ਹੱਕਾਂ ਲਈ ਆਵਾਜ਼! ਵਿਸ਼ੇਸ਼ ਅਧਿਆਪਕਾਂ ਦਾ ਧਰਨਾ ਭਾਰੀ ਮੀਂਹ ਤੇ ਗੜੇਮਾਰੀ ‘ਚ ਵੀ ਜਾਰੀ
ਪੰਜਾਬ ਨੈੱਟਵਰਕ, ਮੋਹਾਲੀ-
ਪਿਛਲੇ 19 ਸਾਲਾਂ ਤੋਂ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਅਧੀਨ ਸਰਕਾਰੀ ਸਕੂਲਾਂ ਵਿੱਚ ਦਿਵਿਆਂਗ ਬੱਚਿਆਂ ਨੂੰ ਪੜਾਉਣ ਦਾ ਕਾਰਜ ਕਰ ਰਹੇ ਅਧਿਆਪਕਾਂ ਨੂੰ ਰੈਗੂਲਰ ਨਾ ਕੀਤੇ ਜਾਣ ਦੀ ਵਿਰੋਧ ਵਿੱਚ ਵਿਸ਼ੇਸ਼ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਜੀਐਸਸੀ ਦਫਤਰ ਮੋਹਾਲੀ ਵਿਖੇ ਲੰਮੇ ਸਮੇਂ ਤੋਂ ਲਾਇਆ ਧਰਨਾ ਅੱਜ 54ਵੇਂ ਦਿਨ ਵੀ ਜਾਰੀ ਹੈ।
ਇਸ ਮੌਕੇ ਹਾਜ਼ਰ ਵਿਸ਼ੇਸ਼ ਅਧਿਆਪਕਾਂ ਨੇ ਜੋਰਦਾਰ ਨਾਅਰੇਬਾਜੀ ਕਰਦਿਆਂ ਮੰਗ ਕੀਤੀ ਕੇ ਉਨਾਂ ਦੀਆਂ ਸੇਵਾਵਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਇਸ ਮੌਕੇ ਸੂਬਾ ਪ੍ਰਧਾਨ ਰਮੇਸ਼ ਸਹਾਰਨ ਨੇ ਕਿਹਾ ਕਿ ਉਹਨਾਂ ਦੀ ਭਰਤੀ 2005 ਵਿੱਚ ਨਿਯਮਾਂ ਅਨੁਸਾਰ ਹੋਈ ਸੀ ਪਰ ਸਾਨੂੰ 19 ਸਾਲ ਬੀਤ ਜਾਣ ਦੇ ਬਾਵਜੂਦ ਵੀ ਰੈਗੂਲਰ ਨਹੀਂ ਕੀਤਾ ਗਿਆ। ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਰ ਸਰਕਾਰ ਦੇ ਸਿਰ ਤੇ ਜੂ ਨਹੀਂ ਸਰਕੀ ਸਾਨੂੰ ਨਿਗੁਣੀਆ ਜਿਹੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ।
ਉਨਾਂ ਦੱਸਿਆ ਕਿ ਸਾਲ 2015-16 ਵਿੱਚ ਹਾਈਕੋਰਟ ਦੇ 2017 ਤੋਂ 2019 ਤੱਕ ਦਾ ਬਣਦਾ ਬਕਾਇਆ 79587 ਪ੍ਰਤੀ ਅਧਿਆਪਕ ਦੇਣ ਦਾ ਫੈਸਲਾ ਦਿੱਤਾ ਸੀ, ਜੋ ਅਜੇ ਤੱਕ ਵੀ ਜਾਰੀ ਨਹੀਂ ਕੀਤਾ ਗਿਆ, ਉਨਾਂ ਨੇ ਕਿਹਾ ਕਿ ਸਮੱਗਰਾ ਸਿੱਖਿਆ ਅਭਿਆਨ ਪੰਜਾਬ ਦੇ ਕਰਮਚਾਰੀਆਂ ਨੂੰ 3 ਫੀਸਦੀ ਸਲਾਨਾ ਵਾਧਾ ਦਿੱਤਾ ਗਿਆ ਸੀ ਪਰ ਵਿਸ਼ੇਸ਼ ਅਧਿਆਪਕਾਂ ਤੇ ਇਹ ਵਾਧਾ ਲਾਗੂ ਨਹੀਂ ਕੀਤਾ ਗਿਆ ਜੋ ਕਿ ਸਰਕਾਰ ਦੀ ਕਾਣੀ ਵੰਡ ਹੈ।
ਇਸ ਮੌਕੇ ਪੰਜਾਬ ਦੇ ਸਮੁੱਚੇ ਆਈ ਈ ਆਰ ਟੀ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਉਨਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਤਾਂ ਜੋ ਉਨਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਇਸ ਮੌਕੇ ਦੁਆਬਾ ਜੋਨ ਪ੍ਰਧਾਨ ਅਵਤਾਰ, ਗੁਰਮੀਤ ਸਿੰਘ ਮਾਂਗਟ, ਨਰਿੰਦਰ ਕੁਮਾਰ, ਸੋਨਿਕਾ ਦੱਤਾ, ਕੁਲਵਿੰਦਰ ਸਿੰਘ ਭਾਣਾ, ਰਜੀਵ ਕੁਮਾਰ, ਨੀਰਜ ਕਟੋਚ, ਅਸ਼ੋਕ ਕੁਮਾਰ, ਰਮਨਦੀਪ ਸਿੰਘ, ਸੰਦੀਪ ਕੁਮਾਰ, ਅਮਨ ਕੁਮਾਰ, ਰੋਹਿਤ ਕੁਮਾਰ, ਵਰਿੰਦਰ ਵੋਹਰਾ, ਵਿਸ਼ਾਲ ਵਿਜ ਆਦਿ ਹਾਜ਼ਰ ਸਨ।