ਪੰਜਾਬ ਸਰਕਾਰ ਦੀ ਅਧਿਆਪਕਾਂ ਨੂੰ ‘No Work, No Pay’ ਦੀ ਧਮਕੀ ਦੀ ਡੀਟੀਐੱਫ ਵੱਲੋਂ ਨਿਖੇਧੀ
ਪੰਜਾਬ ਨੈੱਟਵਰਕ, ਸੰਗਰੂਰ-
ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਪਿਛਲ਼ੇ ਦਿਨੀਂ ‘ਨੋ ਵਰਕ ਨੋ ਪੇ’ ਦੇ ਜਾਰੀ ਕੀਤੇ ਹੁਕਮਾਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਇਸ ਸਬੰਧੀ ਕੰਪਿਊਟਰ ਅਧਿਆਪਕਾਂ ਦੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦੇ ਮੂਹਰੇ ਲਾਏ ਗਏ ਦਿਨ ਰਾਤ ਦੇ ਧਰਨੇ ਵਿੱਚੋਂ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਇਹ ਹੁਕਮ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਦਫ਼ਤਰੀ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ ਅਤੇ ਕੰਪਿਊਟਰ ਅਧਿਆਪਕਾਂ ਵੱਲੋਂ ਸੰਗਰੂਰ ਵਿਖੇ ਲਗਾਏ ਗਏ ਪੱਕੇ ਮੋਰਚੇ ਨੂੰ ਕੁਚਲਣ ਦੀ ਮਨਸ਼ਾ ਤਹਿਤ ਜਾਰੀ ਕੀਤਾ ਗਿਆ ਹੈ।
ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਸੂਬਾ ਕਮੇਟੀ ਮੈਂਬਰ ਰੇਸ਼ਮ ਸਿੰਘ ਬਠਿੰਡਾ ਨੇ ਕਿਹਾ ਕਿ ਕਿਸੇ ਵੀ ਅਧਿਆਪਕ ਜਾਂ ਕਰਮਚਾਰੀ ਨੂੰ ਸ਼ੌਕ ਨਹੀਂ ਕਿ ਉਹ ਆਪਣੇ ਬਾਲ ਬੱਚਿਆਂ ਨੂੰ ਛੱਡ ਕੇ ਇਸ ਠੰਢ ਦੇ ਮਹੀਨੇ ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟਣ। ਸਾਰੇ ਮੁਲਾਜ਼ਮ ਆਪਣੀ ਡਿਊਟੀ ਕਰਨਾ ਚਾਹੁੰਦੇ ਹਨ ਪਰ ਨਾਲ ਦੀ ਨਾਲ ਉਹ ਆਪਣੇ ਹੱਕ ਲੈ ਕੇ ਮਾਣ ਸਨਮਾਨ ਨਾਲ ਨੌਕਰੀ ਕਰਨਾ ਚਾਹੁੰਦੇ ਹਨ।
ਸੂਬਾ ਕਮੇਟੀ ਮੈਂਬਰ ਦਾਤਾ ਸਿੰਘ ਨਮੋਲ, ਕਰਮਜੀਤ ਤਾਮਕੋਟ ਤੇ ਗਗਨ ਪਾਹਵਾ ਨੇ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਸਰਕਾਰ ਸੰਘਰਸ਼ ਕਰਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਕੇ ਉਹਨਾਂ ਦੇ ਸੰਘਰਸ਼ਾਂ ਨੂੰ ਖ਼ਤਮ ਕਰਦੀ ਪ੍ਰੰਤੂ ਇਹ ਸਰਕਾਰ ਜ਼ਬਰ ਦਾ ਹਥਿਆਰ ਵਰਤਦੀ ਹੋਈ ਇਹਨਾਂ ਸੰਘਰਸ਼ਾਂ ਨੂੰ ਧੱਕੇ ਨਾਲ ਖ਼ਤਮ ਕਰਨ ਦੇ ਰਾਹ ਪਈ ਹੋਈ ਹੈ।
ਆਗੂਆਂ ਨੇ ਕਿਹਾ ਕਿ ਆਪਣੇ ਆਪ ਨੂੰ ਧਰਨੇ-ਮੁਜ਼ਾਹਰਿਆਂ ਵਿੱਚੋਂ ਨਿਕਲੀ ਹੋਣ ਦਾ ਦਾਅਵਾ ਕਰਨ ਵਾਲੀ ਅਤੇ ਸਰਕਾਰ ਬਣਨ ਸਾਰ ਸਾਰੇ ਵਰਗਾਂ ਦੇ ਮਸਲੇ ਹੱਲ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੁਆਰਾ ਅਜਿਹੇ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਨਾ ਉਸ ਲਈ ਸ਼ਰਮ ਦੀ ਗੱਲ ਹੈ।
ਆਗੂਆਂ ਨੇ ਕਿਹਾ ਕਿ ਉਹ ਸਰਕਾਰ ਦੀ ਇਸ ਬਦਨੀਅਤ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ ਸਗੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਰ ਪੱਧਰ ਦਾ ਸੰਘਰਸ਼ ਕਰਨਗੇ। ਇਸ ਮੌਕੇ ਸ਼ਬੀਰ ਖਾਂ,ਹਰਜਿੰਦਰ ਅਨੂਪਗੜ੍ਹ,ਅਮਨਦੀਪ ਮਾਛੀਕੇ,ਹਰਪ੍ਰੀਤ ਰਾਮਾ,ਬਲਜਿੰਦਰ ਬਠਿੰਡਾ,ਬੇਅੰਤ ਸਿੰਘ ਬੁਰਜ,ਸੁਖਜਿੰਦਰ ਸੰਗਰੂਰ,ਜਸਬੀਰ ਨਮੋਲ,ਰਣਬੀਰ ਕਣਕਵਾਲ,ਗਗਨਦੀਪ ਭੰਗੂ ਆਦਿ ਆਗੂ ਵੀ ਹਾਜ਼ਰ ਸਨ।