ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਏਕਤਾ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ 15 ਜਨਵਰੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ
ਸੰਯੁਕਤ ਕਿਸਾਨ ਮੋਰਚਾ, ਭਾਰਤ ਦੀ 6 ਮੈਂਬਰੀ ਕਮੇਟੀ ਖਨੌਰੀ ਬਾਰਡਰ ਤੇ ਏਕਤਾ ਦੀ ਅਪੀਲ ਲੈਕੇ ਪਹੁੰਚੀ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਜਾਣਿਆ
ਦਲਜੀਤ ਕੌਰ, ਖਨੌਰੀ
ਭਾਰਤ ਦੇ ਕਿਸਾਨਾਂ ਦੇ ਮਸਲਿਆਂ ਅਤੇ ਸੰਘਰਸ਼ਾਂ ਸਬੰਧੀ ਮੋਗਾ ਵਿਖੇ ਹੋਈ ਸੰਯੁਕਤ ਕਿਸਾਨ ਮੋਰਚਾ ਦੀ ਮਹਾਂਪੰਚਾਇਤ ਵੱਲੋਂ ਪਾਸ ਕੀਤੇ ਏਕਤਾ ਮਤੇ ਸਬੰਧੀ 15 ਜਨਵਰੀ ਨੂੰ ਸਵੇਰੇ 11 ਵਜੇ ਬੁਲਾਈ ਗਈ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਨੂੰ ਲੈਕੇ ਅੱਜ ਸੰਯੁਕਤ ਕਿਸਾਨ ਮੋਰਚਾ, ਭਾਰਤ ਦੀ 6 ਮੈਂਬਰੀ ਕਮੇਟੀ ਵੱਲੋਂ ਖਨੌਰੀ ਬਾਰਡਰ ਤੇ ਪਹੁੰਚ ਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ, ਭਾਰਤ ਨੂੰ ਏਕਤਾ ਦਾ ਸੱਦਾ ਦਿੱਤਾ ਗਿਆ।
ਸੰਯੁਕਤ ਕਿਸਾਨ ਮੋਰਚਾ, ਭਾਰਤ ਦੀ 6 ਮੈਂਬਰੀ ਕਮੇਟੀ ਖਨੌਰੀਤੇ ਪਹੁੰਚ ਕੇ ਏਕਤਾ ਦਾ ਸੱਦਾ ਪੱਤਰ ਸੌਂਪਿਆ ਜਿਸ ਵਿੱਚ ਲਿਖਿਆ ਹੈ ਕਿ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ: ਕੱਲ੍ਹ ਮਿਤੀ 9 ਜਨਵਰੀ 2025 ਨੂੰ ਮੋਗਾ ਵਿਖੇ ਹੋਈ ਕਿਸਾਨ ਮਹਾਂਪੰਚਾਇਤ ਵੱਲੋਂ ਕਿਸਾਨ ਏਕਤਾ ਲਈ ਪਾਸ ਕੀਤੇ ਗਏ ਏਕਤਾ ਮਤੇ ਦੇ ਸਬੰਧ ਵਿੱਚ ਸਾਡੇ ਤਿੰਨਾਂ ਫਰੰਟਾਂ ਦੀ ਮੀਟਿੰਗ 15 ਜਨਵਰੀ ਨੂੰ ਸਵੇਰੇ 11 ਵਜੇ ਗੁਰਦੁਆਰਾ ਦੁਖਨਿਵਾਰਨ ਸਾਹਿਬ, ਪਟਿਆਲਾ ਵਿਖੇ ਹੋਣੀ ਹੈ। ਮੋਰਚਾ ਅਤੇ ਕਿਸਾਨ ਸੰਘਰਸ਼ (ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ)।
ਅਸੀਂ ਤੁਹਾਨੂੰ ਦਿਲੋਂ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਨੁਮਾਇੰਦੇ ਭੇਜ ਕੇ ਇਸ ਮੀਟਿੰਗ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਓ।ਅਸੀਂ ਤੁਹਾਨੂੰ ਕਿਸਾਨ ਮਹਾਂ ਪੰਚਾਇਤ ਵਿੱਚ ਪਾਸ ਕੀਤੇ ਮਤੇ ਦੀਆਂ ਕਾਪੀਆਂ ਵੀ ਸੌਂਪ ਰਹੇ ਹਾਂ।
ਖਨੌਰੀ ਬਾਰਡਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐੱਸਕੇਐੱਮ (ਐੱਨਪੀ) ਦੇ ਆਗੂਆਂ ਨਾਲ ਐੱਸਕੇਐੱਮ ਛੇ ਮੈਂਬਰੀ ਕਮੇਟੀ ਅਤੇ ਹੋਰ ਆਗੂ ਪੀ ਕ੍ਰਿਸ਼ਨ ਪ੍ਰਸਾਦ, ਜੋਗਿੰਦਰ ਸਿੰਘ ਉਗਰਾਹਾਂ, ਕਾਕਾ ਸਿੰਘ ਕੋਟੜਾ, ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਪਟਿਆਲਾ, ਮਨਜੀਤ ਸਿੰਘ ਠਾਣੇਦਾਰ, ਬਲਦੇਵ ਸਿੰਘ ਨਿਹਾਲਗੜ, ਚੌਧਰੀ ਜੋਗਿੰਦਰ ਨੈਣਾਂ ਅਤੇ ਦਰਸ਼ਨ ਪਾਲ ਆਦਿ।
ਉਧਰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਅੱਜ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਜੀ, ਜੋਗਿੰਦਰ ਸਿੰਘ ਉਗਰਾਹਾਂ, ਦਰਸ਼ਨਪਾਲ, ਕ੍ਰਿਸ਼ਨ ਪ੍ਰਸਾਦ, ਜੋਗਿੰਦਰ ਨੈਨ, ਰਮਿੰਦਰ ਸਿੰਘ ਪਟਿਆਲਾ ਅਤੇ ਹੋਰ ਹੋਰ ਵੀ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਜੀ ਦਾ ਹਾਲ-ਚਾਲ ਜਾਣਨ ਲਈ ਖਨੌਰੀ ਮੋਰਚੇ ਉੱਪਰ ਪਹੁੰਚੇ ਸਨ।
ਜਗਜੀਤ ਸਿੰਘ ਡੱਲੇਵਾਲ ਦੀ ਬਹੁਤ ਹੀ ਨਾਜ਼ੁਕ ਹਾਲਤ ਹੋਣ ਦੇ ਬਾਵਜੂਦ ਸਾਰੇ ਕਿਸਾਨ ਆਗੂਆਂ ਦੀ ਜਗਜੀਤ ਸਿੰਘ ਡੱਲੇਵਾਲ ਜੀ ਨਾਲ 15-20 ਮਿੰਟ ਲਈ ਮੁਲਾਕਾਤ ਕਰਵਾਈ ਗਈ। ਦੋਵਾਂ ਮੋਰਚਿਆਂ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਮੋਰਚੇ ਵਿੱਚ ਆਏ ਸਾਰੇ ਸਤਿਕਾਰਯੋਗ ਕਿਸਾਨ ਆਗੂਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਰੇ ਆਪਸੀ ਵਿਚਾਰ ਵਟਾਂਦਰਾ ਕਰ ਬਿਨਾਂ ਕਿਸੇ ਦੇਰੀ ਦੇ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣ ਲਈ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਕਰਨਗੇ।