All Latest NewsNews FlashPunjab News

ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ! ਤਹਿਸੀਲਦਾਰ ਦੇ ਨਾਂਅ ‘ਤੇ 11 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਸੀਕਾ ਨਕੀਸ ਗ੍ਰਿਫਤਾਰ

 

ਤਹਿਸੀਲਦਾਰ ਦੇ ਨਾਮ ਉਪਰ 11000 ਰੁਪਏ ਰਿਸ਼ਵਤ ਹਾਸਲ ਕਰਦਾ ਵਸੀਕਾ ਨਵੀਸ ਰੰਗੇ ਹੱਥੀਂ ਗ੍ਰਿਫਤਾਰ

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਵਸੀਕਾ ਨਵੀਸ਼ ਰਾਜ ਕੁਮਾਰ ਉਰਫ ਗਿੰਨੀ ਨੂੰ ਤਹਿਸੀਲਦਾਰ ਗਿੱਦੜਬਾਹਾ ਦੇ ਨਾਮ ਉਪਰ 11,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਗੁਰਦੀਪ ਸਿੰਘ ਵਾਸੀ ਸਰਾਭਾ ਨਗਰ ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ।

ਬੁਲਾਰੇ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਕਿ ਉਸ ਵੱਲੋਂ ਆਪਣੀ ਪਤਨੀ ਦੇ ਨਾਮ ਉਪਰ ਪਿੰਡ ਹੁਸਨਰ ਵਿਖੇ ਜਮੀਨ ਖਰੀਦੀ ਸੀ ਜਿਸ ਦੇ ਸਬੰਧ ਵਿੱਚ ਰਜਿਸਟਰੀ ਕਰਵਾਉਣ ਲਈ ਦਫਤਰ ਜਾਇੰਟ ਸਬ ਰਜਿਸਟਰਾਰ ਗਿੱਦੜਬਾਹਾ ਵਿਖੇ ਗਿਆ ਸੀ ਤਾਂ ਉੱਥੇ ਮੌਜੂਦ ਵਸੀਕਾ ਨਵੀਸ਼ ਰਾਜ ਕੁਮਾਰ ਤੋਂ ਰਜਿਸਟਰੀ ਲਿਖਵਾਈ ਗਈ।

ਤਹਿਸੀਲਦਾਰ ਦਫਤਰ ਵਿਖੇ ਰਜਿਸਟਰੀ ਜਮ੍ਹਾਂ ਕਰਵਾਉਣ ਤੋਂ ਬਾਅਦ ਉਕਤ ਮੁਲਜ਼ਮ ਨੇ ਦੱਸਿਆ ਕਿ ਤਹਿਸੀਲਦਾਰ ਗਿੱਦੜਬਾਹਾ ਵੱਲੋਂ ਇਹ ਰਜਿਸਟਰੀ ਕਰਨ ਬਦਲੇ 11,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ।

ਸ਼ਿਕਾਇਤਕਰਤਾ ਨੇ ਉਕਤ ਵਸੀਕਾ ਨਵੀਸ ਨਾਲ ਰਿਸ਼ਵਤ ਦੇਣ ਸਬੰਧੀ ਫੋਨ ਉੱਪਰ ਹੋਈ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਜੋ ਵਿਜੀਲੈਂਸ ਬਿਊਰੋ ਨੂੰ ਸਬੂਤ ਵਜੋਂ ਸੌਂਪ ਦਿੱਤੀ।

ਬੁਲਾਰੇ ਦੱਸਿਆ ਕਿ ਵਿਜੀਲੈਂਸ ਬਿਊਰੋ, ਯੂਨਿਟ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਜਾਲ ਵਿਛਾਇਆ ਅਤੇ ਵਸੀਕਾ ਨਵੀਸ਼ ਰਾਜ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਪਾਸੋਂ 11,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਅਤੇ ਰਜਿਸਟਰੀ ਵਸੀਕਾ ਨਵੀਸ਼ ਦੇ ਦਫਤਰ ਦੇ ਦਰਾਜ ਵਿੱਚੋਂ ਬਰਾਮਦ ਕਰ ਲਈ।

ਇਸ ਸਬੰਧੀ ਉਕਤ ਵਸੀਕਾ ਨਵੀਸ਼ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਵਸੀਕਾ ਨਵੀਸ਼ ਨੂੰ ਕੱਲ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਕੱਦਮਾ ਦੀ ਅਗਲੇਰੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

 

Leave a Reply

Your email address will not be published. Required fields are marked *