ਪੰਜਾਬ ‘ਚ ਅਧਿਆਪਕਾਂ ਦੀ ਹਾਲਤ ਤਰਸਯੋਗ! 20 ਸਾਲਾਂ ਤੋਂ ਠੇਕੇ ‘ਤੇ ਨੌਕਰੀ ਕਰਨ ਲਈ ਮਜ਼ਬੂਰ

All Latest NewsNews FlashPunjab News

 

ਅਧਿਆਪਕਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰੇ ਵਿਭਾਗ -ਡੀ ਟੀ ਐੱਫ

ਫ਼ਿਰੋਜ਼ਪੁਰ

ਪੰਜਾਬ ਦੇ ਸਿੱਖਿਆ ਵਿਭਾਗ ਅੰਦਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ IERT, DSE ਅਤੇ DSET ਪਿਛਲੇ 20 ਸਾਲਾਂ ਤੋਂ ਠੇਕੇ ਅਧੀਨ ਭਰਤੀ ਤਹਿਤ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਇਹਨਾਂ ਅਧਿਆਪਕਾਂ ਦੀ ਭਰਤੀ ਨਿਯਮਤ ਵਿਧੀ (ਪ੍ਰੋਪਰ ਚੈਨਲ) ਰਾਹੀਂ ਕੀਤੀ ਗਈ ਸੀ ਪਰ ਅੱਜ ਤੱਕ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਕਿਸੇ ਵੀ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ।

ਇੰਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕੀਤੇ ਜਾਣ ਦੀ ਮੰਗ ਬਾਰੇ ਗੱਲ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਨੇ ਕਿਹਾ ਕਿ ਸਰਕਾਰ ਨੂੰ ਇੰਨ੍ਹਾਂ ਅਧਿਆਪਕਾਂ ਨੂੰ ਪਹਿਲ ਦੇ ਅਧਾਰ ‘ਤੇ ਰੈਗੂਲਰ ਕਰਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵਿੱਚ ਸਿੱਖਿਆ ਵਿਭਾਗ ਵੱਲੋਂ 3600 ਪੋਸਟਾਂ ਕੱਢਣ ਦਾ ਵਾਅਦਾ ਕੀਤਾ ਹੈ ਜਿਸ ਵਿੱਚ 1100 ਵਿੱਚੋਂ 725 ਪੋਸਟਾਂ ਜਨਤਕ ਕੀਤੀਆਂ ਹਨ, ਬਾਕੀ ਬਚਦੀਆਂ ਪੋਸਟਾਂ ਪਹਿਲਾਂ ਤੋਂ ਹੀ ਕੰਮ ਕਰਦੇ ਵਿਸ਼ੇਸ਼ ਅਧਿਆਪਕਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ।

2018 ਵਿੱਚ ਪੰਜਾਬ ਸਰਕਾਰ ਵੱਲੋਂ 8886 ਅਧਿਆਪਕਾਂ ਨੂੰ ਬਿਨਾਂ ਕਿਸੇ ਸ਼ਰਤ ਤੇ ਸਿੱਖਿਆ ਵਿਭਾਗ ਵਿੱਚ ਪੱਕੇ ਕਰ ਦਿੱਤਾ ਸੀ ਪਰ ਇਹਨਾਂ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਰੈਗੂਲਰ ਨਹੀਂ ਕੀਤਾ ਗਿਆ ਸਗੋਂ ਇਹਨਾਂ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰ ਦਿੱਤੀ ਗਈ।

ਆਗੂਆਂ ਨੇ ਕਿਹਾ ਕਿ ਇਹ ਅਧਿਆਪਕ ਰੈਗੂਲਰ ਹੋਣ ਦੀ ਉਡੀਕ ਵਿੱਚ ਨੌਕਰੀ ਦਾ ਵੱਡਾ ਹਿੱਸਾ ਪੂਰਾ ਕਰ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੀ ਲੀਹਾਂ ਨੂੰ ਪੱਕੀਆਂ ਕਰਦੇ ਹੋਏ ਇੰਨ੍ਹਾਂ ਅਧਿਆਪਕਾਂ ਨੂੰ ਪੱਕਾ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ।

ਜਦਕਿ ਇਸ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਗਾਏ ਹਨ। ਪੰਜਾਬ ਦੇ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਅਧਿਆਪਕਾਂ ਦੀ ਗਿਣਤੀ ਨਾਂ ਮਾਤਰ ਹੈ ਜਦਕਿ ਹਰੇਕ ਸਕੂਲ ਵਿੱਚ ਅਧਿਆਪਕਾਂ ਦੀ ਜਰੂਰਤ ਵੱਡੇ ਪੱਧਰ ‘ਤੇ ਹੈ।

ਆਗੂਆਂ ਨੇ ਮੰਗ ਕੀਤੀ ਕਿ ਇਹਨਾਂ ਅਧਿਆਪਕਾਂ ਨੂੰ ਬਿਨਾਂ ਸ਼ਰਤ ਜਲਦ ਤੋਂ ਜਲਦ ਪੂਰੇ ਲਾਭਾਂ ਸਮੇਤ ਰੈਗੂਲਰ ਕਰਦਿਆਂ ਇਹਨਾਂ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ।

ਇਸ ਮੌਕੇ ਅਮਿਤ ਕੁਮਾਰ ,ਸਰਬਜੀਤ ਸਿੰਘ ਭਾਵੜਾ, ਗੁਰਵਿੰਦਰ ਸਿੰਘ ਖੋਸਾ, ਦਵਿੰਦਰ ਨਾਥ ,ਸਵਰਨ ਸਿੰਘ ਜੋਸਨ, ਸੰਦੀਪ ਕੁਮਾਰ ਮੱਖੂ, ਮਨੋਜ ਕੁਮਾਰ, ਨਰਿੰਦਰ ਸਿੰਘ ਜੰਮੂ, ਬਲਜਿੰਦਰ ਸਿੰਘ, ਇੰਦਰ ਸਿੰਘ ,ਸੰਦੀਪ ਕੁਮਾਰ, ਅਸ਼ਵਿੰਦਰ ਸਿੰਘ ਬਰਾੜ, ਲਖਵਿੰਦਰ ਸਿੰਘ,ਵਰਿੰਦਰਪਾਲ ਸਿੰਘ ਖਾਲਸਾ, ਅਨਿਲ ਧਵਨ, ਹਰਜਿੰਦਰ ਸਿੰਘ ਜਨੇਰ, ਰਾਜੇਸ਼ ਕੁਮਾਰ, ਸੁਮਿਤ ਕੁਮਾਰ, ਹਿਰਦੇ ਨੰਦ,ਯੋਗੇਸ਼ ਨਈਅਰ ਆਦਿ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *