ਮੈਰੀਟੋਰੀਅਸ ਟੀਚਰਜ਼ ਭਗਵੰਤ ਮਾਨ ਸਰਕਾਰ ਨੂੰ ਭਲਕੇ ਸੰਗਰੂਰ ‘ਚ ਸ਼ੀਸ਼ਾ ਵਿਖਾਉਣਗੇ, ਸ਼ੁਰੂ ਕਰਨਗੇ ਪੋਸਟਰ ਪ੍ਰਦਰਸ਼ਨ!
ਪੰਜਾਬ ਨੈੱਟਵਰਕ, ਚੰਡੀਗੜ੍ਹ –
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਵੱਲੋਂ ਕੱਲ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਵਾਰ-ਵਾਰ ਅੱਗੇ ਪਾਉਣ ਤੇ ਪੋਸਟਰ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਟੀਨਾ ਵੱਲੋਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਪੱਕਾ ਤਹਿਤ ਕਰਨ ਤਹਿਤ ਕੈਬਨਿਟ ਸਬ-ਕਮੇਟੀ ਬਣਾਈ ਗਈ ਹੈ। ਹਰ ਵਾਰ ਦੀ ਤਰ੍ਹਾਂ ਇਸ ਕਮੇਟੀ ਦੇ ਲਾਰੇ ਵੱਧਦੇ ਜਾ ਰਹੇ ਹਨ ਤੇ ਇਹ ਲਗਾਤਾਰ ਮੀਟਿੰਗ ਦੀ ਮਿਤੀ ਅੱਗੇ ਦੀ ਅੱਗੇ ਪਾ ਰਹੀ ਹੈ।
ਚੇਤੇ ਰਹੇ ਕਿ ਇਸ ਤੋਂ ਪਹਿਲਾਂ ਸੰਘਰਸ਼ ਨਾਲ ਇਹ ਮੀਟਿੰਗ ਪਹਿਲਾਂ 17 ਦਸੰਬਰ ਨੂੰ ਹੋਣੀ ਸੀ , ਫਿਰ ਬਦਲ ਕੇ 26 ਦਸੰਬਰ ਕਰ ਦਿੱਤੀ ਗਈ ਸੀ ਤੇ ਹੁਣ 8 ਜਨਵਰੀ ਕਰ ਦਿੱਤੀ ਗਈ ਹੈ, ਇਸ ਤਰ੍ਹਾਂ ਜਾਪ ਰਿਹਾ ਹੈ ਕਿ ਕੈਬਨਿਟ ਸਬ-ਕਮੇਟੀ ਮੈਰੀਟੋਰੀਅਸ ਟੀਚਰਾਂ ਦੇ ਚੰਗੇ ਨਤੀਜਿਆਂ ਨੂੰ ਨਕਾਰਦੀ ਹੋਈ ਮੈਰੀਟੋਰੀਅਸ ਟੀਚਰਾਂ ਦੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਬਾਬਤ ਕੋਈ ਬਹੁਤ ਸੰਜੀਦਗੀ ਨਹੀਂ ਦਿਖਾ ਰਹੀ।
ਉਹਨਾਂ ਦੱਸਿਆ ਕਿ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਵੱਲੋਂ ਕੱਲ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਰੋਸ ਵਜੋਂ ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜ੍ਹ ਕੇ ਸਵੇਰੇ 10:30 ਦੇ ਕਰੀਬ ਲੋਕਾਂ ਨੂੰ ਸਰਕਾਰ ਦੀ ਵਾਅਦਾਖਿਲਾਫ਼ੀ ਤੋਂ ਜਾਣੂ ਕਰਵਾਇਆ ਜਾਵੇਗਾ।
ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਜਲਦ ਤੋਂ ਜਲਦ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਤੇ ਮੀਟਿੰਗ ਸੰਬੰਧੀ ਕਮੇਟੀ ਆਨਾਕਾਨੀ ਨਾ ਕਰੇ ਬਲਕਿ ਮੈਰੀਟੋਰੀਅਸ ਟੀਚਰਾਂ ਦੀ ਸਿੱਖਿਆ ਵਿਭਾਗ ਵਿੱਚ ਮੰਗ ਤੇ ਮੋਹਰ ਲਾਵੇ ਕਿਉਂਕਿ ਬਹੁਤ ਜ਼ਿਆਦਾ ਦੇਰੀ ਪਹਿਲਾਂ ਹੀ ਹੋ ਚੁੱਕੀ ਹੈ।