Breaking: ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ, ਪੜ੍ਹੋ ਪੂਰੀ ਖਬਰ

All Latest NewsNews FlashPunjab NewsTop BreakingTOP STORIES

 

Breaking: ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ, ਪੜ੍ਹੋ ਪੂਰੀ ਖਬਰ

ਚੰਡੀਗੜ੍ਹ, 20 ਦਸੰਬਰ 2025 –

ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੀਐਮ ਹਾਊਸ ਵਿਖੇ ਹੋਈ। ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆ ਹੋਇਆ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੱਸਿਆ ਕਿ ਮੀਟਿੰਗ ‘ਚ 30 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਸੈਸ਼ਨ ਇਕ ਦਿਨ ਦਾ ਹੋਵੇਗਾ ਜੋ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗਾ।

ਚੀਮਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਸੰਵਿਧਾਨ ਨੂੰ ਖ਼ਤਮ ਕਰਨ ‘ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ‘ਚ ਜੋ ਬਦਲਾਅ ਕੀਤੇ ਜਾ ਰਹੇ ਹਨ, ਉਹ ਗਰੀਬਾਂ ਦੇ ਵਿਰੁੱਧ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ‘ਜੀ ਰਾਮ ਜੀ’ ਖ਼ਿਲਾਫ਼ ਨਹੀਂ ਹੈ, ਪਰ ਇਸ ਸਕੀਮ ‘ਚ ਕੀਤੀ ਗਈ ਸੋਧ (ਬਦਲਾਅ) ਦੇ ਵਿਰੁੱਧ ਹੈ। ਜਿਸ ਤਰ੍ਹਾਂ ਪੰਜਾਬ ਅਤੇ ਦੇਸ਼ ਦੇ ਗਰੀਬ ਲੋਕਾਂ ਦਾ ਹੱਕ ਖੋਹਿਆ ਜਾ ਰਿਹਾ ਹੈ, ਉਸ ਮੁੱਦੇ ‘ਤੇ ਚਰਚਾ ਲਈ 30 ਦਸੰਬਰ ਨੂੰ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ।

ਚੀਮਾ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਦਾ ਨਾਂ ਬਦਲ ਕੇ ‘ਜੀ ਰਾਮ ਜੀ’ ਇਸ ਲਈ ਰੱਖਿਆ ਹੈ ਤਾਂ ਜੋ ਇਸ ਸਕੀਮ ‘ਚ ਕੀਤੇ ਗਏ ਗਲਤ ਬਦਲਾਅ ਅਤੇ ਲੋਕਾਂ ਦੇ ਖੋਹੇ ਜਾ ਰਹੇ ਹੱਕਾਂ ਵੱਲ ਜਨਤਾ ਦਾ ਧਿਆਨ ਨਾ ਜਾ ਸਕੇ।

ਲਾਲ ਲਕੀਰ ਅਧੀਨ ਆਉਣ ਵਾਲੀਆਂ ਰਿਹਾਇਸ਼ਾਂ ਬਾਰੇ ਵੀ ਲਿਆ ਅਹਿਮ ਫੈਸਲਾ

ਪੰਜਾਬ ਦੇ 2021 ਰਿਕਾਰਡ ਆਫ਼ ਐਕਟਸ ਦੀ ਧਾਰਾ 11 ਅਤੇ 12 ਵਿੱਚ ਸੋਧ ਕੀਤੀ ਗਈ ਹੈ। ‘ਸਵਾਮਿਤਵ – ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਹੁਣ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਘਰਾਂ ਬਾਰੇ ਇਤਰਾਜ਼ ਦਰਜ ਕਰਨ ਜਾਂ ਅਪੀਲ ਕਰਨ ਦਾ ਸਮਾਂ 90 ਦਿਨਾਂ ਤੋਂ ਘਟਾ ਕੇ 30 ਦਿਨ ਕਰ ਦਿੱਤਾ ਗਿਆ ਹੈ। ਇਸ ਦਾ ਮਕਸਦ ਵਿਭਾਗ ਅਤੇ ਲੋਕਾਂ ਦੇ ਸਮੇਂ ਦੀ ਬਚਤ ਕਰਨਾ ਹੈ ਤਾਂ ਜੋ ਗੁਆਂਢੀਆਂ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਕੀਤੀਆਂ ਸ਼ਿਕਾਇਤਾਂ ਕਾਰਨ ਪ੍ਰਕਿਰਿਆ ਲੰਬੀ ਨਾ ਖਿੱਚੀ ਜਾਵੇ।

