ਬਦਲਾਅ ਬੌਂਦਲਿਆ! ਨਵ-ਨਿਯੁਕਤ ਮੁਲਾਜ਼ਮਾਂ ਨੂੰ ਆਰਡਰ ਦੇਣ ਆਏ CM ਮਾਨ ਤਾਂ… ਪੁਲਿਸ ਨੇ ਮੁਲਾਜ਼ਮ ਆਗੂ ਕੀਤੇ ਘਰਾਂ ‘ਚ ਨਜ਼ਰਬੰਦ!
ਬਦਲਾਅ ਬੌਂਦਲਿਆ! ਨਵ-ਨਿਯੁਕਤ ਮੁਲਾਜ਼ਮਾਂ ਨੂੰ ਆਰਡਰ ਦੇਣ ਆਏ CM ਮਾਨ ਤਾਂ… ਪੁਲਿਸ ਨੇ ਮੁਲਾਜ਼ਮ ਆਗੂ ਕੀਤੇ ਘਰਾਂ ‘ਚ ਨਜ਼ਰਬੰਦ!
ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਯੂਨੀਅਨ ਦੇ ਆਗੂ ਸ਼ੋਭਿਤ ਭਗਤ ਨੂੰ ਨਜ਼ਰਬੰਦ ਕਰਨਾ ਮੰਦਭਾਗਾ- ਰਾਜਿੰਦਰ ਸੰਧਾ
ਕੈਬਿਨਟ ਵੱਲੋਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ ਦੇ ਤਿੰਨ ਮਹੀਨੇ ਬੀਤਣ ਤੇ ਵੀ ਮੁਲਾਜ਼ਮਾਂ ਨੂੰ ਰੈਗੂਲਰ ਆਰਡਰ ਨਹੀਂ ਕੀਤੇ ਜਾ ਰਹੇ ਜਾਰੀ
ਮੁੱਖ ਮੰਤਰੀ ਸਾਹਿਬ ਪੁਲਿਸ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਅਵਾਜ ਨਹੀ ਦਬਾਈ ਜਾਣੀ
ਜਲੰਧਰ, 11 ਜਨਵਰੀ 2026-
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਮੁਲਾਜ਼ਮਾਂ ਦਾ ਐਨਾ ਡਰ ਸਤਾ ਰਿਹਾ ਹੈ ਕਿ ਪੁਲਿਸ ਦੇ ਜ਼ੋਰ ਰਾਹੀ ਮੁਲਾਜ਼ਮਾਂ ਨੂੰ ਦਫ਼ਤਰਾਂ/ਘਰਾਂ ‘ਚ ਨਜ਼ਰਬੰਦ ਕੀਤਾ ਜਾ ਰਿਹਾ ਹੈ।ਸੱਤਾ ਵਿਚ ਆਉਣ ਸਮੇਂ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਮੁਲਾਜ਼ਮਾਂ ਦੀਆ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਪਰ ਸੱਤਾ ਵਿਚ ਆਉਣ ਤੇ ਮੁੱਖ ਮੰਤਰੀ ਸਾਹਿਬ ਮੁਲਾਜ਼ਮਾਂ ਨੂੰ ਭੁੱਲ ਗਏ।
ਸਰਕਾਰ ਨੂੰ ਮੁਲਾਜ਼ਮਾਂ ਦਾ ਐਨਾ ਡਰ ਸਤਾ ਰਿਹਾ ਹੈ ਕਿ ਅੱਜ ਜਲੰਧਰ ਵਿਖੇ ਨਵਨਿਯੁਕਤ ਪੁਲਿਸ ਮੁਲਾਜ਼ਮਾਂ ਨੂੰ ਆਰਡਰ ਦੇਣ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪੁੱਜੇ ਮੁੱਖ ਮੰਤਰੀ ਨੇ ਦਫ਼ਤਰੀ ਮੁਲਾਜ਼ਮ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ੋਭਿਤ ਭਗਤ ਨੂੰ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ।
