ਪੰਜਾਬ ਦੇ ਸਕੂਲਾਂ ਅਤੇ ਦਫ਼ਤਰਾਂ ਦਾ ਸਮਾਂ ਬਦਲਣ ਦੀ ਡੀ.ਟੀ.ਐੱਫ਼ ਵੱਲੋਂ ਮੰਗ, DC ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਨੈੱਟਵਰਕ, ਹੁਸ਼ਿਆਰਪੁਰ-
ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਮੌਸਮ ਕਾਰਣ ਸਕੂਲਾਂ ਅਤੇ ਦਫ਼ਤਰਾਂ ਦਾ ਸਮਾਂ ਬਦਲਣ ਸੰਬੰਧੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ਼.) ਦਾ ਇੱਕ ਵਫ਼ਦ ਜਥੇਬੰਦੀ ਦੇ ਸੂਬਾ ਜੁਆਇੰਟ ਸਕੱਤਰ ਮੁਕੇਸ਼ ਗੁਜਰਾਤੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੂੰ ਮਿਲਿਆ ਅਤੇ ਇਸ ਸੰਬੰਧੀ ਉਨ੍ਹਾਂ ਨੂੰ ਇੱਕ ਮੰਗ ਪੱਤਰ ਦਿੱਤਾ।
ਇਸ ਮੰਗ ਪੱਤਰ ਰਾਹੀਂ ਯੂਨੀਅਨ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਸਮੇਂ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਸਵੇਰ ਵੇਲ਼ੇ ਸੜਕਾਂ ਉੱਤੇ ਦਿਖਣ ਦੀ ਸੀਮਾ ਬਹੁਤ ਹੀ ਜ਼ਿਆਦਾ ਘੱਟ ਜਾਂਦੀ ਹੈ।
ਜਿਸ ਕਾਰਣ ਆਏ ਦਿਨ ਸੂਬੇ ਵਿੱਚ ਸਵੇਰ ਸਮੇਂ ਵੱਡੇ ਸੜਕ ਹਾਦਸੇ ਵਾਪਰ ਰਹੇ ਹਨ ਅਜਿਹੇ ਵਿੱਚ ਸਵੇਰੇ ਜਲਦੀ ਸਕੂਲਾਂ ਨੂੰ ਜਾਣ ਵਾਲ਼ੇ ਵਿਦਿਆਰਥੀਆਂ, ਅਧਿਆਪਕਾਂ ਤੇ ਦਫ਼ਤਰਾਂ ਨੂੰ ਜਾਣ ਵਾਲ਼ੇ ਮੁਲਾਜ਼ਮਾਂ ਦਾ ਜਾਣਾ ਬਹੁਤ ਜ਼ੋਖਿਮ ਭਰਿਆ ਹੋ ਜਾਂਦਾ ਹੈ।
ਠੰਢ ਅਤੇ ਧੁੰਦ ਵਿੱਚ ਵਿਦਿਆਰਥੀਆਂ ਨੂੰ ਸਰਦੀ ਅਤੇ ਜ਼ੁਕਾਮ ਜਿਹੀਆਂ ਬਿਮਾਰੀਆਂ ਜਲਦੀ ਘੇਰ ਲੈਂਦੀਆਂ ਹਨ। ਇਸ ਲਈ ਵਫ਼ਦ ਨੇ ਮੰਗ ਕੀਤੀ ਕਿ ਸਵੇਰ ਸਮੇਂ ਸਕੂਲਾਂ ਅਤੇ ਦਫ਼ਤਰਾਂ ਦੇ ਲੱਗਣ ਦਾ ਸਮਾਂ ਸਵੇਰੇ 9 ਵਜੇ ਦੀ ਬਜਾਇ 10 ਵਜੇ ਕੀਤਾ ਜਾਵੇ ਅਤੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੀ ਛੁੱਟੀ ਦਾ ਸਮਾਂ ਬਾਅਦ ਦੁਪਹਿਰ 3 ਵਜੇ ਦਾ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਓਹ ਜਲਦ ਹੀ ਸਿੱਖਿਆ ਸਕੱਤਰ ਪੰਜਾਬ ਨਾਲ਼ ਗੱਲ ਕਰਕੇ ਸਕੂਲਾਂ ਅਤੇ ਦਫ਼ਤਰਾਂ ਦੇ ਸਮੇਂ ਵਿੱਚ ਤਬਦੀਲੀ ਕਰਵਾਉਣਗੇ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੈਡਮ ਲਲਿਤਾ ਅਰੋੜਾ ਵੀ ਹਾਜ਼ਰ ਸਨ। ਇਸ ਵਫ਼ਦ ਵਿੱਚ ਲੈਕਚਰਾਰ ਮਨਜੀਤ ਸਿੰਘ, ਪਰਮਿੰਦਰ ਸਿੰਘ ਕੋਟ ਫਤੁਹੀ, ਜਗਮੋਹਨ ਸਿੰਘ ਢੋਲਵਾਹਾ ਅਤੇ ਪ੍ਰਸ਼ੋਤਮ ਸਿੰਘ ਆਦਿ ਅਧਿਆਪਕ ਆਗੂ ਸ਼ਾਮਿਲ ਸਨ।