ਸਰਬ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਦਾ ਡੈਲੀਗੇਟ ਇਜਲਾਸ ਸਫਲਤਾ ਪੂਰਵਕ ਸੰਪੰਨ, ਅਸ਼ੋਕ ਢਾਬਾ ਪ੍ਰਧਾਨ ਅਤੇ ਸਨਮਦੀਪ ਸਿੰਘ ਚੁਣੇ ਗਏ ਸਕੱਤਰ
ਸਮਾਜ ਦੀ ਚੇਤਨ ਜਵਾਨੀ ਬੇਰੁਜ਼ਗਾਰ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕ ਸਕਦੀ ਹੈ:-ਗੋਲਡਨ,ਢਾਬਾਂ
ਰਣਬੀਰ ਕੌਰ ਢਾਬਾਂ, ਜਲਾਲਾਬਾਦ-
ਸਰਬ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਦਾ ਡੈਲੀਗੇਟ ਇਜਲਾਸ ਸਥਾਨਕ ਸੁਤੰਤਰ ਭਵਨ ਵਿਖੇ ਸਫਲਤਾ ਪੂਰਵਕ ਸਪੰਨ ਹੋਇਆ। ਅੱਜ ਦੇ ਇਸ ਡੈਲੀਗੇਟ ਇਜਲਾਸ ਦੀ ਪ੍ਰਧਾਨਗੀ ਅਸ਼ੋਕ ਢਾਬਾਂ ਸਨਮਦੀਪ ਢਾਣੀ ਪੰਜਾਬ ਪੂਰਾ ਅਤੇ ਗੁਰਮੇਲ ਕਾਹਨਾ ਨੇ ਕੀਤੀ। ਡੈਲੀਗੇਟ ਇਜਲਾਸ ਦਾ ਉਦਘਾਟਨ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਾਥੀ ਹੰਸਰਾਜ ਗੋਲਡਨ ਨੇ ਕੀਤਾ। ਇਸ ਮੌਕੇ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ ਨੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਦਾ ਇਤਿਹਾਸ ਪ੍ਰਾਪਤੀਆਂ ਭਰਾ ਇਤਿਹਾਸ ਹੈ ਅਤੇ ਜਲਾਲਾਬਾਦ ਦੀ ਨਵੀਂ ਚੁਣੀ ਹੋਈ ਟੀਮ ਇਸ ਇਤਿਹਾਸ ਵਿੱਚ ਹੋਰ ਵਾਧਾ ਕਰੇਗੀ।
ਇਸ ਮੌਕੇ ਆਪਣੇ ਉਦਘਾਟਨੀ ਭਾਸ਼ਣ ਮੌਕੇ ਸੰਬੋਧਨ ਕਰਦਿਆਂ ਸਾਥੀ ਹੰਸਰਾਜ ਗੋਲਡਨ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਨੇ ਕਿਹਾ ਕਿ ਸਮਾਜ ਦੀ ਚੇਤਨ ਜਵਾਨੀ ਹੀ ਬੇਰੁਜ਼ਗਾਰੀ ਤੋਂ ਤੰਗ ਆ ਕੇ ਕੁਰਾਹੇ ਪੈ ਰਹੀ ਜਵਾਨੀ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ।
ਸਾਥੀ ਗੋਲਡਨ ਅਤੇ ਢਾਬਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਚੋਣਾਂ ਦਰਮਿਆਨ ਦੇਸ਼ ਦੀ ਜਵਾਨੀ ਨੂੰ ਭਰਮਾਉਣ ਲਈ ਵੋਟਾਂ ਖਾਤਰ ਝੂਠੇ ਵਾਅਦੇ ਕਰ ਦਿੱਤੇ ਜਾਂਦੇ ਹਨ, ਪਰੰਤੂ ਜਿੱਤਣ ਤੋਂ ਬਾਅਦ ਉਹਨਾਂ ਦਾ ਬਣਦਾ ਹੱਕ ਰੁਜ਼ਗਾਰ ਦੇਣ ਤੋਂ ਟਾਲਾ ਵੱਟ ਲਿਆ ਜਾਂਦਾ ਹੈ,ਜਿਸ ਨੂੰ ਹੁਣ ਚੇਤਨ ਜੁਆਨੀ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕਰੇਗੀ।