ਆਗੁਆ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਇਹੀ ਭਗਵੰਤ ਮਾਨ ਪੰਜਾਬ ਦੇ ਮੁਲਾਜ਼ਮਾਂ ਤੇ ਆਮ ਜਨਤਾ ਨੂੰ ਸਪੀਚ ਤੇ ਜਨਤਕ ਸਭਾਵਾਂ ਰਾਹੀ ਕਹਿੰਦੇ ਸਨ ਕਿ ਸੱਤਾਧਿਰ ਨੂੰ ਸਵਾਲ ਕਰੋ ਪਰ ਹੁਣ ਜਦੋਂ ਆਪ ਸੱਤਾ ਵਿਚ ਆਏ ਹਨ ਤਾਂ ਆਪਣੀਆ ਗੱਲਾਂ ਨੂੰ ਭੁੱਲ ਕੇ ਸਾਰੀਆ ਹੱਦਾਂ ਟੱਪ ਚੁੱਕੇ ਹਨ ਅਤੇ ਲੋਕਾਂ ਦੀ ਅਵਾਜ਼ ਨੂੰ ਦਬਾ ਰਹੇ ਹਨ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ,ਪ੍ਰਵੀਨ ਸ਼ਰਮਾ, ਰਾਜਿੰਦਰ ਸੰਧਾ, ਜਗਮੋਹਨ ਸਿੰਘ ਨੇ ਕਿਹਾ ਕਿ ਮੁਲਾਜ਼ਮ ਆਗੁਆ ਨੂੰ ਘਰਾਂ ਅਤੇ ਦਫਤਰਾਂ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਜੋ ਕਿ ਲੋਕਤੰਤਰ ਦੀ ਹੱਤਿਆ ਹੈ।
ਆਗੂਆ ਨੇ ਕਿਹਾ ਕਿ ਸਾਡੇ ਪਰਿਵਾਰਾਂ ‘ਚ ਡਰ ਦਾ ਮਾਹੋਲ ਬਣਾਇਆ ਜਾ ਰਿਹਾ ਹੈ ਅਤੇ ਭਗਵੰਤ ਮਾਨ ਸਰਕਾਰ ਲੋਕਤੰਤਰ ਦੀ ਹੱਤਿਆ ਕਰਨ ਵਿਚ ਸਾਰੀਆ ਹੱਦਾਂ ਪਾਰ ਕਰ ਗਈ ਹੈ ਜਿਸ ਨੂੰ ਕਿਸੇ ਵੀ ਹੱਦ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਨੂੰ ਮਿਲਣ ਤੋਂ ਕਿਓ ਡਰ ਰਹੇ ਹਨ ਅਤੇ ਮੁਲਾਜ਼ਮਾਂ ਦੀਆ ਜ਼ਾਇਜ਼ ਮੰਗਾਂ ਨੂੰ ਲਾਗੂ ਕਰਨ ਚ ਕਿਓ ਨਾਕਾਮ ਹੋ ਰਹੇ ਹਨ।ਆਗੂਆ ਨੇ ਕਿਹਾ ਕਿ ਦਫ਼ਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਨੋਟੀਫ਼ਿਕੇਸ਼ਨ ਕਰਨ ਦੇ ਤਿੰਨ ਮਹੀਨੇ ਬੀਤਣ ਤੇ ਵੀ ਮੁਲਾਜ਼ਮਾਂ ਨੂੰ ਆਰਡਰ ਨਹੀਂ ਦਿੱਤੇ ਜਾ ਰਹੇ ਇਸ ਲਈ ਮੁਲਾਜ਼ਮ ਆਗੂ ਮੁੱਖ ਮੰਤਰੀ ਮਿਲ ਕੇ ਸਵਾਲ ਕਰਨਾ ਚਾਹੁੰਦੇ ਸਨ ਕਿ ਕੈਬਨਿਟ ਵੱਲੋਂ ਪ੍ਰਵਾਨਗੀ ਦੇ ਬਾਵਜੂਦ ਆਰਡਰ ਕਿਓ ਨਹੀਂ ਦਿੱਤੇ ਜਾ ਰਹੇ ਹਨ।
ਆਗੂਆ ਨੇ ਐਲਾਨ ਕੀਤਾ ਕਿ ਮੰਗਾਂ ਮੰਨਣ ਦੀ ਬਜਾਏ ਦਫਤਰੀ ਮੁਲਾਜ਼ਮਾਂ ਦੇ ਘਰਾਂ ਵਿਚ ਪੁਲਿਸ ਭੇਜਣ ਦੀ ਸਰਕਾਰ ਦੀ ਕਾਰਵਾਈ ਦਾ ਮੁਲਾਜ਼ਮ ਡੱਟ ਕੇ ਵਿਰੋਧ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿਚ ਅਤੇ 26 ਜਨਵਰੀ ਨੂੰ ਵੱਖ ਵੱਖ ਜ਼ਿਲਿਆਂ ਵਿਚ ਝੰਡਾ ਲਹਿਰਾਉਣ ਆ ਰਹੇ ਮੰਤਰੀਆਂ ਨੂੰ ਘੇਰਿਆ ਜਾਵੇਗਾ ਅਤੇ ਸਵਾਲ ਕੀਤਾ ਜਾਵੇਗਾਂ ਕਿ ਪੰਜਾਬ ਦੇ ਮੁਲਾਜ਼ਮ ਚੋਰ, ਗੈਗਸਟਰ ਜਾਂ ਅੱਤਵਾਦੀ ਹਨ ਜੋ ਉਨ੍ਹਾ ਦੇ ਘਰਾਂ ਵਿਚ ਪੁਲਿਸ ਦਾ ਪਹਿਰਾ ਲਾਇਆ ਜਾ ਰਿਹਾ ਹੈ।

