ ਗਈ ।ਜੇਕਰ ਪੰਜਾਬ ਸਰਕਾਰ ਇਸ ਸਮੇਂ ਦੌਰਾਨ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਲੈ ਆਉਂਦੀ ਤਾਂ ਆਉਣ ਵਾਲੀਆਂ ਜਿਮਨੀ ਚੋਣਾਂ ਦੌਰਾਨ ਪੋਲ ਖੋਲ ਰੈਲੀਆ ਕੀਤੀ ਜਾਣਗੀ । ਜਿਸ ਦੀ ਸਮੁੱਚੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।