ਇਸ ਮੌਕੇ ਬਲਾਕ ਜਲਾਲਾਬਾਦ ਦੇ ਡੈਲੀਗੇਟ ਜਲਾਸ ਵਿੱਚ ਇੱਕ 27 ਮੈਂਬਰੀ ਬਲਾਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਬਲਾਕ ਕਮੇਟੀ ਦੇ ਅਸ਼ੋਕ ਢਾਬਾਂ ਨੂੰ ਬਲਾਕ ਪ੍ਰਧਾਨ, ਸਨਮਦੀਪ ਪੰਜਾਬ ਪੁਰਾ ਨੂੰ ਸਕੱਤਰ, ਕ੍ਰਮਵਾਰ ਸੋਨਾ ਸਿੰਘ ਜੱਲਾ ਲੱਖੇ ਕੇ ਹਿਠਾੜ, ਸਗਨ ਸੰਤੋਖਾ ਅਤੇ ਗੁਰਮੁਖ ਸਿੰਘ ਢੰਡੀਆਂ ਨੂੰ ਮੀਤ ਪ੍ਰਧਾਨ, ਕ੍ਰਮਵਾਰ ਗੁਰਮੇਲ ਕਾਹਨਾ,ਡਾਕਟਰ ਧਰਮਿੰਦਰ ਸਿੰਘ ਮੁਰਕ ਵਾਲਾ,ਲਵਪ੍ਰੀਤ ਕਾਠਗੜ੍ਹ ਨੂੰ ਮੀਤ ਸਕੱਤਰ ਅਤੇ ਅਰਵੀਨ ਢਾਬਾਂ ਨੂੰ ਬਲਾਕ ਖਜਾਨਚੀ ਚੁਣਿਆ ਗਿਆ। ਇਸ ਮੌਕੇ ਨਵੀਂ ਚੁਣੀ ਗਈ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਏਆਈਐਸਐਫ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ, ਨੌਜਵਾਨ ਆਗੂ ਨਰਿੰਦਰ ਢਾਬਾਂ ਅਤੇ ਕਰਨੈਲ ਬੱਗੇ ਕੇ ਨੇ ਕਿਹਾ ਕਿ ਨਵੀਂ ਚੁਣੀ ਗਈ ਬਲਾਕ ਕਮੇਟੀ ਅਤੇ ਸਕੱਤਰੇਤ ਪਰਮਗੁਣੀ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਆਪਣਾ ਅਹਿਮ ਯੋਗਦਾਨ ਪਾਏਗੀ ਅਤੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਵਾਏਗੀ।
ਇਸ ਡੈਲੀਗੇਟ ਅਜਲਾਸ ਵਿੱਚ ਮਤਾ ਪਾਸ ਕੀਤਾ ਗਿਆ ਕਿ “ਬਨੇਗਾ ਪ੍ਰਾਪਤੀ ਮੁਹਿੰਮ” ਦੇ ਬੈਨਰ ਹੇਠ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ ਬਨੇਗਾ ਭਾਵ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜਿਸ ਅਨੁਸਾਰ ਹਰ ਇਕ ਨੂੰ (ਜੋ ਚਾਹੁੰਦਾ ਹੈ) ਉਹਦੀ ਯੋਗਤਾ ਅਨੁਸਾਰ ਕੰਮ ਅਤੇ ਕੰਮ ਅਨੁਸਾਰ ਤਨਖਾਹ ਅਣ-ਸਿੱਖਿਅਤ ਨੂੰ 30,000/-,ਅਰਧ -ਸਿੱਖਿਅਤ ਨੂੰ 35,000/-, ਸਿੱਖਿਅਤ ਨੂੰ 45,000/- ਅਤੇ ਉੱਚ -ਸਿੱਖਿਅਤ ਨੂੰ 60,000/- ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਗਰੰਟੀ ਲਈ ਅਤੇ ਜੇਕਰ ਸਰਕਾਰ ਇਕ ਸਾਲ ਦੇ ਅੰਦਰ ਕੰਮ ਦੇਣ ਵਿੱਚ ਅਸਫਲ ਹੈ ਤਾਂ ਉਕਤ ਤਨਖਾਹ ਦਾ ਅੱਧਾ ਹਿੱਸਾ ਕੰਮ ਇੰਤਜ਼ਾਰ ਭੱਤਾ ਲਾਜ਼ਮੀ ਕਰਵਾਉਣ, ਬਨੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ‘ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਹੋਵੇ’, ਹਰ ਇਕ ਲਈ ਮੁਫ਼ਤ ਅਤੇ ਲਾਜ਼ਮੀ ਵਿਗਿਆਨਕ ਸਿੱਖਿਆ, ਮੁਫ਼ਤ ਸਿਹਤ ਸਹੂਲਤਾਂ, ਵਾਤਾਵਰਣ ਅਤੇ ਪਾਣੀਆਂ ਦੀ ਸੰਭਾਲ, ਚੰਗੀ ਉਸਾਰੂ ਖੇਡ ਨੀਤੀ ਅਤੇ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਆਦਿ ਦੀ ਪ੍ਰਾਪਤੀ ਲਈ ਸਮੁੱਚੇ ਬਲਾਕ ਦੇ ਹਰ ਪਿੰਡ, ਗਲੀ/ਮੁਹੱਲੇ ਅਤੇ ਕਸਬੇ ਵਿੱਚ ਜਾ ਕੇ ਸਰਗਰਮੀ ਕੀਤੀ ਜਾਵੇਗੀ।