UGC ਰੈਗੂਲੇਸ਼ਨ 2018 ਪੇ-ਸਕੇਲ ਲਾਗੂ ਹੋਣ ਤੱਕ ਪੰਜਾਬੀ ਯੂਨੀਵਰਸਿਟੀ ਦੇ ਕੱਚੇ ਅਧਿਆਪਕਾਂ ਦੀ ਭੁੱਖ ਹੜਤਾਲ ਰਹੇਗੀ ਜਾਰੀ
ਸਿਰਫ ਕੰਟਰੈਕਟ ਅਧਿਆਪਕਾਂ ਨੂੰ ਹੀ ਰੱਖਿਆ ਜਾ ਰਿਹਾ ਹੈ ਵਾਂਝੇ
ਪੰਜਾਬ ਨੈੱਟਵਰਕ ਪਟਿਆਲਾ
ਪੰਜਾਬੀ ਯੂਨੀਵਰਸਿਟੀ ਕੰਟਰੈਕਟ ਅਧਿਆਪਕ ਐਸੋਸੀਏਸ਼ਨ (ਪੁਕਟਾ) ਨੇ ਬੁੱਧਵਾਰ ਤੋਂ ਅਪਣਾ ਧਰਨਾ ਤਿੱਖਾ ਕਰ ਦਿੱਤਾ ਹੈ। ਇਸਦੇ ਤਹਿਤ ਪੁਕਟਾ ਆਗੂਆਂ ਨੇ ਅਪਣੀ ਲੜ੍ਹੀਵਾਰ ਭੁੱਖ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਪੁਕਟਾ ਆਗੂਆਂ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਨੇ ਕੰਟਰੈਕਟ ਅਧਿਆਪਕਾਂ ਨੂੰ ਛੱਡ ਕੇ ਬਾਕੀ ਸਭ ਅਧਿਆਪਕ ਸ਼੍ਰੇਣੀਆਂ ਉਤੇ ਯੂ.ਜੀ.ਸੀ. ਰੈਗੂਲੇਸ਼ਨ 2018 ਪੇ ਸਕੇਲ ਲਾਗੂ ਕਰ ਦਿੱਤਾ ਹੈ। ਯੂਨੀਵਰਸਿਟੀ ਸਰਕਾਰ ਨੂੰ ਹਨ੍ਹੇਰੇ ਵਿੱਚ ਰੱਖ ਕੇ ਸਰਕਾਰ ਨੂੰ ਬਦਨਾਮ ਕਰ ਰਹੀ ਹੈ।
ਬੁੱਧਵਾਰ ਨੂੰ ਸ਼ੁਰੂ ਕੀਤੀ ਗਈ ਭੁੱਖ ਹੜ੍ਹਤਾਲ ਵਿੱਚ ਪੁਕਟਾ ਆਗੂ ਡਾ. ਲਵਦੀਪ ਸ਼ਰਮਾ, ਡਾ. ਬਲਜਿੰਦਰ ਸਿੰਘ ਅਤੇ ਡਾ. ਤੇਜਿੰਦਰ ਪਾਲ ਸਿੰਘ ਨੇ ਪੂਰਾ ਦਿਨ ਭੁੱਖੇ ਰਹਿ ਕੇ ਇਸ ਲੜ੍ਹੀਵਾਰ ਭੁੱਖ ਹੜ੍ਹਤਾਲ ਦੀ ਸ਼ੁਰੂਆਤ ਕੀਤੀ। ਪੰਜਾਬੀ ਯੂਨੀਵਰਸਿਟੀ ਅਧੀਨ ਕੰਮ ਕਰ ਰਹੇ 100 ਤੋਂ ਵੱਧ ਅਧਿਆਪਕਾਂ ਨੇ ਖੁੱਲ੍ਹ ਕੇ ਇਸ ਹੜ੍ਹਤਾਲ ਦੀ ਹਮਾਇਤ ਕੀਤੀ ਅਤੇ ਯੂਨੀਵਰਸਿਟੀ ਨੂੰ ਚੇਤਾਇਆ ਕਿ ਜੇਕਰ ਉਹਨਾਂ ਦੀ ਜਾਇਜ ਮੰਗ ਨਾ ਮੰਨੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪੁਕਟਾ ਪ੍ਰਧਾਨ ਡਾ. ਤਰਨਜੀਤ ਕੋਰ ਨੇ ਦੱਸਿਆ ਕਿ ਕੰਟਰੈਕਟ ਅਧਿਆਪਕ ਯੂ.