ਡੀਟੀਐੱਫ ਵੱਲੋਂ 5 ਜਨਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਗੰਭੀਰਪੁਰ ਰਿਹਾਇਸ਼ ਦੇ ਘਿਰਾਓ ਮੌਕੇ ਵੱਡੀ ਗਿਣਤੀ ‘ਚ ਸ਼ਾਮਿਲ ਹੋਣ ਦਾ ਐਲਾਨ
ਆਪ ਸਰਕਾਰ ਵੱਲੋਂ ਸੰਘਰਸ਼ੀ ਸਾਥੀਆਂ ਦੇ ਮਸਲੇ ਹੱਲ ਕਰਨ ਦੀ ਥਾਂ ਪਹਿਲੀਆਂ ਹਾਕਮ ਜਮਾਤ ਸਰਕਾਰਾਂ ਵਾਂਗ ਸੰਘਰਸ਼ ਨੂੰ ਜਬਰ ਨਾਲ ਦਬਾਉਣ ਦੇ ਰਾਹ ਤੁਰੀ-ਵਿਕਰਮ ਦੇਵ /ਕੌੜਿਆਂਵਾਲੀ /ਅਵਸਥੀ
ਸਾਥੀ ਜੋਨੀ ਸਿੰਗਲਾ ਨੂੰ ਜਬਰੀ ਮੋਰਚੇ ਤੋਂ ਚੁੱਕਣਾ ਅਤਿ ਮੰਦਭਾਗਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਿਵਲ ਸੇਵਾ ਨਿਯਮ ਲਾਗੂ ਕਰਦਿਆਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਮਰਜ਼ਿੰਗ ਕਰਵਾਉਣ ਅਤੇ ਮਹਿੰਗਾਈ ਭੱਤੇ ਸਮੇਤ ਛੇਵੇਂ ਪੰਜਾਬ ਪੇਅ ਕਮਿਸ਼ਨ ਦੇ ਬਾਕੀ ਲਾਭ ਲਿੰਕ ਕਰਵਾਉਣ ਦੀ ਮੰਗ ਨੂੰ ਲੈ ਕੇ ਕੰਪਿਊਟਰ ਅਧਿਆਪਕ (ਭੁੱਖ ਹੜਤਾਲ) ਸੰਘਰਸ਼ ਕਮੇਟੀ ਦੀ ਅਗਵਾਈ ਹੇਠ 1 ਸਤੰਬਰ 2024 ਤੋਂ ਲਗਾਤਾਰ ਸੰਗਰੂਰ ਸ਼ਹਿਰ ਵਿੱਚ ਲੜੀਵਾਰ ਭੁੱਖ ਹੜਤਾਲ ਦੇ ਰੂਪ ਵਿੱਚ ਪੱਕਾ ਮੋਰਚਾ ਲਗਾਇਆ ਹੋਇਆ ਹੈ ਅਤੇ ਪੰਜਾਬ ਸਰਕਾਰ ਦੀ ਢੀਠਤਾਈ ਕਾਰਨ ਬੀਤੀ 22 ਦਸੰਬਰ ਤੋਂ ਸੰਗਰੂਰ ਮੋਰਚੇ ਵਿੱਚ ਹੀ ਅਧਿਆਪਕ ਸਾਥੀ ਜੋਨੀ ਸਿੰਗਲਾ ‘ਮਰਨ ਵਰਤ’ ‘ਤੇ ਬੈਠੇ ਸਨ।
ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਲੋਂ ਇਹਨਾਂ ਸੰਘਰਸ਼ੀ ਸਾਥੀਆਂ ਦੇ ਮਸਲੇ ਦਾ ਵਾਜਿਬ ਹੱਲ ਕਰਨ ਦੀ ਥਾਂ ਪਹਿਲੀਆਂ ਹਾਕਮ ਜਮਾਤ ਸਰਕਾਰਾਂ ਵਾਂਗ ਸੰਘਰਸ਼ ਨੂੰ ਜਬਰ ਨਾਲ ਦਬਾਉਣ ਦੇ ਇਰਾਦੇ ਤਹਿਤ ਬੀਤੀ ਰਾਤ ਅਧਿਆਪਕ ਸਾਥੀ ਜੋਨੀ ਸਿੰਗਲਾ ਨੂੰ ਮੋਰਚੇ ਤੋਂ ਜਬਰੀ ਚੁੱਕ ਕੇ ਪਟਿਆਲਾ ਹਸਪਤਾਲ ਵਿੱਚ ਪੁਲੀਸ ਕਸਟਡੀ ਅਧੀਨ ਨਜ਼ਰਬੰਦ ਕਰ ਦਿੱਤਾ ਹੈ, ਜਿੱਥੇ ਉਨ੍ਹਾਂ ਵੱਲੋਂ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ।
