ਇਨਕਲਾਬੀ ਕੇਂਦਰ ਵੱਲੋਂ ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਨ ਮੌਕੇ ਵਿਚਾਰ ਚਰਚਾ
ਦਲਜੀਤ ਕੌਰ, ਬਰਨਾਲਾ
ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮਦਿਨ ਮਨਾਉਣ ਦੀ ਲਗਾਤਾਰਤਾ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੀ ਜਿਲ੍ਹਾ ਕਮੇਟੀ ਬਰਨਾਲਾ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ “ਮੌਜ਼ੂਦਾ ਹਾਲਤ ਅਤੇ ਸ਼ਹੀਦ ਭਗਤ ਸਿੰੰਘ ਦੇ ਵਿਗਿਆਨਕ ਵਿਚਾਰਾਂ ਦੀ ਅਜੋਕੇ ਦੌਰ ਵਿੱਚ ਪ੍ਰਸੰਗਕਤਾ” ਵਿਸ਼ੇ ਸਬੰਧੀ ਚੇਤੰਨ ਆਗੂ ਟੀਮ ਅਧਾਰਤ ਵਿਚਾਰ ਚਰਚਾ ਕਰਵਾਈ ਗਈ।
ਇਸ ਵਿਚਾਰ ਚਰਚਾ ਵਿੱਚ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਨੌਜਵਾਨ ਆਗੂਆਂ ਹਰਪ੍ਰੀਤ ਅਤੇ ਜਗਮੀਤ ਨੇ ਭਗਤ ਸਿੰਘ ਦੁਆਰਾ ਹਾਸਲ ਕੀਤੀ ਵਿਗਿਆਨਕ ਵਿਚਾਰਧਾਰਕ ਸਮਰੱਥਾ ਤੇ ਪ੍ਰਪੱਕਤਾ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ। ਉਨ੍ਹਾਂ ਭਗਤ ਸਿੰਘ ਦੁਆਰਾ ਦਿੱਤੇ ‘ਇਨਕਲਾਬ ਜ਼ਿੰਦਾਬਾਦ-ਸਾਮਰਾਜਵਾਦ ਮੁਰਦਾਬਾਦ’ ਦੇ ਵਿਗਿਆਨਕ ਨਾਹਰੇ ਦੀ ਮੌਜ਼ੂਦਾ ਚਣੌਤੀਆਂ ਭਰੇ ਸਮਾਜ ਵਿੱਚ ਮਹੱਤਤਾ ਦੱਸੀ। ਇਸ ਮਹੱਤਤਾ ਦੀ ਰੌਸ਼ਨੀ ਵਿੱਚ ਇਸ ਨੂੰ ਅਮਲ ਵਿੱਚ ਲਾਗੂ ਕਰਦੇ ਹੋਏ ਬਰਾਬਰਤਾ ਵਾਲਾ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ।
ਉਨ੍ਹਾਂ ਕਿਹਾ ਕਿ ਜਿੱਥੇ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ, ਰਿਸ਼ਵਤਖੋਰੀ, ਭੁੱਖਮਰੀ, ਗਰੀਬੀ, ਮਹਿੰਗਾਈ, ਨਸ਼ੇ, ਗੈਂਗਵਾਦ,ਘਰੇਲੂ ਝਗੜੇ, ਔਰਤਾਂ ਤੇ ਜਬਰ ਆਦਿ ਅਲਾਮਤਾਂ ਲਗਾਤਾਰ ਵਧ ਰਹੀਆਂ ਹਨ, ਉੱਥੇ ਹੀ ਇਹਨੂੰ ਪੈਦਾ ਕਰਨ ਵਾਲੀ ਗੈਰ ਬਰਾਬਰਤਾ ਸਿਖਰਾਂ ਛੋਹ ਰਹੀ ਹੈ। ਇਹ ਸੰਸਾਰ ਪੱਧਰ ਤੇ ਮਨੁੱਖਤਾ ਨੂੰ ਭਿਆਨਕ ਜੰਗਾਂ ਦੀ ਭੱਠੀ ‘ਚ ਝੋਕ ਰਹੀ ਹੈ ਤੇ ਮੁਨਾਫੇ ਦੀ ਅੰਨੀ ਦੌੜ ਵਿੱਚ ਲੱਗਿਆ ਸੰਸਾਰ ਪੱਧਰਾ ਸਰਮਾਏਦਾਰਾ ਸਾਮਰਾਜਵਾਦੀ ਪ੍ਰਬੰਧ ਵਾਤਾਵਰਨ ਦੇ ਸੰਕਟ ਤੇ ਪਰਮਾਣੂ ਹਥਿਆਰਾਂ ਵਰਗੇ ਖ਼ਤਰਿਆਂ ਰਾਹੀਂ ਪੂਰੀ ਧਰਤੀ ਨੂੰ ਭਿਅੰਕਰ ਤਬਾਹੀ ਵੱਲ ਲਿਜਾ ਰਿਹਾ ਹੈ।
