All Latest NewsNews FlashPunjab News

ਬੇਚਿਰਾਗ ਪਿੰਡ ਦੀ ਜਮੀਨ ‘ਚ 28 ਫਰਵਰੀ ਨੂੰ ਦਲਿਤ ਜਗਾਉਣਗੇ ਚਿਰਾਗ

 

ਸੀਲਿੰਗ ਐਕਟ ਤੋਂ ਉੱਪਰਲੀ ਜਮੀਨ ਦਲਿਤਾਂ, ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਵਿੱਚ ਵੰਡਣ ਦੀ ਮੰਗ

ਦਲਜੀਤ ਕੌਰ, ਸੰਗਰੂਰ:

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਕਮੇਟੀ ਦੀ ਮੀਟਿੰਗ ਜਗਤਾਰ ਸਿੰਘ ਤੋਲੇਵਾਲ ਦੀ ਪ੍ਰਧਾਨਗੀ ਹੇਠ ਗਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਦਲਿਤਾਂ ਦੀ ਆਰਥਿਕ ਅਤੇ ਸਮਾਜਿਕ ਨਾ ਬਰਾਬਰੀ ਕਾਰਨ ਬਣੀ ਤਰਸਯੋਗ ਹਾਲਤ ਉੱਪਰ ਗੰਭੀਰ ਚਰਚਾ ਕੀਤੀ ਗਈ।

ਇਸ ਮੌਕੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਜਮੀਨ ਹੱਦ ਬੰਦੀ ਕਾਨੂੰਨ 1972 ਮੁਤਾਬਿਕ ਹੱਦਬੰਦੀ ਤੋਂ ਉੱਪਰਲੀ ਬੇ-ਚਿਰਾਗ ਪਿੰਡ ਦੇ ਨਾਮ ਹੇਠ ਜੀਂਦ ਦੇ ਰਾਜੇ ਦੀ 927 ਏਕੜ ਜਮੀਨ ਜੋ ਕਿ ਬੀੜ ਐਸ਼ਵਾਨ ਪਿੰਡ ਦੇ ਨਾਮ ਹੇਠ ਪਈ ਹੈ ਨੂੰ ਦਲਿਤਾਂ, ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਵਿੱਚ ਵੰਡਣ ਦੀ ਮੰਗ ਨੂੰ ਲੈਕੇ 28 ਫਰਵਰੀ ਨੂੰ ਇਸ ਜਮੀਨ ਵਿੱਚ ਚਿਰਾਗ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਦੀ ਤਿਆਰੀ ਲਈ ਪਿੰਡਾਂ ਵਿੱਚ ਰੈਲੀਆਂ ਮੀਟਿੰਗਾਂ ਅਤੇ ਹੱਥ ਪਰਚਾ ਵੰਡ ਕੇ ਵਿਸ਼ਾਲ ਲਾਮਬੰਦੀ ਕੀਤੀ ਜਾਵੇਗੀ।

ਇਸ ਮੌਕੇ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਉਪਰੋਕਤ ਮੰਗਾਂ ਸਮੇਤ ਪੰਚਾਇਤੀ ਜਮੀਨ ਦਾ ਤੀਜਾ ਹਿੱਸਾ ਪੱਕੇ ਤੌਰ ਤੇ ਦਲਿਤਾਂ ਨੂੰ ਘੱਟ ਰੇਟ ਉੱਪਰ ਦਵਾਉਣ, ਨਜੂਲ ਜਮੀਨਾਂ ਦੇ ਮਾਲਕੀ ਹੱਕ ਲੈਣ, ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੀਆਂ ਰਜਿਸਟਰੀਆਂ ਜਾਰੀ ਕਰਵਾਉਣ, ਦਲਿਤਾਂ ਨੂੰ ਸਹਿਕਾਰੀ ਸਭਾ ਦਾ ਮੈਂਬਰ ਬਣਾਉਣ, ਮਾਈਕਰੋਫਾਈਨਾਂਸ ਕੰਪਨੀਆਂ ਸਮੇਤ ਸਮੁੱਚਾ ਕਰਜ਼ਾ ਮਾਫ ਕਰਨ ਅਤੇ ਸਸਤੇ ਕਰਜ਼ੇ ਦਾ ਪ੍ਰਬੰਧ ਕਰਨ।

ਮਨਰੇਗਾ ਤਹਿਤ ਸਾਰਾ ਸਾਲ ਕੰਮ ਅਤੇ ਮਜ਼ਦੂਰਾਂ ਦੀ ਦਿਹਾੜੀ ਹਰ ਖੇਤਰ ਵਿੱਚ 1000 ਰੁਪਏ ਕਰਨ ਆਦਿ ਮੰਗਾਂ ਨੂੰ ਲੈ ਕੇ ਪਿਛਲੇ ਦਿਨੀ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਸੀ, ਜਿਸ ਸਬੰਧੀ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਮੀਟਿੰਗ 10 ਜਨਵਰੀ ਨੂੰ ਕੀਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਬਿਨਾਂ ਮੀਟਿੰਗ ਵਿੱਚ ਗੁਰਚਰਨ ਸਿੰਘ ਘਰਾਚੋਂ, ਸ਼ਿੰਗਾਰਾ ਸਿੰਘ ਹੇੜੀਕੇ, ਬੇਅੰਤ ਸਿੰਘ ਸ਼ੇਰਪੁਰ ਅਤੇ ਜਗਤਾਰ ਤੋਲੇਵਾਲ ਆਦਿ ਹਾਜਰ ਸਨ।

 

Leave a Reply

Your email address will not be published. Required fields are marked *