ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਰਹੂਮ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਦੀ 6ਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਵਿਖੇ ਮਨਾਈ
ਲੋਕ ਲਹਿਰ ਦੇ ਲੇਖੇ ਜਿੰਦਗੀ ਲਾਉਣ ਵਾਲੇ ਆਗੂਆਂ ਦੀ ਸੋਚ ਤੇ ਚੱਲਕੇ ਹੀ ਸਮਾਜ ਨੂੰ ਰਹਿਣਯੋਗ ਬਣਾਇਆ ਜਾ ਸਕਦਾ – ਦਰਸ਼ਨਪਾਲ
ਪੰਜਾਬ ਨੈੱਟਵਰਕ, ਬਾਘਾਪੁਰਾਣਾ (ਮੋਗਾ)
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਮਰਹੂਮ ਅਤੇ ਬਾਨੀ ਸੂਬਾ ਪ੍ਰਧਾਨ ਛਿੰਦਰ ਸਿੰਘ ਨੱਥੂਵਾਲਾ ਦੀ ਛੇਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਨੱਥੂਵਾਲਾ ਗਰਬੀ ਵਿਖੇ ਮਨਾਈ ਗਈ। ਇਸ ਮੌਕੇ ਇਕੱਤਰ ਹੋਏ ਸੈਕੜੇ ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ ਅਤੇ ਨੌਜਵਾਨਾਂ ਨੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਸਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦਾ ਪ੍ਰਣ ਇਨਕਲਾਬੀ ਅਤੇ ਜੋਸ਼ੀਲੇ ਨਾਹਰਿਆ ਨਾਲ ਦੁਹਰਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਕੌਮੀ ਪ੍ਰਧਾਨ ਡਾ ਦਰਸ਼ਨਪਾਲ ਨੇ ਦੱਸਿਆ ਕਿ ਛਿੰਦਰ ਸਿੰਘ ਨੱਥੂਵਾਲਾ ਜਵਾਨੀ ਵੇਲੇ ਹੀ ਨੌਜਵਾਨਾਂ ਵਿੱਚ ਸਰਗਰਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਮਜ਼ਦੂਰਾਂ ਦਾ ਆਗੂ ਹੋ ਕੇ ਉਭਰਿਆ|
ਉਹਨਾਂ ਕਿਹਾ ਕਿ ਸ਼ਿੰਦਰ ਸਿੰਘ ਨੱਥੂਵਾਲਾ ਵੱਲੋਂ ਦਿੱਤਾ ਗਿਆ ਕਿਸਾਨ ਮਜ਼ਦੂਰ ਏਕਤਾ ਦਾ ਨਾਹਰਾ ਦਿੱਲੀ ਦੀਆਂ ਹੱਦਾਂ ਤੇ ਚੱਲੇ ਇੱਕ ਸਾਲ ਤੋਂ ਵੱਧ ਅੰਦੋਲਨ ਵੇਲੇ ਮਕਬੂਲ ਹੋਇਆ ਜੋ ਕਿ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਦਾ ਸਿੱਟਾ ਸੀ। ਉਨਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਕਾਰਪੋਰੇਟ ਵੱਲੋਂ ਸਮਾਜ ਦੇ ਹਰ ਤਬਕੇ ਉੱਪਰ ਹੱਲਾ ਬੋਲਿਆ ਜਾ ਰਿਹਾ ਹੈ ਅਜਿਹੇ ਹੱਲੇ ਨੂੰ ਰੋਕਣ ਲਈ ਸ਼ਿੰਦਰ ਸਿੰਘ ਨੱਥੂਵਾਲਾ ਵਰਗੇ ਸਾਰੀ ਉਮਰ ਲਹਿਰ ਦੇ ਲੇਖੇ ਲਾਉਣ ਵਾਲੇ ਆਗੂਆਂ ਦੀ ਸੋਚ ਉੱਪਰ ਚੱਲਣ ਦੀ ਬੇਹਦ ਜਰੂਰਤ ਹੈ, ਤਾਂ ਹੀ ਸਮਾਜ ਨੂੰ ਰਹਿਣ ਯੋਗ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਡਾਕਟਰ ਦਰਸ਼ਨ ਪਾਲ, ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਟੈਕਨੀਕਲ ਸਰਵਿਸ ਯੂਨੀਅਨ ਦੇ ਸੂਬਾਈ ਆਗੂ ਪ੍ਰੀਤਮ ਸਿੰਘ ਪਿੰਡੀ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਜੁਗਰਾਜ ਸਿੰਘ ਟੱਲੇਵਾਲਾ , ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਚਮਕੌਰ ਸਿੰਘ ਰੋਡੇ, ਪੰਜਾਬ ਜੰਮਹੂਰੀ ਮੋਰਚਾ ਦੇ ਸੂਬਾਈ ਆਗੂ ਸੁੱਚਾ ਸਿੰਘ ਪਟਿਆਲਾ, ਭੈਣ ਸੁਰਿੰਦਰ ਕੌਰ, ਜਿਲ੍ਹਾ ਮੋਗਾ ਦੇ ਆਗੂ ਕਰਮਜੀਤ ਸਿੰਘ ਲੰਗੇਆਣਾ, ਬਿੱਕਰ ਸਿੰਘ ਚੂਹੜਚਕ ਆਦਿ ਆਗੂਆਂ ਨੇ ਸੰਬੋਧਨ ਕੀਤਾ।