ਵੱਡੀ ਖ਼ਬਰ: 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ ਸੰਗਰੂਰ ਜੇਲ੍ਹ ‘ਚੋਂ ਰਿਹਾਅ! ਸਿੱਖਿਆ ਸਕੱਤਰ ਨਾਲ ਮੀਟਿੰਗ ਤੈਅ
ਫਰੰਟ ਆਗੂਆਂ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ 9 ਦਸੰਬਰ ਨੂੰ ਸਿੱਖਿਆ ਸਕੱਤਰ ਨਾਲ ਮੀਟਿੰਗ ਤੈਅ
ਮੀਟਿੰਗਾਂ ਬੇਸਿੱਟਾ ਰਹਿਣ ਤੇ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ
411 ਸਾਥੀਆਂ ਨੂੰ ਤੁਰੰਤ ਨੌਕਰੀ ਦੇਣ ਦੀ ਮੰਗ
ਦਲਜੀਤ ਕੌਰ, ਸੰਗਰੂਰ
ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਅਤੇ ਜ਼ਿਲ੍ਹੇ ਭਰ ਵਿਚੋਂ ਇਕੱਤਰ ਹੋਈਆਂ ਕਿਸਾਨ, ਮੁਲਾਜ਼ਮ, ਅਧਿਆਪਕ ਤੇ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਦੇ ਦਬਾਅ ਹੇਠ ਆਖ਼ਰ ਸੰਗਰੂਰ ਪ੍ਰਸ਼ਾਸਨ ਨੇ ਸੰਗਰੂਰ ਜੇਲ੍ਹ ’ਚ ਬੰਦ 31 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਕੱਲ੍ਹ ਦੇਰ ਸ਼ਾਮ ਰਿਹਾਅ ਕਰ ਦਿੱਤਾ।
ਜੇਲ੍ਹ ਤੋਂ ਬਾਹਰ ਮੌਜੂਦ ਫਰੰਟ ਦੇ ਸਾਥੀਆਂ ਨੇ ਜਨਤਕ ਤੇ ਜਮਹੂਰੀ ਜਥੇਬੰਦੀਆਂ ਨਾਲ ਮਿਲ ਕੇ ਜੇਲ੍ਹ ਵਿੱਚ ਡੱਕੇ ਸਾਥੀਆਂ ਤੇ ਮਹਿਲਾ ਸਾਥੀਆਂ ਉੱਤੇ ਪਾਏ ਝੂਠੇ ਪਰਚੇ ਰੱਦ ਕਰਨ, ਜੇਲ੍ਹ ਵਾਲੇ ਸਾਥੀਆਂ ਦੀ ਬਿਨਾਂ ਸ਼ਰਤ ਰਿਹਾਈ ਤੇ ਪੈਨਲ ਮੀਟਿੰਗ ਦੀ ਮੰਗ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਮੋਰਚਾ ਜਾਰੀ ਰੱਖਿਆ ਸੀ।
ਕੱਲ੍ਹ ਰਿਹਾਈ ਮਗਰੋਂ ਮਿਲਕ ਪਲਾਂਟ ਨੇੜੇ ਚੱਲ ਰਹੇ ਧਰਨੇ ’ਚ ਪੁੱਜੇ ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਫਰੰਟ ਦੇ ਸੂਬਾਈ ਵਫ਼ਦ ਦੀ ਸਿੱਖਿਆ ਸਕੱਤਰ ਨਾਲ ਚੰਡੀਗੜ੍ਹ ’ਚ 9 ਦਸੰਬਰ ਦੀ ਮੀਟਿੰਗ ਵੀ ਤੈਅ ਕਰਵਾਈ ਗਈ ਹੈ।
