ਸਕੂਲ ਇੰਚਾਰਜ ਸਸਪੈਂਡ ਕੀਤੇ ਜਾਣ ‘ਤੇ ਭੜਕੇ ਡੀਟੀਐਫ਼ ਪ੍ਰਧਾਨ! ਕਿਹਾ- ਟੀਚਰ ਪੱਲਿਓਂ ਪੈਸੇ ਖ਼ਰਚ ਕਰਕੇ ਮੰਤਰੀਓਂ ਤੁਹਾਡੀ ਆਓ ਭਗਤ ਕਰਦੇ ਨੇ, ਤੁਸੀਂ ਉਨ੍ਹਾਂ ਨੂੰ ਟਿੱਚਰਾਂ ਕਰ ਰਹੇ ਹੋ.. ਸ਼ਰਮ ਕਰੋ!
ਪੰਜਾਬ ਨੈੱਟਵਰਕ, ਚੰਡੀਗੜ੍ਹ-
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਜ਼ਿਲ੍ਹਾ ਤਰਨਤਾਰਨ ਦੇ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵੱਲੋਂ ਮੁਅੱਤਲ ਕੀਤੇ ਜਾਣ ਅਤੇ ਸਿੱਖਿਆ ਮੰਤਰੀ ਪੰਜਾਬ ਵੱਲੋਂ ਜ਼ਮੀਨੀ ਹਾਲਾਤ ਨਾ ਦੇਖਦੇ ਹੋਏ ਇਸਨੂੰ ਸੋਸ਼ਲ ਮੀਡੀਆ ‘ਤੇ ਪ੍ਰਚਾਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਡੀਟੀਐਫ਼ ਦੇ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸਿੱਖਿਆ ਵਿਭਾਗ ਵੱਲੋਂ ਉਦਘਾਟਨ ਲਈ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਜਾ ਸਕੀ ਹੈ, ਪੰਜਾਬ ਦੇ ਅਧਿਆਪਕ ਬੜੀ ਮਿਹਨਤ ਨਾਲ ਉਦਘਾਟਨ ਸਮਾਰੋਹ ਕਰਵਾ ਰਹੇ ਹਨ ਅਤੇ 5000/-,10000/-, 20000/- ਰੁਪਏ ਵਿੱਚ ਰਾਜਨੀਤਕ ਆਗੂਆਂ ਦੀ ਆਓ ਭਗਤ ਕਰ ਰਹੇ ਹਨ।
ਜਦਕਿ ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਨਾ ਕਿ ਕਿਸੇ ਦੀ ਆਓ ਭਗਤ ਕਰਨਾ। ਅਧਿਆਪਕਾਂ ਵੱਲੋਂ ਇਸ ਕੰਮ ਵਿੱਚ ਜੇਕਰ ਵਿਦਿਆਰਥੀਆਂ ਦਾ ਸਹਿਯੋਗ ਲਿਆ ਗਿਆ ਹੈ ਤਾਂ ਇਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਜਿਸ ਵੱਲੋਂ ਬਹੁਤ ਥੋੜ੍ਹੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਹੈ।
ਪੰਜਾਬ ਦੇ ਹਜ਼ਾਰਾਂ ਸਕੂਲਾਂ ਵਿੱਚ ਅਧਿਆਪਕ ਪੀਅਨ, ਸਫ਼ਾਈ ਸੇਵਕ, ਕਲਰਕ ਅਤੇ ਹੋਰ ਗੈਰ ਵਿੱਦਿਅਕ ਕੰਮ ਕਰਦੇ ਹਨ ਤਦ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਕੁਝ ਦਿਖਾਈ ਨਹੀਂ ਦਿੰਦਾ ਜੇਕਰ ਕਿਸੇ ਸਕੂਲ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦਾ ਸਹਿਯੋਗ ਲੈ ਲਿਆ ਗਿਆ ਤਾਂ ਇਹ ਉਸ ਵੱਲੋਂ ਕੋਈ ਕ੍ਰਾਈਮ ਨਹੀਂ ਕਰ ਦਿੱਤਾ ਗਿਆ ਹੈ।
ਇਸ ਲਈ ਡੀ ਟੀ ਐੱਫ ਇਹ ਸਮਝਦੀ ਹੈ ਕਿ ਜੇਕਰ ਸਿੱਖਿਆ ਵਿਭਾਗ ਅਧਿਆਪਕਾਂ ਤੋਂ ਅਜਿਹੇ ਕੰਮ ਕਰਵਾਉਂਦਾ ਹੈ ਜੋ ਉਨ੍ਹਾਂ ਦੇ ਪੱਧਰ ਦੇ ਨਹੀਂ ਅਤੇ ਉਹ ਫਿਰ ਵੀ ਸਕੂਲਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਲਈ ਕਰ ਰਹੇ ਹਨ ਤਾਂ ਵਿਭਾਗ ਨੂੰ ਵੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਤੋਂ ਸਹਿਯੋਗ ਲੈਣ ਵਾਲੀ ਘਟਨਾ ਨੂੰ ਇਸ ਤਰ੍ਹਾਂ ਵਧਾ ਚੜ੍ਹਾ ਕੇ ਕਿਸੇ ਕ੍ਰਾਈਮ ਵਾਂਗ ਪੇਸ਼ ਨਹੀਂ ਕਰਨਾ ਚਾਹੀਦਾ।
ਜੇਕਰ ਇਸ ਮਸਲੇ ਨੂੰ ਸਿੱਖਿਆ ਵਿਭਾਗ ਵੱਲੋਂ ਠੀਕ ਢੰਗ ਨਾਲ ਨਾ ਨਜਿੱਠਿਆ ਗਿਆ ਤਾਂ ਅਸੀਂ ਅਧਿਆਪਕਾਂ ਨੂੰ ਵਿਭਾਗ ਨਾਲ ਸਿੱਖਿਆ ਤੋਂ ਇਲਾਵਾ ਹੋਰ ਕੰਮਾਂ ਵਿੱਚ ਸਹਿਯੋਗ ਨਾ ਦੇਣ ਦਾ ਸੱਦਾ ਦੇਣ ਲਈ ਮਜਬੂਰ ਹੋਵਾਂਗੇ।