Opinion: ਅਸੀਂ ਕਿਹੜੇ ਬਨੇਰਿਆਂ ‘ਤੇ ਦੀਵੇ ਬਾਲੀਏ?
-ਗੁਰਪ੍ਰੀਤ
ਇਸੇ ਸਾਲ ਅਗਸਤ ਮਹੀਨੇ ਵਿੱਚ ਪੰਜਾਬ ਅੰਦਰ ਆਏ ਹੜਾਂ ਨੇ, ਜਿੱਥੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਹੈ, ਉਥੇ ਹੀ 16-17 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਤਬਾਹੀ ਇਸ ਵੇਲੇ ਮਚੀ, ਉਸ ਨੇ 1988 ਦੇ ਵਿੱਚ ਰਿਕਾਰਡ ਤੋੜ ਦਿੱਤੇ। ਪੰਜਾਬ ਦੀ ਕਰੀਬ 5 ਲੱਖ ਏਕੜ ਤੋਂ ਵੱਧ ਫਸਲ ਪੂਰੀ ਤਰ੍ਹਾਂ ਇਹਨਾਂ ਹੜਾਂ ਦੀ ਲਪੇਟ ਵਿੱਚ ਆ ਗਈ। ਇਸ ਤੋਂ ਇਲਾਵਾ ਕਰੀਬ 3000 ਪਿੰਡ ਹੜਾਂ ਕਾਰਨ ਪ੍ਰਭਾਵਿਤ ਹੋਏ, ਇਹਨਾਂ ਪਿੰਡਾਂ ਦੇ ਕਰੀਬ 4 ਲੱਖ ਲੋਕ ਘਰ ਛੱਡਣ ਲਈ ਮਜਬੂਰ ਹੋ ਗਏ, ਪਰ ਇਸੇ ਵਿਚਾਲੇ ਹਾਲੇ ਜਿੱਥੇ ਪੰਜਾਬ ਦੇ ਉਹ ਲੋਕ ਪੈਰਾਂ ਸਿਰ ਖੜੇ ਨਹੀਂ ਸੀ ਹੋ ਰਹੇ, ਉੱਥੇ ਸਭਨਾਂ ਲਈ ਮਨਾਈ ਜਾਣ ਵਾਲੀ ਦਿਵਾਲੀ ਆ ਗਈ। ਦਿਵਾਲੀ ਦਾ ਜਸ਼ਨ ਇਸ ਵਾਰ ਸਮੇਂ ਤੋਂ ਪਹਿਲਾਂ ਕਰੀਬ 10 ਦਿਨ ਆਇਆ। ਇਨਾਂ ਜਰੂਰ ਕਹਿ ਸਕਦੇ ਹਾਂ ਕਿ, ਹਾਲੇ ਵੀ ਪੰਜਾਬ ਦੀ ਹਜ਼ਾਰਾਂ ਏਕੜ ਫਸਲ ਖੇਤਾਂ ਦੇ ਵਿੱਚ ਖੜੀ ਹੋਈ ਹੈ। ਲੱਖਾਂ ਏਕੜ ਫਸਲ ਹੜ੍ਹਾਂ ਵਿਚ ਤਬਾਹ ਹੋ ਚੁੱਕੀ ਹੈ, ਉਹਨਾਂ ਕਿਸਾਨਾਂ ਮਜ਼ਦੂਰਾਂ ਦੇ ਪੱਲੇ ਕੱਖ ਨਹੀਂ ਬਚਿਆ, ਜਿਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਘਰ ਬਾਰ ਤਬਾਹ ਹੋ ਗਏ ਮਾਲ ਡੰਗਰ ਸਭ ਰੁੜ ਗਿਆ ਜਾਂ ਫਿਰ ਮਰ ਗਿਆ।
ਹੁਣ ਤਾਂ ਸੋਚਾਂ ਵਿੱਚ ਉਹ ਹੜ੍ਹਾਂ ਮਾਰੀ ਅਵਾਮ ਡੁੱਬੀ ਹੋਈ ਹੈ ਕਿ, “ਅਸੀਂ ਕਿਹੜੇ ਬਨੇਰਿਆਂ ‘ਤੇ ਦੀਵੇ ਬਾਲੀਏ?” ਘਰ ਤਾਂ ਸਭ ਤਬਾਹ ਹੋ ਗਏ, ਫਸਲਾਂ ਹੜ੍ਹਾਂ ਦਾ ਪਾਣੀ ਖਾ ਗਿਆ।
