Punjab News: ਸਰਕਾਰੀ ਸਕੂਲਾਂ ‘ਚ ਬੱਚਿਆਂ ਦੇ ਜਾਅਲੀ ਦਾਖਲੇ ਦਾ ਮਾਮਲਾ ਪਹੁੰਚਿਆ ਮੁੱਖ ਮੰਤਰੀ ਦਫ਼ਤਰ

All Latest NewsNews FlashPunjab News

 

ਮੁੱਖ ਮੰਤਰੀ ਦੇ ਦਫ਼ਤਰ ਦੇ ਇੰਚਾਰਜ ਨੇ ਜਲਦੀ ਹੀ ਸਿੱਖਿਆ ਮੰਤਰੀ ਨਾਲ ਜਥੇਬੰਦੀ ਦੀ ਮੀਟਿੰਗ ਕਰਾਉਣ ਦਾ ਦਿੱਤਾ ਭਰੋਸਾ

ਮੀਡੀਆ ਪੀਬੀਐੱਨ, ਸੰਗਰੂਰ

ਇੱਕ ਪ੍ਰਾਇਮਰੀ ਸਕੂਲ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਲੋਂ ਕੀਤੇ ਜਾਅਲੀ ਦਾਖਲੇ ਦੀ ਸ਼ਿਕਾਇਤ ਦੀ ਨਿਰਪੱਖ ਜਾਂਚ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਦੀ ਇਸ ਮਾਮਲੇ ਵਿੱਚ ਸ਼ੱਕੀ ਭੂਮਿਕਾ ਦੇ ਮਸਲੇ ਨੂੰ ਲੈ ਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਧੂਰੀ ਦਫ਼ਤਰ ਵਿਖੇ ਉਹਨਾਂ ਦੇ ਦਫ਼ਤਰ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੂੰ ਮਿਲ ਕੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ,ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਸਬੰਧਤ ਸਕੂਲ ਇੰਚਾਰਜ ਅਤੇ ਡੀ.ਟੀ.ਐੱਫ. ਵੱਲੋਂ ਕੀਤੀ ਗਈ ਹੈ ਪ੍ਰੰਤੂ ਅੱਜ ਸ਼ਿਕਾਇਤ ਕੀਤੇ ਨੂੰ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਮੁੱਢਲੀ ਜਾਂਚ ਵੀ ਪੂਰੀ ਨਹੀਂ ਕੀਤੀ ਗਈ ਹੈ ਬਲਕਿ ਉਲਟਾ ਜਾਂਚ ਅਧਿਕਾਰੀ ਸਕੂਲ ਇੰਚਾਰਜ ਅਧਿਆਪਕਾ ਨੂੰ ਬੇਲੋੜਾ ਡਰਾ ਕੇ ਸਮਝੌਤਾ ਕਰਾਉਣ ਅਤੇ ਸ਼ਿਕਾਇਤ ਵਾਪਿਸ ਲੈਣ ਲਈ ਦਬਾਅ ਬਣਾ ਰਹੇ ਹਨ।

ਆਗੂਆਂ ਨੇ ਕਿਹਾ ਕਿ ਜਾਂਚ ਅਧਿਕਾਰੀਆਂ ਦੁਆਰਾ ਭ੍ਰਿਸ਼ਟਾਚਾਰ ਦੇ ਗੰਭੀਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਸਰਕਾਰੀ ਮੁਲਾਜ਼ਮਾਂ ਦੀ ਆਚਰਣ ਨਿਯਮਾਵਲੀ ਦੇ ਖਿਲਾਫ ਹੈ। ਇਸ ਤੋਂ ਇਲਾਵਾ ਜਾਂਚ ਅਧਿਕਾਰੀਆਂ ਵੱਲੋਂ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਬਲਕਿ ਸਿੱਧੇ-ਅਸਿੱਧੇ ਢੰਗ ਨਾਲ ਆਰੋਪੀ ਅਧਿਕਾਰੀ ਦਾ ਪੱਖ ਵੀ ਪੂਰਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਜਾਣਕਾਰੀ ਵਿੱਚ ਨਵੇਂ ਆਏ ਤੱਥਾਂ ਅਨੁਸਾਰ ਇਸ ਮਾਮਲੇ ਵਿੱਚ ਡੀ.ਈ.ਓ.(ਐ.ਸਿੱ.) ਦੀ ਭੂਮਿਕਾ ਗਹਿਰੇ ਸ਼ੱਕ ਦੇ ਘੇਰੇ ਵਿੱਚ ਜਾ ਰਹੀ ਹੈ ਕਿਉਂਕਿ ਜਿਸ ਦਿਨ ਇਹ ਜਾਅਲੀ ਦਾਖਲਾ ਕੀਤਾ ਗਿਆ ਉਸੇ ਦਿਨ ਹੀ ਡੀ.ਈ.ਓ. ਵੱਲੋਂ ਉਸ ਸਕੂਲ ਵਿੱਚ ਇੱਕ ਨਵੀਂ ਪ੍ਰਮੋਟ ਹੋਈ ਹੈੱਡ ਟੀਚਰ ਦੀ ਐਡਜਸਟਮੈਂਟ ਉਸਨੂੰ ਪਹਿਲਾਂ ਦਿੱਤਾ ਸਟੇਸ਼ਨ ਨੂੰ ਬਦਲ ਕੇ ਕੀਤੀ ਗਈ।

