ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਬਿਜਲੀ ਗਰਿੱਡ ਝੋਕ ਟਹਿਲ ਸਿੰਘ ਵਾਲਾ ਵਿਖੇ ਦਿੱਤਾ ਧਰਨਾ
26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ – ਗੁਰਨਾਮ ਚੱਕ ਸੋਮੀਆ
ਪੰਜਾਬ ਨੈੱਟਵਰਕ, ਗੁਰੂਹਰਸਹਾਏ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਝੋਕ ਮੋਹੜੇ ਵੱਲੋਂ ਅੱਜ ਵੱਖ-ਵੱਖ ਮਸਲਿਆਂ ਨੂੰ ਲੈ ਕੇ ਝੋਕ ਟਹਿਲ ਸਿੰਘ ਵਾਲਾ ਬਿਜਲੀ ਗਰਿੱਡ ਵਿਖੇ ਧਰਨਾ ਦਿੱਤਾ ਗਿਆ।
ਜਿਸ ਦੀ ਅਗਵਾਈ ਜ਼ਿਲੇ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਝੋਕਟਹਿਲ ਸਿੰਘ ਵਾਲਾ ਨੇ ਕੀਤੀ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਵੱਲੋਂ ਬਿਜਲੀ ਮਹਿਕਮੇ ਦੀਆਂ ਧੱਕੇਸ਼ਾਹੀਆਂ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਬਲਾਕ ਦੇ ਪ੍ਰੈਸ ਸਕੱਤਰ ਗੁਰਨਾਮ ਸਿੰਘ ਚੱਕ ਸੋਮੀਆ ਅਵਾਨ ਨੇ ਦੱਸਿਆ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ ਅੰਦਰ ਕਿਸਾਨਾਂ ਨੂੰ ਕੀਤੇ ਗਏ ਨਜਾਇਜ਼ ਜੁਰਮਾਨਿਆਂ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨੂੰ ਮਿਲਿਆ ਗਿਆ ਹੈ।
ਪਰ ਅਧਿਕਾਰੀਆਂ ਵੱਲੋਂ ਕੋਈ ਵੀ ਠੋਸ ਹੱਲ ਨਹੀਂ ਕੱਢਿਆ ਗਿਆ। ਇਸੇ ਤਰ੍ਹਾਂ ਇਲਾਕੇ ਦੇ ਕਿਸਾਨਾਂ ਦੀਆਂ ਖੇਤਾਂ ਦੀਆਂ ਮੋਟਰਾਂ ਦੇ ਟਰਾਂਸਫਾਰਮਰ ਅਤੇ ਬਿਜਲੀ ਖੰਬਿਆਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹਨ।
ਜਿਸ ਦੇ ਚਲਦਿਆਂ ਅੱਜ ਜਥੇਬੰਦੀ ਦੇ ਬਲਾਕ ਝੋਕ ਮੋਹੜੇ ਵੱਲੋਂ ਇੱਕ ਦਿਨਾਂ ਧਰਨਾ ਦੇ ਕੇ ਹਾਜ਼ਰ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਤੇ ਤੁਰੰਤ ਮਸਲੇ ਹੱਲ ਕਰਨ ਲਈ ਚਿਤਾਵਨੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ 26 ਜਨਵਰੀ ਨੂੰ ਇਲਾਕਾ ਗੁਰੂਹਰਸਹਾਇ ਅੰਦਰ ਵਿਸ਼ਾਲ ਟਰੈਕਟਰ ਮਾਰਚ ਕੀਤਾ ਜਾਵੇਗਾ। ਉਨਾਂ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਟਰੈਕਟਰਾਂ ਸਮੇਤ ਇਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਮਹਿਮਾ ਜਿਲਾ ਮੀਤ ਪ੍ਰਧਾਨ ਰਣਜੀਤ ਸਿੰਘ ਝੋਕ ਬਲਾਕ ਆਗੂ ਰੇਸ਼ਮ ਸਿੰਘ ਦਿਲਾਰਾਮ ਸਤਬੀਰ ਸਿੰਘ ਮਿਸ਼ਰੀਵਾਲਾ ਨਿਰਭੈ ਟਾਹਲੀ ਵਾਲਾ ਚਮਕੌਰ ਸਿੰਘ ਮਿਸ਼ਰੀ ਵਾਲਾ ਰਾਜ ਸਿੰਘ ਜੰਗ ਰਜਿੰਦਰ ਸਿੰਘ ਸ਼ਾਮ ਸਿੰਘ ਵਾਲਾ ਗੁਰਨਾਮ ਸਿੰਘ ਚੱਕ ਸੋਮੀਆ ਅਵਾਣ ਸਵਰਨਜੀਤ ਸਿੰਘ ਦਿਲਾ ਰਾਮ ਆਦਿ ਆਗੂਆਂ ਨੇ ਸੰਬੋਧਨ ਕੀਤਾ।