ਖ਼ੈਰ, ਲਹਿੰਦੇ ਤੇ ਚੜਦੇ ਪੰਜਾਬ ਵਿੱਚ ਜਿੱਥੇ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਏ ਜਾਂਦੇ ਨੇ, ਉੱਥੇ ਜਦੋਂ ਅਜਿਹੀ ਬਿਪਤਾ ਪੈਂਦੀ ਹੈ ਤਾਂ ਉਸ ਵੇਲੇ ਮਨ ਬੇਹਦ ਦੁੱਖੀ ਹੁੰਦਾ। ਪੰਜਾਬ ਜਿਹੜਾ ਕਈ ਵਾਰ ਵੱਖੋ ਵੱਖ ਤਰੀਕਿਆਂ ਦੇ ਨਾਲ ਢਹਿੰਦਾ ਰਿਹਾ ਹੈ, ਉਹ ਆਪਣੇ ਪੈਰਾਂ ਸਿਰ ਕਦੇ ਕਦੇ ਆਪ ਵੀ ਖੜਾ ਹੁੰਦਾ ਰਿਹਾ। ਹੜਾਂ ਦੇ ਕਾਰਨ ਆਈਆਂ ਮੁਸੀਬਤਾਂ ਦੇ ਵਿੱਚੋਂ ਕੱਢਣ ਲਈ ਭਾਵੇਂ ਹੀ ਸਰਕਾਰਾਂ ਦੇ ਵੱਲੋਂ ਮਦਦ ਕਰਨ ਦੇ ਦਾਅਵੇ ਕੀਤੇ ਗਏ ਪਰ ਉਹਨਾਂ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀ ਇਸ ਵਾਰ ਵੀ ਕਾਲੀ ਦਿਵਾਲੀ ਰਹੀ, ਕਿਉਂਕਿ ਹਰ ਸਾਲ ਜਦੋਂ ਵੀ ਝੋਨੇ ਦੀ ਫਸਲ ਕੱਟਣ ਦੀ ਵਾਰੀ ਆਉਂਦੀ ਹੈ, ਤਾਂ ਉਦੋਂ ਕੁਦਰਤ ਕਹਿਰ ਵਿਖਾ ਦਿੰਦੀ ਹੈ। ਕੁਦਰਤ ਦਾ ਕਹਿਰ ਕਿਸੇ ਨੇ ਰੋਕਿਆ ਨਹੀਂ ਅਤੇ ਨਾ ਹੀ ਇਹ ਰੁਕ ਸਕਦਾ।
ਕੁਦਰਤੀ ਨਿਯਮ ਨੇ ਬਾਰਿਸ਼ਾਂ ਪੈਂਦੀਆਂ ਨੇ, ਪਰ ਖਮਿਆਜਾ ਸਿਰਫ ਤੇ ਸਿਰਫ ਕਿਸਾਨ ਅਤੇ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਭੁਗਤਣਾ ਪੈਂਦਾ, ਜਿਹੜੇ ਇਸ ਆਸਮਾਨ ਦੇ ਥੱਲੇ ਸੋਹਣੀ ਜ਼ਿੰਦਗੀ ਬਤੀਤ ਕਰਨ ਦਾ ਸੁਪਨਾ ਵੇਖਦੇ ਨੇ। ਵੱਡੇ ਮਹਿਲਾਂ ਵਾਲੇ ਕੀ ਜਾਨਣ ਇੱਕ ਕਿਸਾਨ ਦਾ ਦੁਖੜਾ, ਜਿਨਾਂ ਨੂੰ ਮੋਟੇ ਇਸ਼ਤਿਆਰਾਂ ਦੇ ਨਾਲ ਮਤਲਬ ਹੈ, ਅਖਬਾਰਾਂ ਵਿੱਚ ਮੋਟੀਆਂ ਸੁਰਖੀਆਂ ਬਟੋਰਨ ਦਾ ਮਤਲਬ ਹੈ, ਉਹ ਹੱਸ ਹੱਸ ਕੇ ਖਿੜ ਖਿੜ ਕੇ, ਅੱਜ ਦਿਵਾਲੀ ਮੁਬਾਰਕ ਦੇ ਸੁਨੇਹੇ ਘਲ ਰਹੇ ਨੇ। ਪਰ ਕੀ ਅਸੀਂ ਉਹਨਾਂ ਪਰਿਵਾਰਾਂ ਦੀ, ਉਹਨਾਂ ਲੋਕਾਂ ਦੀ, ਗੱਲ ਕਰਾਂਗੇ, ਜਿਨਾਂ ਪਰਿਵਾਰਾਂ ਦਾ ਮਾਲ ਡੰਗਰ, ਘਰ ਬਾਹਰ ਅਤੇ ਫ਼ਸਲ ਤੋਂ ਇਲਾਵਾ ਜ਼ਮੀਨ ਸਭ ਤਬਾਹ ਹੋ ਗਈ!?
