ਨੌਜਵਾਨਾਂ ਲਈ ਅਹਿਮ ਖ਼ਬਰ: ਪੰਜਾਬ ‘ਚ ਅਗਨਵੀਰ ਭਰਤੀ ਸਬੰਧੀ ਲਿਖਤੀ ਪੇਪਰ ਦੀ ਤਿਆਰੀ ਲਈ ਕੈਂਪ ਕੱਲ੍ਹ ਤੋਂ
ਨਵਾਂ ਸ਼ਹਿਰ
ਸੀ-ਪਾਈਟ ਕੈਂਪ ਨਵਾਂਸ਼ਹਿਰ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਹਿਸੀਲ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਦੇ ਯੁਵਕਾਂ ਲਈ ਆਉਣ ਵਾਲੀ ਆਰਮੀ ਦੀ ਅਗਨਵੀਰ ਭਰਤੀ ਸਬੰਧੀ ਲਿਖਤੀ ਪੇਪਰ ਦੀ ਤਿਆਰੀ ਲਈ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਮਿਤੀ 16 ਜਨਵਰੀ 2025 ਤੋਂ ਕੈਂਪ ਸੁਰੂ ਹੋ ਰਿਹਾ ਹੈ।
ਇਸ ਸਬੰਧੀ ਸੀ-ਪਾਈਟ ਨਵਾਂਸ਼ਹਿਰ ਵਿਖੇ ਲਿਖਤੀ ਪੇਪਰ ਦੀ ਤਿਆਰੀ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਜ਼ਿਲ੍ਹਿਆਂ ਨਾਲ ਸਬੰਧਤ ਚਾਹਵਾਨ ਨੌਜਵਾਨ ਕਿਸੇ ਵੀ ਦਿਨ ਸਵੇਰੇ 9 ਵਜੇ ਤੋਂ ਬਾਅਦ ਜ਼ਰੂਰੀ ਦਸਤਾਵੇਜ਼ਾਂ ਦੀ ਅਸਲ ਅਤੇ ਫੋਟੋ ਕਾਪੀਆਂ ਲੈ ਕੇ ਸੀ-ਪਾਈਟ ਕੈਂਪ, ਮਾਰਫਤ ਨਹਿਰੀ ਵਿਸ਼ਰਾਮ ਘਰ, ਰਾਹੋਂ ਰੋਡ, ਨਵਾਂਸ਼ਹਿਰ ਵਿਖੇ ਹਾਜ਼ਰ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਫ਼ੌਜ ਦੀ ਭਰਤੀ ਵਾਸਤੇ ਉਮਰ 17 ਤੋਂ 21 ਸਾਲ ਅਤੇ ਘੱਟੋ-ਘੱਟ ਦਸਵੀਂ ਵਿਚ 45 ਫੀਸਦੀ ਅੰਕ ਅਤੇ ਕੱਦ 170 ਸੈਂਟੀਮੀਟਰ ਤੇ ਛਾਤੀ 77/82 ਸੈਂਟੀਮੀਟਰ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਸ. ਐਸ. ਸੀ (ਜੀ. ਡੀ) ਦੀਆਂ ਪੋਸਟਾਂ ਸਬੰਧੀ ਅਤੇ ਪੈਰਾਮਿਲਟਰੀ ਫੋਰਸ ਦੀ ਭਰਤੀ ਲਈ ਵੀ ਕੈਂਪ ਵਿਖੇ ਫਿਜ਼ੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਈਲ ਨੰ: 90415-58978 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।