HMPV Virus: ਪੰਜਾਬ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਮਾਸਕ ਲਾਉਣ ਦੀ ਸਲਾਹ!
ਪੰਜਾਬ ਵਾਸੀ ਐਚ.ਐਮ.ਪੀ. ਵਾਇਰਸ ਤੋਂ ਨਾ ਘਬਰਾਉਣ-ਡਾ. ਬਲਬੀਰ ਸਿੰਘ
ਪੰਜਾਬ ਨੈੱਟਵਰਕ, ਪਟਿਆਲਾ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਉਭਰੇ ਹਿਉਮਨ ਮੈਟਾਨਿਉਮੋਵਾਇਰਸ (ਐਚ.ਐਮ.ਪੀ.ਵੀ) ਤੋਂ ਕਿਸੇ ਵੀ ਤਰ੍ਹਾਂ ਨਾ ਘਬਰਾਉਣ।
ਹਾਲਾਂਕਿ ਸਿਹਤ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਮਾਸਕ ਪਾਉਣ ਅਤੇ ਪ੍ਰਕੋਸ਼ਨ ਵਰਤਣ ਦੀ ਸਲਾਹ ਦਿੱਤੀ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦਮੇ, ਖੰਘ ਜਾਂ ਫਿਰ ਕੋਈ ਹੋਰ ਬਿਮਾਰੀ ਹੈ। ਸਿਹਤ ਮੰਤਰੀ ਨੇ ਕਿਹਾ ਕਿ, ਜੇਕਰ ਕਿਸੇ ਨੂੰ ਸਰਦੀ ਜ਼ੁਕਾਮ ਹੈ ਤਾਂ, ਉਹ ਵੀ ਮਾਸਕ ਲਗਾ ਕੇ ਰੱਖਣ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕਰਨ।
Important Update on #hmpvvirus @ArvindKejriwal @BhagwantMann #AAP pic.twitter.com/tDiY8TiDCV
— Dr Balbir Singh (@AAPbalbir) January 8, 2025
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਵਾਇਰਸ ਦੀ ਟੈਸਟਿੰਗ ਸਹੂਲਤ ਰਾਜਿੰਦਰਾ ਹਸਪਤਾਲ ਸਮੇਤ ਪੂਰੇ ਪੰਜਾਬ ‘ਚ ਉਪਲਬੱਧ ਹੈ ਅਤੇ ਇੱਥੇ ਲਾਇਫ ਸਪੋਰਟ ਐਮਰਜੈਂਸੀ ਸਵਾਇਨ ਫਲੂ ਵਾਰਡ ਵਿੱਚ 20 ਬੈਡ ਤੇ 5 ਨੰਬਰ ਵਾਰਡ ‘ਚ 30 ਬੈਡਾਂ ਸਮੇਤ 20 ਵੈਂਟੀਲੇਟਰ ਤਿਆਰ ਹਨ।
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਐਚ.ਐਮ.ਪੀ.ਵੀ ਵਾਇਰਸ ਕਰੋਨਾ ਵਰਗਾ ਵਾਇਰਸ ਨਹੀਂ ਹੈ ਇਸ ਲਈ ਇਸ ਤੋਂ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਆਉਣ ਦੀ ਲੋੜ ਨਹੀਂ ਹੈ ਸਗੋਂ ਇਹ ਇੱਕ ਆਮ ਜੁਕਾਮ ਵਰਗਾ ਫਲੂ ਵਰਗਾ ਵਾਇਰਸ ਹੈ। ਉਨ੍ਹਾਂ ਕਿਹਾ ਕਿ ਇਹ ਮਾਮੂਲੀ ਜਿਹਾ ਬੁਖ਼ਾਰ ਤੇ ਖਾਂਸੀ ਜੁਕਾਮ ਕਰਦਾ ਹੈ, ਜੋ ਕਿ ਇੱਕ ਹਫ਼ਤੇ ‘ਚ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਅਤੇ ਇਸ ‘ਚ ਕੋਈ ਖ਼ਤਰਾ ਨਹੀਂ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ‘ਚ ਇਸ ਵਾਇਰਸ ਦਾ ਕੋਈ ਕੇਸ ਨਹੀਂ ਆਇਆ ਦੱਖਣੀ ਭਾਰਤ ‘ਚ ਕੋਈ ਕੇਸ ਆਇਆ ਹੈ ਇਸ ਦੇ ਬਾਵਜੂਦ ਭਾਰਤ ਸਰਕਾਰ, ਕੇਂਦਰੀ ਸਿਹਤ ਮੰਤਰਾਲੇ ਤੇ ਵਿਸ਼ਵ ਸਿਹਤ ਸੰਸਥਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰਲੋਜੀ ਨਾਲ ਰਾਬਤਾ ਕੀਤਾ ਗਿਆ ਹੈ ਅਤੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨਾਲ ਵੀਡੀਓਕਾਨਫਰੰਸਿੰਗ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੇ ਵਹਿਮ ਭਰਮ ਵਿੱਚ ਨਾ ਪੈਣ, ਨਾ ਹੀ ਕਿਸੇ ਅਫ਼ਵਾਹ ‘ਤੇ ਯਕੀਨ ਕਰਨ ਅਤੇ ਨਾ ਹੀ ਭਰਮ ਭੁਲੇਖੇ ਅੱਗੇ ਫੈਲਾਉਣ ਪਰੰਤੂ ਇਹਤਿਹਾਤ ਜਰੂਰ ਵਰਤੇ ਜਾਣ।
ਸਿਹਤ ਮੰਤਰੀ ਨੇ ਕਿਹਾ ਕਿ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਬਜ਼ੁਰਗਾਂ ਤੇ ਗੰਭੀਰ ਬਿਮਾਰੀਆਂ ਵਾਲਿਆਂ ਨੂੰ ਵੈਸੇ ਵੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਭੀੜ-ਭਾੜ ਵਾਲੀਆਂ ਥਾਵਾਂ ‘ਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਜੁਕਾਮ ਹੈ ਤਾਂ ਉਹ ਨੱਕ ਮੂੰਹ ਢੱਕ ਕੇ ਰੱਖੇ ਤੇ ਹੱਥ ਧੋਹ ਕੇ ਹੀ ਨੱਕ ਨੂੰ ਲਗਾਵੇ।