ਡੈਮੋਕ੍ਰੇਟਿਕ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੀ ਹੋਈ ਮੀਟਿੰਗ, ਬਣਦੇ ਹੱਕ ਫੌਰੀ ਦੇਵੇ ਸਰਕਾਰ – ਬੇਬੀ ਡੁੱਗਰੀ ਰਾਜਪੂਤਾਂ
ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਭੈਣਾਂ ਦੇ ਬਣਦੇ ਹੱਕ ਫੌਰੀ ਦੇਵੇ ਸਰਕਾਰ – ਬੇਬੀ ਡੁੱਗਰੀ ਰਾਜਪੂਤਾਂ
ਪੰਜਾਬ ਨੈੱਟਵਰਕ, ਮੁਕੇਰੀਆਂ
ਡੈਮੋਕ੍ਰੇਟਿਕ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਮੁਕੇਰੀਆਂ ਇਕਾਈ ਦੀ ਇੱਕ ਅਹਿਮ ਮੀਟਿੰਗ ਸਥਾਨਕ ਸਿਵਲ ਰੈਸਟ ਹਾਊਸ ਮੁਕੇਰੀਆਂ ਵਿਖੇ ਯੂਨੀਅਨ ਦੀ ਬਲਾਕ ਪ੍ਰਧਾਨ ਮੈਡਮ ਬੇਬੀ ਡੁੱਗਰੀ ਰਾਜਪੂਤਾਂ ਅਤੇ ਕਿਰਨ ਬਾਲਾ ਧਰਮਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਮੈਡਮ ਸ਼ਕੁੰਤਲਾ ਸਰੋਏ ਅਤੇ ਸੂਬਾ ਵਿੱਤ ਸਕੱਤਰ ਪਰਮਜੀਤ ਕੌਰ ਮਾਨ ਨੇ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਰਕਾਰ ਉੱਤੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਆਸ਼ਾ ਵਰਕਰਾਂ ਨੂੰ ਨਿਗੂਣਾ ਮਾਣ ਭੱਤਾ ਦੇ ਕੇ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਸਮਾਜਿਕ ਸੁਰੱਖਿਆ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀਆਂ ਸਮੂਹ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਉੱਤੇ ਘੱਟੋ ਘੱਟ ਉਜ਼ਰਤਾਂ ਦਾ ਕਾਨੂੰਨ ਲਾਗੂ ਕਰਕੇ ਉਨ੍ਹਾਂ ਨੂੰ ਸਿਹਤ ਵਿਭਾਗ ਅੰਦਰ ਪੱਕਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਘੱਟੋ ਘੱਟ ਛੱਬੀ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ ਅਤੇ ਨਾਲ਼ ਹੀ ਹਰ ਸਾਲ ਤਨਖ਼ਾਹ ਵਿੱਚ 20% ਦਾ ਸਲਾਨਾ ਵਾਧਾ ਕੀਤਾ ਜਾਵੇ ਤੇ 62 ਸਾਲ ਦੀ ਉਮਰ ਹੱਦ ਪਾਰ ਕਰਕੇ ਸੇਵਾ ਮੁਕਤ ਹੋਈਆਂ ਵਰਕਰਾਂ ਨੂੰ ਸਰਕਾਰ ਪੰਜ ਲੱਖ ਰੁਪਏ ਦੀ ਗਰੈਚੁਟੀ ਦੇਣ ਦਾ ਫੌਰੀ ਤੌਰ ਉੱਤੇ ਐਲਾਨ ਕਰੇ, ਸੇਵਾ ਮੁਕਤ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਨੂੰ ਘੱਟੋ ਘੱਟ ਦਸ ਹਜ਼ਾਰ ਰੁਪਏ ਪੈਨਸ਼ਨ ਦੇਵੇ ਅਤੇ ਹਰੇਕ ਵਰਕਰ ਦਾ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਵੀ ਕਰੇ।
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐਮ.ਐੱਫ਼.) ਦੇ ਸੂਬਾਈ ਆਗੂ ਮੁਕੇਸ਼ ਗੁਜਰਾਤੀ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਜ਼ਿਲ੍ਹਾ ਜਨਰਲ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਵਿੱਤ ਸਕੱਤਰ ਮਨਜੀਤ ਸਿੰਘ ਦਸੂਹਾ, ਸਹਾਇਕ ਜਥੇਬੰਦਕ ਸਕੱਤਰ ਗੁਰਜਿੰਦਰ ਸਿੰਘ ਮੰਝਪੁਰ, ਵਿਪਨ ਸਨਿਆਲ ਅਤੇ ਮਨਜੀਤ ਸਿੰਘ ਬਾਬਾ, ਡੈਮੋਕ੍ਰੇਟਿਕ ਜੰਗਲਾਤ ਵਰਕਰਜ਼ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਅਤੇ ਅਮਨ ਕੁਮਾਰ ਆਦਿ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਇਸ ਮੌਕੇ ਮੈਡਮ ਕਰਮਜੀਤ ਕੌਰ ਚੀਮਾ ਪੋਤਾ, ਸੁਮਨ ਬਾਲਾ ਧਾਮੀਆਂ, ਸੀਮਾ ਰਾਣੀ ਬਿਸ਼ਨਪੁਰ, ਨਰੇਸ਼ ਕੁਮਾਰੀ ਸੰਗੋਕਤਰਾਲਾ, ਸੁਮਨ ਲਤਾ ਤੰਗਰਾਲੀਆਂ, ਕਮਲਜੀਤ ਕੌਰ ਧਨੋਆ, ਕੁਲਦੀਪ ਕੌਰ ਗੁਰਦਾਸਪੁਰ, ਮੰਜੂ ਬਾਲਾ ਸ਼ਹਿਰਕੋਵਾਲ, ਅਮਰਜੀਤ ਕੌਰ ਲਤੀਫਪੁਰ ਅਤੇ ਵਿੱਤ ਸਕੱਤਰ ਬਿਮਲਾ ਦੇਵੀ ਰਾਮਗੜ੍ਹ ਕੁੱਲੀਆਂ, ਰਾਜ ਕੁਮਾਰੀ ਆਦਿ ਆਗੂ ਵੀ ਹਾਜ਼ਰ ਸਨ।