ਹੜਾਂ ਤੋਂ ਕੁਝ ਮਹੀਨੇ ਪਹਿਲਾਂ ਲੱਗੀ ਜੰਗ ਨੇ, ਭਾਰਤ ਪਾਕਿਸਤਾਨ ਦੇ ਲੋਕਾਂ ਨੂੰ ਇਹ ਗੱਲ ਤਾਂ ਸਿਖਾ ਦਿੱਤੀ ਕਿ, ਭਾਈ ਜੰਗ ਦਾ ਕੋਈ ਫਾਇਦਾ ਨਹੀਂ, ਜੰਗ ਤਬਾਹੀ ਦਾ ਹੀ ਘਰ ਹੈ, ਜੰਗ ਕਾਰਨ ਆਮ ਬੰਦੇ ਨੂੰ ਕੋਈ ਫਾਇਦਾ ਨਹੀਂ ਹੁੰਦਾ, ਬਲਕਿ ਨੁਕਸਾਨ ਹੀ ਹੁੰਦੇ। ਇਧਰ ਮਰ ਜਾਣ ਜਾਂ ਫਿਰ ਉਧਰ ਮਰ ਜਾਣ, ਗੱਲ ਤਾਂ ਇੱਕੋ ਹੀ ਹੈ। ਮਰਦੇ ਤਾਂ ਬੰਦੇ ਹੀ ਨੇ..! ਹੜਾਂ ਦੇ ਵਿੱਚ ਵੀ ਇੰਝ ਹੀ ਹੋਇਆ, ਮਰੇ ਤਾਂ ਆਮ ਬੰਦੇ, ਪਸ਼ੂ ਪੰਛੀ ਅਤੇ ਸਾਡੇ ਕਰੀਬੀ…! ਪਰ ਕੋਈ ਲੀਡਰ ਤਾਂ ਇਸ ਵਿੱਚ ਨਾ ਰੁੜਿਆ। ਦਿਵਾਲੀ ਉਹਨਾਂ ਲੋਕਾਂ ਦੀ ਤਾਂ ਪਹਿਲੋਂ ਵੀ ਸ਼ਾਨਦਾਰ ਸੀ ਅਤੇ ਅੱਜ ਵੀ ਸ਼ਾਨਦਾਰ ਹੈ ਅਤੇ ਅੱਗੇ ਵੀ ਸ਼ਾਨਦਾਰ ਰਹੇਗੀ, ਜਿਹੜੇ ਇਸ ਧਰਤੀ ਨੂੰ ਲੁੱਟ ਰਹੇ ਨੇ, ਪਾਣੀ ਖਤਮ ਕਰ ਰਹੇ ਨੇ ਅਤੇ ਹੋਰ ਤੇ ਹੋਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਨੇ। ਪਰ ਮਰੇਗਾ ਹਮੇਸ਼ਾ ਕਿਸਾਨ ਮਜ਼ਦੂਰ ਤੇ ਆਮ ਬੰਦਾ, ਜਿਨਾਂ ਉਤੇ ਹਮੇਸ਼ਾ ਹੀ ਕੋਈ ਨਾ ਕੋਈ ਮੁਸੀਬਤ ਆਣ ਪੈਂਦੀ ਹੈ। ਇਹ ਮੁਸੀਬਤ ਕੋਈ ਅੱਜ ਦੀ ਨਹੀਂ ਆਉਣ ਲੱਗੀ, ਲੰਮੇ ਸਮੇਂ ਤੋਂ ਕੁਦਰਤ ਨੇ, ਇਹਨਾਂ ਲੋਕਾਂ ਦੇ ਨਾਲ ਵਿਤਕਰਾ ਕੀਤਾ ਹੈ। ਲੰਬੇ ਸਮੇਂ ਤੋਂ ਕੁਦਰਤ ਪਤਾ ਨਹੀਂ ਕਿਉਂ, ਇਹਨਾਂ ਲੋਕਾਂ (ਕਿਸਾਨਾਂ ਮਜ਼ਦੂਰਾਂ) ਦੇ ਨਾਲ ਨਰਾਜ਼ ਹੈ? ਹਰ ਵਾਰ ਕਿਸਾਨ ਮਜ਼ਦੂਰ ਹੀ ਪੀੜਿਆ ਜਾਂਦਾ ਦੁੱਖਾਂ ਦਰਦਾਂ ਦੇ ਵਿੱਚ..! ਪਰ ਉਸ ਦੀ ਸੁਨਣ ਵਾਲਾ ਕੋਈ ਨਹੀਂ ਹੁੰਦਾ, ਸਰਕਾਰ ਵੀ ਇੱਕ ਸਮੇਂ ‘ਤੇ ਆ ਕੇ ਇਹ ਕਹਿ ਦਿੰਦੀ ਹੈ ਕਿ ਅਸੀਂ ਤੁਹਾਡੀ ਮਦਦ ਕਰਾਂਗੇ, ਪਰ ਕਰਦਾ ਕੋਈ ਵੀ ਨਹੀਂ, ਸਿਰਫ ਤਮਾਸ਼ਾ ਵੇਖਦੇ ਨੇ, ਅਤੇ ਹਾਸੋਹੀਣੀਆਂ ਗੱਲਾਂ ਕਰਕੇ ਆਪਣੀਆਂ ਸੁਰਖੀਆਂ ਬਟੋਰਦੇ ਨੇ।
ਅਗਲੇ ਦਿਨਾਂ ਦੀ ਗੱਲ ਕਰੀਏ ਤਾਂ, ਕਣਕ ਬੀਜਣ ਵਾਲੀ ਹੈ। ਕਣਕ ਬੀਜਣ ਵਾਸਤੇ ਕਿਸਾਨਾਂ ਦੇ ਕੋਲ ਪੈਲੀ ਨਹੀਂ, ਸੈਂਕੜੇ ਏਕੜ ਫਸਲ ਦਰਿਆ ਪੈਲੀ ਖਾ ਗਿਆ, ਹਜ਼ਾਰਾਂ ਏਕੜ ਫਸਲ ਵਿੱਚ ਹਾਲੇ ਵੀ ਰੇਤਾ ਦੇ ਟਿੱਬੇ ਉੱਚੇ ਉੱਚੇ ਲੱਗੇ ਪਏ ਨੇ। ਪਹਾੜਾਂ ਤੋਂ ਆਈ ਇਸ ਰੇਤ ਨੇ, ਜਿੱਥੇ ਕਿਸਾਨਾਂ ਦੇ ਸੁਪਨਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਉਥੇ ਹੀ ਅਗਲੀ ਪੀੜੀ ਨੂੰ ਵੀ ਇਹ ਸੁਨੇਹਾ ਦੇ ਦਿੱਤਾ ਕਿ ਜੇਕਰ ਤੁਸੀਂ ਕੁਦਰਤ ਨਾਲ ਖਿਲਵਾੜ ਕਰੋਗੇ ਤਾਂ, ਇਸਦਾ ਖਮਿਆਜਾ ਭੁਗਤਣਾ ਪਵੇਗਾ।
ਕੁਦਰਤ ਨਾਲ ਖਿਲਵਾੜ ਤਾਂ ਵੈਸੇ, ਸਭ ਤੋਂ ਵੱਧ ਕਾਰਪੋਰੇਟ ਘਰਾਣੇ ਕਰ ਰਹੇ ਨੇ। ਜਿਹੜੇ ਪੈਲੀਆਂ ‘ਤੇ ਕਬਜ਼ੇ ਕਰਕੇ ਵੱਡੀਆਂ ਵੱਡੀਆਂ ਮਹਿਲ ਮਾੜੀਆਂ ਉਸਾਰ ਰਹੇ ਨੇ, ਜਿਹੜੀਆਂ ਕਿ ਸਾਡੀ ਤਬਾਹੀ ਦਾ ਕਾਰਨ ਬਣ ਰਹੀਆਂ ਨੇ। ਪੰਜਾਬ ਨੂੰ ਉਜਾੜਨ ਲਈ ਲੈਂਡ ਲੁੱਟ ਪਾਲਿਸੀਆਂ ਲਿਆਂਦੀਆਂ ਜਾ ਰਹੀਆਂ ਨੇ ਅਤੇ ਹੋਰ ਵੀ ਕਾਨੂੰਨ ਵਿਚ ਕਈ ਸੋਧਾਂ ਕਰਕੇ, ਪੈਲੀਆਂ ਨੂੰ ਖਤਮ ਕਰਕੇ, ਉਥੇ ਵੱਡੇ ਵੱਡੇ ਮਾਲ ਅਤੇ ਬਿਲਡਿੰਗਾਂ ਉਸਾਰਨ ਦੀਆਂ ਗੱਲਾਂ ਅੰਦਰ ਖਾਤੇ ਕੀਤੀਆਂ ਜਾ ਰਹੀਆਂ ਨੇ। ਕੁਦਰਤ ਨਾਲ ਖਿਲਵਾੜ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਕੀਤਾ ਜਾਂਦਾ, ਪਰ ਖਮਿਆਜਾ ਆਮ ਬੰਦੇ ਨੂੰ ਹੀ ਭੁਗਤਣਾ ਪੈਂਦਾ। ਧਰਤੀ ‘ਤੇ ਲਗਾਤਾਰ ਵੱਧ ਰਹੀਆਂ ਗੈਸਾਂ, ਬਿਮਾਰੀਆਂ ਅਤੇ ਤਾਪਮਾਨ ਦਾ ਇੱਕੋ ਇੱਕ ਕਾਰਨ ਹੈ ਕਿ ਆਪਣੇ ਫ਼ਾਇਦੇ ਲਈ ਅਤੇ ਬਿਨਾਂ ਵਾਤਾਵਰਨ ਨੂੰ ਬਚਾਏ, ਮਹਿਲ ਮਾੜੀਆਂ ਉਸਾਰਨਾ। ਜੇਕਰ ਅਸੀਂ ਰੁੱਖਾਂ ਨੂੰ ਕੱਟ ਦਿਆਂਗੇ, ਪੈਲੀਆਂ ਨੂੰ ਖਤਮ ਕਰ ਦਿਆਂਗੇ, ਪਾਣੀ ਖਤਮ ਕਰ ਦਿਆਂਗੇ, ਜਮੀਨ ਵਿੱਚ ਗੰਧਲਾ ਪਾਣੀ ਪਾਉਣਾ ਸ਼ੁਰੂ ਕਰ ਦਿਆਂਗੇ ਤਾਂ, ਫਿਰ ਤਬਾਹੀ ਹੀ ਹੋਵੇਗੀ, ਇਸ ਤੋਂ ਇਲਾਵਾ ਕੁਝ ਨਹੀਂ।
ਖੈਰ, ਇਹ ਸਭ ਕੁਝ ਤਾਂ ਚੱਲਦਾ ਰਹਿਣਾ, ਪਰ ਮੈਨੂੰ ਲੱਗਦਾ ਕਿ ਇਸ ਵਾਰ ਦਿਵਾਲੀ ਨਹੀਂ ਹੈ। ਦਿਵਾਲੀ ਕਿਉਂ ਨਹੀਂ ਹੈ, ਕਿਉਂਕਿ ਕਿਸਾਨ ਦੀ ਫਸਲ ਮੰਡੀਆਂ ਵਿੱਚ ਵੀ ਰੁਲ ਰਹੀ ਹੈ, ਖੇਤਾਂ ਵਿੱਚ ਵੀ ਰੁਲ ਰਹੀ ਹੈ, ਇਸ ਤੋਂ ਇਲਾਵਾ ਅਫਸੋਸ ਇਸ ਗੱਲ ਦਾ ਹੈ, ਕਿ 5 ਲੱਖ ਏਕੜ ਤੋਂ ਵੱਧ ਝੋਨੇ ਅਤੇ ਹੋਰ ਸਬਜ਼ੀਆਂ ਆਦਿ ਦੀ ਫਸਲ ਪੂਰੀ ਤਰ੍ਹਾਂ ਹੜਾਂ ਵਿਚ ਤਬਾਹ ਹੋ ਗਈ। ਕਿਸਾਨਾਂ ਮਜ਼ਦੂਰਾਂ ਦੇ ਪੱਲੇ ਆਟਾ ਨਹੀਂ ਬਚਿਆ, ਘਰ ਬਾਹਰ ਸਭ ਟੁੱਟ ਗਏ ਨੇ ਤਾਂ, ਕਿਵੇਂ ਕਹਿ ਲਵਾਂ ਕਿ ਦਿਵਾਲੀ ਮੁਬਾਰਕ।