ਮੋਰਚੇ ਦੇ ਸੰਘਰਸ਼ ਅੱਗੇ ਝੁਕਦਿਆਂ ਸੰਗਰੂਰ ਪ੍ਰਸ਼ਾਸਨ ਨੇ ਜੇਲ੍ਹ ਵਿਚਲੇ ਸਾਥੀਆਂ ਨੂੰ ਬਿਨਾਂ ਸ਼ਰਤ ਕੱਲ੍ਹ 5 ਦਸੰਬਰ ਰਾਤ ਨੂੰ ਰਿਹਾਅ ਕਰ ਦਿੱਤਾ ਅਤੇ 9 ਤਰੀਕ ਨੂੰ ਸਿੱਖਿਆ ਸਕੱਤਰ ਨਾਲ ਮੀਟਿੰਗ ਦਾ ਲਿਖਤੀ ਭਰੋਸਾ ਦਿੱਤਾ।
ਫਰੰਟ ਮੈਂਬਰਾਂ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਹੈ ਤੇ 9 ਦਸੰਬਰ ਨੂੰ ਸਿੱਖਿਆ ਸਕੱਤਰ ਨਾਲ ਮੀਟਿੰਗ ਰੱਖੀ ਗਈ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇਹ ਮੀਟਿੰਗਾਂ ਬੇਸਿੱਟਾ ਰਹਿੰਦੀਆਂ ਹਨ ਤੇ ਰਹਿੰਦੇ 411 ਸਾਥੀਆਂ ਨੂੰ ਜਲਦ ਕਾਲਜਾਂ ਵਿੱਚ ਨਹੀਂ ਭੇਜਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ 1158 ਫਰੰਟ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ।
ਕੱਲ੍ਹ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਵਲੋਂ ਭਰਾਤਰੀ ਜਥੇਬੰਦੀਆਂ ਸਮੇਤ ਐੱਸਐੱਸਪੀ ਦਫ਼ਤਰ ਵੱਲ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਸਮੇਤ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ।
ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਜੇਲ੍ਹ ’ਚ ਬੰਦ ਸਾਥੀਆਂ ਦੀ ਰਿਹਾਈ ਲਈ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਰਿਹਾਅ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਦੇ ਭਰੋਸੇ ਦੇ ਬਾਵਜੂਦ ਪ੍ਰਦਰਸ਼ਕਾਰੀ ਮਿਲਕ ਪਲਾਂਟ ਕੋਲ ਹੀ ਡਟੇ ਰਹੇ ਅਤੇ ਜਦੋਂ ਸ਼ਾਮ ਤੱਕ ਰਿਹਾਈ ਨਾ ਹੋਈ ਤਾਂ ਸੜਕ ਉਪਰ ਰੋਸ ਧਰਨਾ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਆਖ਼ਰਕਾਰ ਸੰਘਰਸ਼ ਦੇ ਦਬਾਅ ਹੇਠ ਤਿੰਨ ਮਰਨ ਵਰਤੀ ਸਾਥੀਆਂ ਸਮੇਤ ਸਾਰੇ 31 ਜਣਿਆਂ ਨੂੰ ਦੇਰ ਸ਼ਾਮ ਸੰਗਰੂਰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ।