ਮੌਜ਼ੂਦਾ ਸਮੇਂ ਫ਼ਲਸਤੀਨ ਤੇ ਯੂਕਰੇਨ ਵਿੱਚ ਚੱਲ ਰਹੀਆਂ ਜੰਗਾਂ ਵਿੱਚ ਮਰ ਰਹੇ ਤੇ ਬੇਘਰ ਹੋ ਰਹੇ ਲੱਖਾਂ ਲੋਕ ਇਸ ਤਬਾਹੀ ਦੀ ਦਰਦਨਾਕ ਮਿਸਾਲ ਹਨ। ਇਨ੍ਹਾਂ ਭਿਆਨਕ ਹਾਲਤਾਂ ਨੂੰ ਪੈਦਾ ਕਰਨ ਵਾਲੇ ਸਾਮਰਾਜੀ ਪ੍ਰਬੰਧ ਨੂੰ ਮੁਰਦਾਬਾਦ ਕਰਨ ਲਈ ਇਨਕਲਾਬ ਨੂੰ ਜ਼ਿੰਦਾਬਾਦ ਕਰਨਾ ਸਮੇਂ ਦੀ ਜਰੂਰੀ ਲੋੜ ਬਣਦੀ ਹੈ, ਜੋ ਕਿ ਵਿਗਿਆਨਕ ਤੌਰ ‘ਤੇ ਚੇਤੰਨ ਲੋਕਾਂ ਦੀ ਸੁਚੱਜੀ ਅਗਵਾਈ ਨਾਲ ਹੀ ਹੋ ਸਕਦਾ ਹੈ। ਇਸ ਲਈ ਸਾਨੂੰ ਵਿਗਿਆਨਕ ਵਿਚਾਰਧਾਰਾ ਅਪਣਾਉਣ ਦੀ ਲੋੜ ਹੈ ਜਿਸ ਨੂੰ ਸ਼ਹੀਦ ਭਗਤ ਸਿੰਘ ਨੇ ਅਪਣਾਇਆ ਤੇ ਜਿਸਦੇ ਪ੍ਰਚਾਰ ਦਾ ਕੰਮ ਉਸਨੇ ਆਪਣੇ ਵਾਰਸਾਂ ਨੂੰ ਕਰਨ ਦਾ ਸੁਨੇਹਾ ਦਿੱਤਾ।
ਇਸ ਸਮੇਂ ਇਸ ਵਿਚਾਰ ਚਰਚਾ ਵਿੱਚ ਸ਼ਾਮਿਲ ਮਨਪ੍ਰੀਤ ਕੌਰ ਦੀਵਾਨਾ, ਪਰਮਜੀਤ ਕੌਰ ਜੋਧਪੁਰ, ਗੁਰਦੇਵ ਮਾਂਗੇਵਾਲ, ਆਦਿ ਆਗੂਆਂ ਨੇ ਵਿਚਾਰ ਚਰਚਾ ਪ੍ਰਤੀ ਆਪਣੇ ਸੁਝਾਅ ਅਤੇ ਆਪਣੇ ਪ੍ਰਭਾਵ ਰੱਖੇ। ਇਸ ਮੌਕੇ ਸੁਖਵਿੰਦਰ ਠੀਕਰੀਵਾਲ ਨੇ ਇਸ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੇ ਫ਼ਰਜ ਖੁਸ਼ਮੰਦਰ ਪਾਲ ਨੇ ਬਾਖੂਬੀ ਨਿਭਾਏ।
ਬਲਦੇਵ ਮੰਡੇਰ, ਨਰਿੰਦਰ ਪਾਲ ਸਿੰਗਲਾ, ਜਗਤਾਰ ਬੈਂਸ, ਮਿਲਖਾ ਸਿੰਘ, ਲਖਵਿੰਦਰ ਠੀਕਰੀਵਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸੇ ਹੀ ਤਰ੍ਹਾਂ ਕੁਰੜ ਅਤੇ ਬੀਹਲਾ ਵਿਖੇ ਵੀ ਚੇਤਨ ਪਰਤ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ। ਨੌਜਵਾਨ ਆਗੂਆਂ ਜਗਮੀਤ ਅਤੇ ਹਰਪ੍ਰੀਤ ਤੋਂ ਇਲਾਵਾ ਸਤਨਾਮ ਮੂੰਮ, ਜਗਰਾਜ ਹਰਦਾਸਪੁਰਾ, ਮਜ਼ੀਦ ਖਾਣ ਤੇ ਬਲਵੀਰ ਮਨਾਲ ਨੇ ਵੀ ਇਹਨਾਂ ਮੀਟਿੰਗ ਵਿਚਾਰ ਰੱਖੇ।