ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਚੇਅਰਮੈਨ ਦੀ ਪੋਸਟ ਭਰਨ ਦਾ ਫ਼ੈਸਲਾ! ਪੜ੍ਹੋ ਕੌਣ ਕਰ ਸਕਦੈ ਅਪਲਾਈ
ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਸਰਕਾਰ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲਾ ਦੇ ਚੇਅਰਮੈਨ ਦੀ ਖਾਲੀ ਪਈ ਅਸਾਮੀ ਨੂੰ ਭਰਨ ਲਈ ਬੇਦਾਗ, ਇਮਾਨਦਾਰ, ਉੱਚ ਸਮਰੱਥਾ ਅਤੇ ਪ੍ਰਸ਼ਾਸਨਿਕ ਤਜ਼ਰਬੇ ਵਾਲੇ ਨਾਮਵਰ ਵਿਅਕਤੀਆਂ ਤੋਂ ਬਿਨੈ ਪੱਤਰ ਮੰਗੇ ਗਏ ਹਨ।
ਇਹ ਪ੍ਰਗਟਾਵਾ ਕਰਦਿਆਂ ਇੱਥੇ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੋਗਤਾ ਦੇ ਮਾਪਦੰਡਾਂ ਅਨੁਸਾਰ ਬਿਨੈਕਾਰਾਂ ਵੱਲੋਂ ਭਾਰਤ ਸਰਕਾਰ ਜਾਂ ਸੂਬਾ ਸਰਕਾਰ ਦੇ ਅਧੀਨ ਘੱਟੋ-ਘੱਟ 10 ਸਾਲਾਂ ਲਈ ਕੰਮ ਕੀਤਾ ਹੋਣਾ ਚਾਹੀਦਾ ਹੈ। ਇਸ ਸਬੰਧ ਵਿਚ ਜਨਤਕ ਨੋਟਿਸ ਜਾਰੀ ਕਰਨ ਦੀ ਮਿਤੀ ਨੂੰ ਬਿਨੈਕਾਰ ਦੀ ਉਮਰ 62 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਇਛੁੱਕ ਬਿਨੈਕਾਰਾਂ ਨੂੰ ਆਪਣਾ ਮੁਕੰਮਲ ਬਾਇਓ-ਡਾਟਾ, ਇੱਕ ਅੰਡਰਟੇਕਿੰਗ ਸਮੇਤ, ਸਕੱਤਰ ਪ੍ਰਸੋਨਲ, ਪੰਜਾਬ ਸਰਕਾਰ (ਪੀ.ਪੀ.-3 ਸ਼ਾਖਾ), ਕਮਰਾ ਨੰਬਰ 14, 6ਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ, ਸੈਕਟਰ-1, ਚੰਡੀਗੜ੍ਹ ਦੇ ਦਫ਼ਤਰ ਵਿੱਚ ਬਿਨੈ-ਪੱਤਰ ਜਮ੍ਹਾ ਕਰਨ ਦੀ ਅੰਤਿਮ ਮਿਤੀ 7 ਦਸੰਬਰ, 2024 ਨੂੰ ਸ਼ਾਮ 5:00 ਵਜੇ ਤੱਕ ਪਹੁੰਚਦੀਆਂ ਕਰਨੀਆਂ ਹਨ।
ਮੁੱਖ ਸਕੱਤਰ ਦੀ ਅਗਵਾਈ ਵਾਲੀ ਇੱਕ ਖੋਜ ਕਮੇਟੀ ਯੋਗ ਉਮੀਦਵਾਰਾਂ ਦੇ ਨਾਵਾਂ ਨੂੰ ਸ਼ਾਰਟਲਿਸਟ ਕਰੇਗੀ। ਇਨ੍ਹਾਂ ਨਾਵਾਂ ’ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਉੱਚ-ਪਾਵਰ ਕਮੇਟੀ ਦੁਆਰਾ ਵਿਚਾਰ ਕੀਤਾ ਜਾਵੇਗਾ।