ਗ੍ਰਾਮ ਪੰਚਾਇਤ ਚੱਕ ਛੱਪੜੀ ਵਾਲਾ ਵੱਲੋਂ ਪਿੰਡ ‘ਚ ਕਾਮਰੇਡ ਵਧਾਵਾ ਰਾਮ ਯਾਦਗਾਰ ਲਾਇਬ੍ਰੇਰੀ ਦਾ ਉਦਘਾਟਨ
ਲਾਇਬ੍ਰੇਰੀ ਰਾਹੀ ਨੌਜਵਾਨਾਂ ਨੂੰ ਵਿਗਿਆਨਕ ਅਤੇ ਉਸਾਰੂ ਗਿਆਨ ਵੰਡਣ ਦਾ ਉਪਰਾਲਾ ਕੀਤਾ ਜਾਵੇਗਾ :- ਗ੍ਰਾਮ ਪੰਚਾਇਤ
ਪਰਮਜੀਤ ਢਾਬਾਂ, ਜਲਾਲਾਬਾਦ
ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ਅਧੀਨ ਆਉਂਦੇ ਪਿੰਡ ਚੱਕ ਛੱਪੜੀ ਵਾਲਾ ਵੱਲੋਂ ਅੱਜ ਪਿੰਡ ਦੇ ਨੌਜਵਾਨਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿਰਤੀ ਲੋਕਾਂ ਦੇ ਮਹਾਨ ਆਗੂ, ਕਿਸਾਨੀ ਘੋਲਾਂ ਦੇ ਜੇਤੂ ਜਰਨੈਲ ਅਤੇ ਫਾਜ਼ਿਲਕਾ ਦੇ ਪਹਿਲੇ ਐੱਮ.ਐੱਲ.ਏ.ਕਾਮਰੇਡ ਵਧਾਵਾ ਰਾਮ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਮਦਨ ਲਾਲ ਨੇ ਕਿਹਾ ਕਿ ਲਾਇਬ੍ਰੇਰੀ ਦੇ ਮਾਧਿਅਮ ਰਾਹੀਂ ਪਿੰਡ ਦੇ ਨੌਜਵਾਨਾਂ ਨੂੰ ਵਿਗਿਆਨਕ ਅਤੇ ਉਸਾਰੂ ਸਾਹਿਤ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਉਹ ਹੱਕਾਂ ਪ੍ਰਤੀ ਜਾਗਰੂਕ ਹੋਣ ਅਤੇ ਸਮਾਜ ਵਿੱਚ ਫੈਲਾਈਆਂ ਜਾ ਰਹੀਆਂ ਅਲਾਮਤਾਂ ਤੋਂ ਪਿੰਡ ਅਤੇ ਸਮਾਜ ਨੂੰ ਬਚਾਉਣ ਦੇ ਸਮਰੱਥ ਹੋ ਸਕਣ। ਉਹਨਾਂ ਨੇ ਆਸ ਪਾਸ ਅਤੇ ਇਲਾਕੇ ਦੀਆਂ ਹੋਰਨਾਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ-ਪਿੰਡ ਇਸ ਤਰ੍ਹਾਂ ਦੀਆਂ ਲਾਇਬਰੇਰੀਆਂ ਬਣਾਉਣ ਤਾਂ ਜੋ ਸਮਾਜ ਨੂੰ ਬਿਹਤਰੀ ਵੱਲ ਲਿਜਾਇਆ ਜਾ ਸਕ।
ਇਸ ਮੌਕੇ ਗੱਲਬਾਤ ਕਰਦਿਆਂ ਇਸੇ ਪਿੰਡ ਦੇ ਨਿਵਾਸੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਨੇ ਕਿਹਾ ਲਾਇਬ੍ਰੇਰੀਆਂ ਦੀ ਸਾਡੇ ਜੀਵਨ ਅਤੇ ਸਮਾਜ ਵਿੱਚ ਬੜੀ ਵੱਡੀ ਮਹੱਤਤਾ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਇਸ ਰਾਹੀ ਨੌਜਵਾਨ ਗੁਰੂਆਂ, ਦੇਸ਼ ਭਗਤਾਂ ਅਤੇ ਵੱਖ ਵੱਖ ਧਰਮਾਂ ਦੇ ਇਤਿਹਾਸ ਬਾਰੇ ਗਿਆਨ ਹਾਸਲ ਕਰਕੇ ਇੱਕ ਚੰਗੇ ਨਾਗਰਿਕ ਬਨਣ ਅਤੇ ਪਿੰਡ ਅਤੇ ਸਮਾਜ ਦਾ ਨਾਮ ਰੌਸ਼ਨ ਕਰਨ। ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਨੌਜਵਾਨਾਂ ਤੋਂ ਆਸ ਕਰਦਿਆਂ ਇਹ ਵਿਸ਼ਵਾਸ ਦੁਆਇਆ ਕਿ ਲੋੜ ਪੈਣ ਤੇ ਇਸ ਲਾਇਬ੍ਰੇਰੀ ਨੂੰ ਵਿਸ਼ਾਲ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰੋਜ ਰਾਣੀ, ਮੈਂਬਰ ਪੰਚਾਇਤ ਅਮਨਦੀਪ, ਡਾਕਟਰ ਜੁਗਿੰਦਰ ਸਿੰਘ, ਡਾਕਟਰ ਪ੍ਰੇਮ ਸਿੰਘ ਖਾਲਸਾ, ਗੁਰਮੀਤ ਕੌਰ, ਕੁਲਦੀਪ ਸਿੰਘ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀ ਵਾਲਾ, ਮਿਲਖ ਰਾਜ, ਹੰਸ ਰਾਜ ਸੈਕਟਰੀ, ਅਮਨਦੀਪ ਹੈਪੀ, ਪਵਨ ਕੁਮਾਰ, ਡਾਕਟਰ ਛਿੰਦਰਪਾਲ ਅਤੇ ਭੀਮ ਸੈਨ ਸਾਬਕਾ ਮੈਂਬਰ ਪੰਚਾਇਤ ਵੀ ਹਾਜ਼ਰ ਸਨ।