ਸਰਕਾਰ ਦੇ ਇਸ ਧੱਕੇਸ਼ਾਹੀ ਭਰੇ ਰਵਈਏ ਤੋਂ ਤੰਗ ਆਏ ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਮਿਤੀ 3 ਜਨਵਰੀ ਤੋਂ ਰਣਜੀਤ ਸਿੰਘ ਪਟਿਆਲਾ ਨੂੰ ਮਰਨ ਵਰਤ ਤੇ ਬਿਠਾ ਦਿੱਤਾ ਗਿਆ ਹੈ ਅਤੇ ਅਧਿਆਪਕਾਂ ਵੱਲੋਂ ਇਸ ਸੰਘਰਸ਼ ਨੂੰ ਆਰ ਪਾਰ ਦਾ ਬਣਾ ਕੇ ਲਗਾਤਾਰ ਐਕਸ਼ਨ ਕਰਦਿਆਂ ਪੰਜਾਬ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨੂੰ ਘੇਰਣ ਦਾ ਫੈਸਲਾ ਕੀਤਾ ਹੋਇਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਵੱਲੋਂ ਇਸੇ ਰਣਨੀਤੀ ਤਹਿਤ 5 ਜਨਵਰੀ 2025 (ਦਿਨ ਐਤਵਾਰ) ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਿੰਡ ਗੰਭੀਰਪੁਰ (ਨੇੜੇ ਆਨੰਦਪੁਰ ਸਾਹਿਬ-ਨੰਗਲ ਰੋਡ) ਸਥਿਤ ਰਿਹਾਇਸ਼ ਦਾ ਜ਼ੋਨਲ ਐਕਸ਼ਨ ਕਰਕੇ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਇਸ ਐਕਸ਼ਨ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਵੱਲੋਂ ਕੰਪਿਊਟਰ ਅਧਿਆਪਕਾਂ ਵੱਲੋਂ ਬਾਕਮਾਲ ਸਿਦਕ ਤੇ ਸਿਰੜ ਨਾਲ ਕੀਤੇ ਜਾ ਰਹੇ ਇਸ ਸੰਘਰਸ਼ ਵਿੱਚ ਲਗਾਤਾਰ ਹਰ ਪੱਖੋਂ ਸਹਿਯੋਗ ਤੇ ਸ਼ਮੂਲੀਅਤ ਕੀਤੀ ਜਾ ਰਹੀਂ ਹੈ।ਡੀਟੀਐੱਫ ਵੱਲੋਂ 5 ਜਨਵਰੀ ਦੇ ਰੋਸ ਮੁਜਾਹਰੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ (ਡੀਐੱਮਐੱਫ) ਦੇ ਸੂਬਾਈ ਆਗੂ ਮਲਾਗਰ ਸਿੰਘ ਖਮਾਣੋ ਵੱਲੋਂ ਡੀਐੱਮਐੱਫ ਨਾਲ ਸੰਬੰਧਿਤ ਬਾਕੀ ਜੱਥੇਬੰਦੀਆਂ ਵੱਲੋਂ ਵੀ ਹਮਾਇਤੀ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਉਹਨਾਂ 5 ਜਨਵਰੀ 2025 ਨੂੰ ਠੀਕ ਸਵੇਰੇ 11 ਵਜੇ ਪਿੰਡ ਢੇਰ (ਆਨੰਦਪੁਰ ਸਾਹਿਬ ਤੋਂ ਨੰਗਲ ਰੋਡ) ਦੇ ਗੁਰਦੁਆਰਾ ਸਾਹਿਬ ਦੇ ਅੱਗੇ ਜਥੇਬੰਦੀ ਦੇ ਝੰਡਿਆਂ ਤੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਅਨੁਸਾਰ ਤਖਤੀਆਂ ਤਿਆਰ ਕਰਵਾਕੇ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਥੋਂ ਹੀ ਵਹੀਕਲਾਂ ਦੇ ਕਾਫਲੇ ਦੇ ਰੂਪ ਵਿੱਚ ਕੰਪਿਊਟਰ ਅਧਿਆਪਕਾਂ ਦੇ ਐਕਸ਼ਨ ਵਿੱਚ ਸ਼ਾਮਿਲ ਹੋਇਆ ਜਾਵੇਗਾ।