ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ਮੁੜ ਵਧਾਈਆਂ ਜਾਣ- ਹੁਣ ਆਈਈਏਟੀ ਅਧਿਆਪਕਾਂ ਨੇ ਕੀਤੀ ਮੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਮੂਹ ਆਈਈਏਟੀ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿ ਸਮੇਂ ਸਮੇਂ ਤੇ ਮੌਜੂਦਾ ਸਰਕਾਰਾਂ ਵੱਲੋਂ ਕੜਾਕੇ ਦੀ ਠੰਡ ਨੂੰ ਵੇਖਦੇ ਹੋਏ ਸਕੂਲ ਦੀਆਂ ਛੁੱਟੀਆਂ ਵਿੱਚ ਵਾਧਾ ਕੀਤਾ ਜਾਂਦਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 2024 ਵਿੱਚ ਵੀ ਸਰਕਾਰ ਵੱਲੋਂ 21 ਜਨਵਰੀ 2024 ਤੱਕ ਛੁੱਟੀਆਂ ਕੀਤੀਆਂ ਗਈਆਂ ਸਨ, ਪਰ ਸਾਲ 2025 ਵਿੱਚ ਸਰਕਾਰ ਵੱਲੋਂ ਜਿੱਥੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਉੱਥੇ ਹੀ ਬੱਚਿਆਂ ਸਿਹਤ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ।
ਕਹਿਣ ਤੋਂ ਭਾਵ ਕਿ ਪੰਜਾਬ ਸਰਕਾਰ ਵੱਲੋਂ 7 ਜਨਵਰੀ 2025 ਤੱਕ ਛੁੱਟੀਆਂ ਕੀਤੀਆਂ ਗਈਆਂ ਸਨ ਅਤੇ 8 ਜਨਵਰੀ 2025 ਨੂੰ ਸਕੂਲ ਦੁਬਾਰਾ ਖੋਲੇ ਗਏ ਸਨ ਜਦ ਕਿ 8 ਜਨਵਰੀ ਤੋਂ ਬਾਅਦ ਲਗਾਤਾਰ ਬਹੁਤ ਹੀ ਸੰਘਣੀ ਧੁੰਦ ਪੈ ਰਹੀ ਹੈ ਅਤੇ ਬਹੁਤ ਹੀ ਕੜਾਕੇ ਦੀ ਠੰਡ ਵੀ ਪੈ ਰਹੀ ਹੈ।
ਇਸ ਤੇ ਬਾਵਜੂਦ ਵੀ ਸਰਕਾਰ ਨੇ ਸਕੂਲਾਂ ਵਿੱਚ ਅਗਾਹ ਛੁੱਟੀਆਂ ਵਧਾਉਣ ਦਾ ਕੋਈ ਫੈਸਲਾ ਨਹੀਂ ਲਿਆ ਬਲਕਿ ਅਧਿਆਪਕ ਜਥੇਬੰਦੀਆਂ ਵੱਲੋਂ ਲਗਾਤਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਨਹੀਂ ਵਧਾਈਆਂ, ਅਤੇ ਅਸੀਂ ਸਮੂਹ ਆਈਈ ਏਟੀ ਅਧਿਆਪਕ ਜੋ ਕਿ ਸਪੈਸ਼ਲ ਬੱਚਿਆਂ ਨੂੰ ਪੜਾਉਂਦੇ ਹਾਂ, ਸਾਡੇ ਬੱਚੇ ਬਾਹਰਲੇ ਪਿੰਡਾਂ ਤੋਂ ਪੜ੍ਹਨ ਲਈ ਸੈਂਟਰ ਸਕੂਲ ਵਿੱਚ ਆਉਂਦੇ ਹਨ, ਬੱਚਿਆਂ ਤੇ ਪਹਿਲਾਂ ਹੀ ਕੁਦਰਤੀ ਮਾਰ ਪਈ ਹੋਈ ਹੈ ਅਤੇ ਇਨੀ ਠੰਡ ਵਿੱਚ ਬੱਚੇ ਸਕੂਲ ਵਿੱਚ ਆ ਕੇ ਹੋਰ ਵੀ ਬਿਮਾਰ ਹੋ ਰਹੇ ਹਨ।
ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਅਕਸਰ ਟੈਂਕੀ ਦਾ ਪਾਣੀ ਪੀਂਦੇ ਹਨ, ਸਰਕਾਰ ਇਸ ਗੱਲ ਨੂੰ ਸੋਚ ਨਹੀਂ ਰਹੀ ਕਿ ਬੱਚੇ ਸਕੂਲ ਦੇ ਵਿੱਚ ਟੈਂਕੀ ਦਾ ਠੰਡਾ ਪਾਣੀ ਪੀਂਦੇ ਹਨ ਅਤੇ ਦੁਪਹਿਰ ਦਾ ਮਿੱਡੇ ਮੀਲ ਜੋ ਕਿ ਗਰਮ ਖਾਣਾ ਹੁੰਦਾ ਹੈ ਅਤੇ ਇਸ ਤੋਂ ਬਾਅਦ ਟੈਂਕੀ ਦਾ ਠੰਡਾ ਪਾਣੀ ਪੀਣ ਤੋਂ ਬਾਅਦ ਬੱਚਿਆਂ ਦੀ ਸਿਹਤ ਤੇ ਕਿੰਨਾ ਮਾੜਾ ਅਸਰ ਪੈਂਦਾ ਹੈ, ਸ਼ਾਇਦ ਸਰਕਾਰ ਇਸ ਬਾਰੇ ਸੋਚਦੀ ਨਹੀਂ।
ਕਿਉਂਕਿ ਸਰਕਾਰ ਨੂੰ ਚਲਾਉਣ ਵਾਲਿਆਂ ਦੇ ਆਪਦੇ ਖੁਦ ਦੇ ਬੱਚੇ ਇਹਨਾਂ ਸਰਕਾਰੀ ਸਕੂਲਾਂ ਵਿੱਚ ਨਹੀਂ ਪੜ੍ਹਦੇ ਸੋ ਜਿਸ ਕਰਕੇ ਇਹ ਇਹਨਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ, ਪਰ ਅਸੀਂ ਸਮੂਹ ਆਈਈ ਏਟੀ ਅਧਿਆਪਕ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਜਾਂ ਤਾਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਜਾਵੇ, ਅਤੇ ਜਾਂ ਫਿਰ ਛੁੱਟੀਆਂ ਹੋਰ ਵਧਾ ਦਿੱਤੀਆਂ ਜਾਣ।