ਇਸ ਜਾਂਚ ਨੂੰ ਕਰਾਉਣ ਦੀ ਜ਼ਿੰਮੇਵਾਰੀ ਵੀ ਉਕਤ ਡੀ.ਈ.ਓ. ਦੀ ਹੈ। ਅਜਿਹੇ ਵਿੱਚ ਜਦੋਂ ਉਸਦੇ ਆਪ ਹੀ ਮਾਮਲੇ ਵਿੱਚ ਸ਼ਾਮਿਲ ਹੋਣ ਦਾ ਡੂੰਘਾ ਸ਼ੱਕ ਹੈ ਤਾਂ ਉਹ ਜਾਂਚ ਸਹੀ ਤਰੀਕੇ ਨਾਲ ਕਿਵੇਂ ਕਰਵਾਉਣਗੇ? ਇਸ ਲਈ ਅੱਜ ਦੇ ਮੰਗ ਪੱਤਰ ਵਿੱਚ ਜਥੇਬੰਦੀ ਨੇ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਤਾਂ ਉਕਤ ਬੀ.ਪੀ.ਈ.ਓ. ਦੀ ਇਸਦੇ ਮੌਜੂਦਾ ਸਟੇਸ਼ਨ ਤੋਂ ਬਦਲੀ ਕੀਤੀ ਜਾਵੇ ਕਿਉਂਕਿ ਉਹ ਸ਼ਿਕਾਇਤ ਕਰਤਾ ਅਧਿਆਪਕ ਦਾ ਉੱਪਰਲਾ ਅਧਿਕਾਰੀ ਹੈ ਅਤੇ ਉਸ ਉੱਤੇ ਦਬਾਅ ਬਣਾ ਕੇ ਅਤੇ ਧਮਕੀਆਂ ਦੇ ਕੇ ਉਸਨੂੰ ਸ਼ਿਕਾਇਤ ਵਾਪਿਸ ਲੈਣ ਲਈ ਕਹਿ ਰਿਹਾ ਹੈ।

ਇਸ ਤੋਂ ਇਲਾਵਾ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੂਬਾ ਪੱਧਰ ਦੇ ਸਿੱਖਿਆ ਅਧਿਕਾਰੀ ਨੂੰ ਦੇਣ ਦੀ ਮੰਗ ਕੀਤੀ ਕਿਉਂਕਿ ਜ਼ਿਲ੍ਹੇ ਦੇ ਸਾਰੇ ਸਿੱਖਿਆ ਅਧਿਕਾਰੀ ਉਕਤ ਬਲਾਕ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਪ੍ਰਭਾਵ ਹੇਠ ਹਨ ਤੇ ਉਹ ਇਸ ਮਾਮਲੇ ਵਿੱਚ ਨਿਆਂ ਨਹੀਂ ਕਰ ਸਕਣਗੇ।

ਨਾਲ ਹੀ ਮੰਗ ਕੀਤੀ ਗਈ ਕਿ ਸਰਕਾਰ ਇਸ ਮਾਮਲੇ ਦੀ ਵਿਭਾਗੀ ਜਾਂਚ ਦੇ ਨਾਲ ਨਾਲ ਸਾਈਬਰ ਜਾਂਚ ਅਤੇ ਵਿਜੀਲੈਂਸ ਜਾਂਚ ਵੀ ਕਰਵਾਵੇ ਅਤੇ ਤਿੰਨੇ ਤਰ੍ਹਾਂ ਦੀ ਜਾਂਚ ਨੂੰ ਜੋੜ ਕੇ ਦੋਸ਼ੀ ਅਧਿਕਾਰੀਆਂ ਵਿਰੁੱਧ ਬਣਦੀ ਸਖ਼ਤ ਕਰਵਾਈ ਕੀਤੀ ਜਾਵੇ। ਬਿਲਕੁਲ ਇਸੇ ਤਰ੍ਹਾਂ ਦਾ ਇੱਕ ਹੋਰ ਸਰਕਾਰੀ ਪ੍ਰਾਇਮਰੀ ਸਕੂਲ ਦਾ ਮਾਮਲਾ ਵੀ ਜਥੇਬੰਦੀ ਨੇ ਢਿੱਲੋਂ ਦੇ ਧਿਆਨ ਵਿੱਚ ਲਿਆਂਦਾ ਗਿਆ।

ਮੁੱਖ ਮੰਤਰੀ ਪੰਜਾਬ ਦੇ ਧੂਰੀ ਦਫ਼ਤਰ ਵਿਖੇ ਉਹਨਾਂ ਦੇ ਦਫ਼ਤਰ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਜਲਦੀ ਹੀ ਜਥੇਬੰਦੀ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਕਰਾਉਣ ਦਾ ਭਰੋਸਾ ਦਿੱਤਾ। ਵਫ਼ਦ ਵਿੱਚ ਉਕਤ ਆਗੂਆਂ ਦੇ ਬਿਨਾਂ ਜਥੇਬੰਦੀ ਦੇ ਜ਼ਿਲ੍ਹਾ ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ,ਗਗਨਦੀਪ ਧੂਰੀ,ਜਗਮੀਤ ਭੰਡਾਰੀ,ਜਸਵਿੰਦਰ ਸਿੰਘ ਅਤੇ ਸੁਰਿੰਦਰ ਰਾਣਾ ਸ਼ਾਮਿਲ ਸਨ।

 

Media PBN Staff

Media PBN Staff

Leave a Reply

Your email address will not be published. Required fields are marked *