Shambhu Border Protest: ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦਾ ਹੱਕ ਖੋਹਣ ਵਿਰੁੱਧ BKU ਉਗਰਾਹਾਂ ਵੱਲੋਂ ਪੰਜਾਬ ਭਰ ‘ਚ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ

All Latest NewsNews FlashPunjab News

 

ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲੇ ਮਾਰ ਕੇ 8 ਕਿਸਾਨਾਂ ਨੂੰ ਜ਼ਖ਼ਮੀ ਕਰਨ ਰਾਹੀਂ ਖਿਲਾਫ਼ ਤਿੱਖਾ ਰੋਸ ਪ੍ਰਦਰਸ਼ਨ

ਦਲਜੀਤ ਕੌਰ, ਚੰਡੀਗੜ੍ਹ

ਬੀਤੇ ਦਿਨ ਸ਼ੰਭੂ ਬਾਰਡਰ ਵਿਖੇ ਭਖਦੇ ਕਿਸਾਨੀ ਮਸਲਿਆਂ ਦੇ ਹੱਲ ਲਈ ਦਿੱਲੀ ਵੱਲ ਪੈਦਲ ਕੂਚ ਕਰ ਰਹੇ ਨਿਹੱਥੇ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸਿੱਧੇ ਦਾਗ ਕੇ ਜ਼ਖ਼ਮੀ ਕਰਨ ਰਾਹੀਂ ਸ਼ਾਂਤਮਈ ਸੰਘਰਸ਼ ਦਾ ਹੱਕ ਖੋਹੇ ਜਾਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਬਲਾਕ/ਪਿੰਡ ਪੱਧਰ ਉੱਤੇ 80 ਥਾਂਵਾਂ ‘ਤੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ ਗਏ।

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੇਂਦਰ ਤੇ ਹਰਿਆਣਾ ਦੀ ਭਾਜਪਾ ਹਕੂਮਤ ਦੀ ਇਸ ਜਾਬਰ ਕਾਰਵਾਈ ਨੂੰ ਕਿਸਾਨਾਂ ਨਾਲ਼ ਦੁਸ਼ਮਨਾਣਾਂ ਵਿਹਾਰ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ।

ਉਨ੍ਹਾਂ ਦੋਸ਼ ਲਾਇਆ ਹੈ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਜਾਨਲੇਵਾ ਕਰਜ਼ਿਆਂ ਥੱਲੇ ਦੱਬੇ ਹਜ਼ਾਰਾਂ ਦੀ ਤਾਦਾਦ ਵਿੱਚ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਚੁੱਕੇ ਅਤੇ ਲਗਾਤਾਰ ਹੋ ਰਹੇ ਕਿਸਾਨਾਂ ਦੀ ਐੱਮ ਐੱਸ ਪੀ ‘ਤੇ ਫਸਲਾਂ ਦੀ ਖ੍ਰੀਦ ਦੀ ਕਾਨੂੰਨੀ ਗਰੰਟੀ ਅਤੇ ਮੁਕੰਮਲ ਕਰਜ਼ਾ ਮੁਕਤੀ ਵਰਗੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਪੂਰੀ ਤਰ੍ਹਾਂ ਸ਼ਾਂਤਮਈ ਸੰਘਰਸ਼ ਦਾ ਸੰਵਿਧਾਨਕ ਹੱਕ ਖੋਹਣਾ ਇਸੇ ਦੁਸ਼ਮਣੀ ਦਾ ਸਬੂਤ ਬਣਦਾ ਹੈ।

ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਤੇ ਹੱਕੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਪੁਲਿਸ ਜਬਰ ਬੰਦ ਕੀਤਾ ਜਾਵੇ। ਸ਼ਾਂਤਮਈ ਸੰਘਰਸ਼ ਦਾ ਸੰਵਿਧਾਨਕ ਹੱਕ ਬਹਾਲ ਕੀਤਾ ਜਾਵੇ।

ਅੱਜ ਵੱਖ ਵੱਖ ਥਾਵਾਂ ‘ਤੇ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਕਮਲਜੀਤ ਕੌਰ ਬਰਨਾਲਾ ਅਤੇ ਜ਼ਿਲ੍ਹਾ/ਬਲਾਕ/ਪਿੰਡ ਪੱਧਰ ਦੇ ਆਗੂ ਸ਼ਾਮਲ ਸਨ।

 

Media PBN Staff

Media PBN Staff

Leave a Reply

Your email address will not be published. Required fields are marked *