ਏਸੇ ਤਰ੍ਹਾਂ ਕੈਬਨਿਟ ਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ। ਬਠਿੰਡਾ ਥਰਮਲ ਪਲਾਂਟ ਦੀ 30 ਏਕੜ ਜ਼ਮੀਨ ਪਹਿਲਾਂ ਬੱਸ ਸਟੈਂਡ ਲਈ ਦਿੱਤੀ ਗਈ ਸੀ। ਹੁਣ ਫੈਸਲਾ ਲਿਆ ਗਿਆ ਹੈ ਕਿ ਬੱਸ ਸਟੈਂਡ 10 ਏਕੜ ‘ਚ ਬਣੇਗਾ, ਜਦੋਂਕਿ ਬਾਕੀ 20 ਏਕੜ ਜ਼ਮੀਨ ਮਕਾਨ ਬਣਾਉਣ ਲਈ ‘ਸ਼ਹਿਰੀ ਮਕਾਨ ਉਸਾਰੀ ਵਿਭਾਗ’ ਨੂੰ ਦਿੱਤੀ ਜਾਵੇਗੀ।

ਇਕ ਹੋਰ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਚੀਮਾ ਨੇ ਕਿਹਾ ਕਿ ਲੋਕਲ ਬਾਡੀ ਵਿਭਾਗ ‘ਚ ‘ਚੰਕ ਸਾਈਟਸ’ ਦੀ ਪਰਿਭਾਸ਼ਾ ਨੂੰ ਸੋਧਿਆ ਗਿਆ ਹੈ। ਹੁਣ 20 ਕਰੋੜ ਰੁਪਏ ਤੋਂ ਉੱਪਰ ਦੀ ਕਿਸੇ ਵੀ ਪ੍ਰਾਪਰਟੀ ਨੂੰ ‘ਚੰਕ ਸਾਈਟ’ ਐਲਾਨਿਆ ਗਿਆ ਹੈ। ਭਾਵੇਂ ਪਲਾਟ 500 ਗਜ਼ ਦਾ ਹੀ ਕਿਉਂ ਨਾ ਹੋਵੇ, ਜੇਕਰ ਕੀਮਤ ਇਸ ਹੱਦ ਤੋਂ ਉੱਪਰ ਹੈ ਤਾਂ ਉਹ ਇਸ ਦੇ ਘੇਰੇ ਵਿੱਚ ਆਵੇਗਾ।

ਕੈਬਨਿਟ ਨੇ ਇਕ ਹੋਰ ਫੈਸਲਾ ਲੈਂਦਿਆ ਹੋਇਆ ਈਜ਼ ਆਫ ਡੂਇੰਗ ਬਿਜ਼ਨੈੱਸ ਤਹਿਤ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਹੁਣ ਬੈਂਕ ਗਾਰੰਟੀ ਦੇ ਨਾਲ-ਨਾਲ ‘ਕਾਰਪੋਰੇਟ ਗਾਰੰਟੀ’ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੋ ਵਿਅਕਤੀ ਸਟੈਂਪ ਡਿਊਟੀ ਵਿੱਚ ਛੋਟ (waiver) ਲਵੇਗਾ, ਮਾਲ ਵਿਭਾਗ ਉਸ ਪ੍ਰਾਪਰਟੀ ਨੂੰ ਆਪਣੇ ਰਿਕਾਰਡ ਵਿੱਚ ਉਦੋਂ ਤੱਕ ਦਰਜ ਰੱਖੇਗਾ (ਲੌਕ ਕਰੇਗਾ), ਜਦੋਂ ਤੱਕ ਸਰਕਾਰ ਦੇ ਬਣਦੇ ਬਕਾਏ ਚੁਕਾਏ ਨਹੀਂ ਜਾਂਦੇ।

Media PBN Staff

Media PBN Staff