ਜੀ.ਸੀ. ਦੁਆਰਾ 2018 ਵਿੱਚ ਪ੍ਰਵਾਨਿਤ ਪੇ ਕਮਿਸ਼ਨ ਸਮੂਹ ਕੰਟਰੈਕਟ ਅਧਿਆਪਕਾਂ ਉਤੇ ਲਾਗੂ ਕਰਵਾਉਣ ਲਈ ਧਰਨਾ ਦੇ ਰਹੇ ਹਨ। ਯੂਨੀਵਰਸਿਟੀ ਅਥਾਰਟੀ ਆਪਣੇ ਕੀਤੇ ਗਏ ਵਾਅਦੇ ਉਤੇ ਬਿਲਕੁਲ ਵੀ ਖਰਾ ਨਹੀਂ ਉੱਤਰ ਰਹੀ ਹੈ। ਇਸ ਲਈ ਅੱਜ ਤੋਂ ਯੂਨੀਵਰਸਿਟੀ ਅਥਾਰਟੀ ਖਿਲਾਫ਼ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ।
ਅਧਿਆਪਕ ਆਗੂ ਡਾ. ਲਵਦੀਪ ਸ਼ਰਮਾਂ ਅਨੁਸਾਰ ਯੂਨੀਵਰਸਿਟੀ ਅਥਾਰਟੀ ਪੰਜਾਬ ਸਰਕਾਰ ਨੂੰ ਵੀ ਹਨ੍ਹੇਰੇ ਵਿੱਚ ਰੱਖ ਰਹੀ ਹੈ।
ਅਧਿਆਪਕਾਂ ਦੀਆਂ ਬਾਕੀਆਂ ਸ਼੍ਰੇਣੀਆਂ ਦਾ ਪੇ ਸਕੇਲ ਯੂਨੀਵਰਸਿਟੀ ਨੇ ਅਪਣੇ ਪੱਧਰ ਉਤੇ ਵਧਾ ਦਿੱਤਾ ਹੈ ਪਰੰਤੂ ਕੰਟਰੈਕਟ ਅਧਿਆਪਕਾਂ ਬਾਰੇ ਸਰਕਾਰੀ ਕਾਲਜਾਂ ਦੇ ਨਿਯਮ ਦੱਸੇ ਜਾ ਰਹੇ ਹਨ। ਜਦਕਿ ਯੂਨੀਵਰਸਿਟੀ ਦੇ ਸਾਰੇ ਕੰਟਰੈਕਟ ਅਧਿਆਪਕ ਯੋਗ ਅਤੇ ਯੂ.ਜੀ.ਸੀ. ਦੀਆਂ ਸਾਰੀਆਂ ਸ਼ਰਤਾਂ ਅਤੇ ਨਿਯਮ ਪੂਰੇ ਕਰਦੇ ਹਨ। ਇਸ ਦੇ ਬਾਵਜੂਦ ਉਹਨਾਂ ਨੂੰ ਤਨਖਾਹ ਦੇਣ ਦੇ ਮਸਲੇ ਵਿੱਚ ਵੱਖ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਦੀ ਮੰਗ ਜਲਦੀ ਪੂਰੀ ਨਹੀਂ ਕੀਤੀ ਗਈ ਤਾਂ ਰੋਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।