ਕਿਸਾਨ ਜਥੇਬੰਦੀਆਂ ਨੇ ਮੋਦੀ ਹਕੂਮਤ ਦੀਆਂ ਅਰਥੀਆਂ ਸਾੜੀਆਂ
ਦਲਜੀਤ ਕੌਰ, ਮਹਿਲਕਲਾਂ
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਅਤੇ ਸਿੱਧੂਪੁਰ ਵੱਲੋਂ ਅੱਜ ਬਲਾਕ ਮਹਿਲ ਕਲਾਂ ਦੇ ਦਰਜਨਾਂ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਮੂੰਮ ਨੇ ਦੱਸਿਆ ਕਿ ਮੋਦੀ ਹਕੂਮਤ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ 11 ਮਹੀਨੇ ਤੋਂ ਚੱਲ ਰਹੇ ਸੰਘਰਸ਼ ਦੀਆਂ ਮੰਗਾਂ ਨੂੰ ਅਣਦੇਖਿਆਂ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਨਾ ਸਿਰਫ ਮੋਦੀ ਹਕੂਮਤ ਮੰਗਾਂ ਦੀ ਅਣਦੇਖੀ ਕਰ ਰਹੀ ਹੈ ਸਗੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖੇ ਮਰਨ ਵਰਤ ਦੇ 45 ਦਿਨ ਬੀਤ ਜਾਣ ਬਾਅਦ ਵੀ ਕਿਸਾਨੀ ਮੰਗਾਂ ਪ੍ਰਤੀ ਕੋਈ ਠੋਸ ਕਦਮ ਨਹੀਂ ਚੁੱਕ ਰਹੀ।
ਮੋਦੀ ਹਕੂਮਤ ਦਾ ਇਸ ਗੱਲ ਤੋਂ ਕਿਸਾਨ ਵਿਰੋਧੀ ਰਵਈਆ ਸਪਸ਼ਟ ਨਾਜਰ ਆਉਂਦਾ ਹੈ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਸੰਕਟ ਮੂੰਹ ਆਈ ਕਿਸਾਨੀ ਨੂੰ ਮੋਦੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਨੇ ਕਰਜੇ ਦੇ ਸੰਕਟ ਵਿੱਚ ਬੁਰੀ ਤਰ੍ਹਾਂ ਜਾਕੜਿਆ ਹੋਇਆ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਨੌ ਦਸੰਬਰ 2021 ਨੂੰ ਮੋਦੀ ਹਕੂਮਤ ਵੱਲੋਂ ਐਸਕੇਐਮ ਦੀ ਅਗਵਾਈ ਵਿੱਚ ਚੱਲੇ ਇਤਿਹਾਸਿਕ ਕਿਸਾਨ ਘੋਲ ਸਮੇਂ ਲਿਖਤੀ ਰੂਪ ਵਿੱਚ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਐਮਐਸਪੀ ਦਾ ਕਾਨੂੰਨ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਲਾਗੂ ਕਰਾਉਣ ਲਈ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਆਗੂਆਂ ਬਲਦੇਵ ਸਿੰਘ ਸਹਿਜੜਾ ਚਮਕੌਰ ਸਿੰਘ ਮਹਿਲ ਖੁਰਦ ਗੁਲਜ਼ਾਰ ਸਿੰਘ, ਅਮਰਜੀਤ ਸਿੰਘ ਕਲਾਲਮਾਜਰਾ, ਅਮਨਦੀਪ ਸਿੰਘ ਕਾਲਾ ਰਾਏਸਰ, ਸੱਤਪਾਲ ਸਿੰਘ ਸਹਿਜੜਾ, ਬਲਵੀਰ ਸਿੰਘ, ਜਗਤਾਰ ਸਿੰਘ, ਨਿਰਭੈ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਭਿੰਦਰ ਸਿੰਘ ਮੂੰਮ, ਦਿਆਲ ਸਿੰਘ, ਮੋਹਣ ਸਿੰਘ, ਲੱਖਾ ਸਿੰਘ, ਬਲੌਰ ਸਿੰਘ ਆਦਿ ਆਗੂਆਂ ਨੇ ਇਨ੍ਹਾਂ ਅਰਥੀ ਫੂਕ ਮੁਜ਼ਾਹਰਿਆਂ ਵਿੱਚ ਭਾਗ ਲੈਂਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨਣਾ ਤਾਂ ਮੋਦੀ ਸਰਕਾਰ ਵੱਲੋਂ ਇੱਕ ਪਾਸੇ ਰਿਹਾ ਸਗੋਂ ਦੂਜਾ ਵਾਰ ਕਰਦਿਆਂ ਮੋਦੀ ਹਕੂਮਤ ਕੌਮੀ ਖੇਤੀਬਾੜੀ ਮੰਡੀਕਰਨ ਖਰੜਾ ਲੈ ਕੇ ਆ ਰਹੀ ਹੈ।
ਇਹ ਖਰੜਾ ਤਿੰਨ ਖੇਤੀ ਵਿਰੋਧੀ ਕਨੂੰਨਾਂ ਨੂੰ ਪਿਛਲੇ ਦਰਵਾਜ਼ਿਓਂ ਲਾਗੂ ਕਰਨ ਦੀ ਮੋਦੀ ਹਕੂਮਤ ਦੀ ਵੱਡੀ ਸਾਜਿਸ਼ ਹੈ। ਹਕੂਮਤ ਦੀ ਇਸ ਸਾਜ਼ਿਸ਼ ਨੂੰ ਕਦਾ ਚਿੱਤ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਐੱਸਕੇਐੱਮ ਵੱਲੋਂ ‘ਕੌਮੀ ਖੇਤੀਬਾੜੀ ਮੰਡੀਕਰਨ ਨੀਤੀ ਖਰੜੇ’ ਦੀਆਂ ਕਾਪੀਆਂ ਮਹਿਲਕਲਾਂ ਵਿਖੇ ਸਾੜੀਆਂ ਜਾਣਗੀਆਂ।