ਇਸ ਮੌਕੇ ਫਰੰਟ ਦੇ ਆਗੂਆਂ ਪਰਮਜੀਤ ਸਿੰਘ, ਮੁਨੀਸ਼ ਕੁਮਾਰ, ਜਸਕਰਨ ਸਿੰਘ ਅਤੇ ਦਲਜੀਤ ਕੌਰ ਨੇ ਦੱਸਿਆ ਜੇਕਰ ਕੱਲ੍ਹ ਉਨ੍ਹਾਂ ਦੀ ਰਿਹਾਈ ਨਾ ਹੁੰਦੀ ਤਾਂ ਅੱਜ 6 ਦਸੰਬਰ ਤੋਂ ਜੇਲ੍ਹ ’ਚ ਬੰਦ 28 ਹੋਰ ਸਾਥੀਆਂ ਨੇ ਵੀ ਮਰਨ ਵਰਤ ਸ਼ੁਰੂ ਕਰ ਦੇਣਾ ਸੀ।
ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ 3 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸ਼ਾਂਤਮਈ ਰੂਪ ਵਿਚ ਮਰਨ ਵਰਤ ਉੱਪਰ ਬੈਠੇ 1158 ਭਰਤੀ ਦੇ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈਣ ਤੋਂ ਬਾਅਦ ਅਲੱਗ-ਅਲੱਗ ਥਾਣਿਆਂ ਵਿਚ ਰਾਤ ਭਰ ਨਜ਼ਰਬੰਦ ਰੱਖਿਆ। 31 ਮਰਦ ਪ੍ਰੋਫ਼ੈਸਰਾਂ ਨੂੰ ਦੋ ਅਲੱਗ ਅਲੱਗ ਥਾਣਿਆਂ ਵਿਚ ਰੱਖਿਆ ਤੇ 9 ਮਹਿਲਾ ਪ੍ਰੋਫ਼ੈਸਰਾਂ ਨੂੰ ਸ਼ੇਰਪੁਰ ਥਾਣੇ ਵਿਚ ਸਖ਼ਤ ਨਜ਼ਰਬੰਦੀ ਵਿਚ ਰੱਖਿਆ।
ਇਹਨਾਂ ਸਾਰਿਆਂ ਦੇ ਫੋਨ ਜ਼ਬਤ ਕਰ ਲਏ ਗਏ। ਮਹਿਲਾ ਪ੍ਰੋਫ਼ੈਸਰਾਂ ਦੇ ਬੇਨਤੀ ਕਰਨ ਦੇ ਬਾਵਜੂਦ ਉਹਨਾਂ ਦੇ ਘਰ ਇਤਲਾਹ ਤੱਕ ਨਹੀਂ ਦਿੱਤੀ ਗਈ। ਅਗਲੇ ਦਿਨ ਮਹਿਲਾ ਪ੍ਰੋਫ਼ੈਸਰਾਂ ਨੂੰ ਧੂਰੀ ਐਸ. ਡੀ. ਐਮ. ਦਫ਼ਤਰ ਪੇਸ਼ ਕਰਕੇ ਉਹਨਾਂ ਨੂੰ ਹੰਗਾਮਾ ਤੇ ਹਿੰਸਾ ਕਰਨ ਦੇ ਝੂਠੇ ਇਲਜ਼ਾਮ ਲਗਾ ਕੇ ਜ਼ਬਰਦਸਤੀ ਜਮਾਨਤ ਦੇ ਮੁਚੱਲਕੇ ਉੱਤੇ ਦਸਤਖ਼ਤ ਕਰਨ ਲਈ ਮਜ਼ਬੂਰ ਕੀਤਾ ਗਿਆ ਤੇ ਵਕੀਲ ਨਾਲ ਗੱਲ ਕਰਨ ਦੇ ਉਹਨਾਂ ਦੇ ਜਮਹੂਰੀ ਹੱਕ ਨੂੰ ਘੱਟੇ ਰੋਲ਼ ਦਿੱਤਾ ਗਿਆ।
ਆਗੂਆਂ ਨੇ ਦੱਸਿਆ ਕਿ 31 ਮਰਦ ਪ੍ਰੋਫ਼ੈਸਰਾਂ ਨੂੰ ਇੱਕ ਰਾਤ ਥਾਣੇ ਵਿਚ ਨਜ਼ਰਬੰਦ ਰੱਖ ਕੇ ਅਗਲੇ ਦਿਨ ਬਿਨਾਂ ਮੈਜਿਸਟਰੇਟ ਦੇ ਪੇਸ਼ ਕੀਤੇ, ਧੱਕੇ ਨਾਲ ਡੀਟੇਨ ਕੀਤੀ ਵੈਨ ਵਿਚੋਂ ਦਸਤਖਤ ਕਰਾ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ। 3 ਸਾਥੀਆਂ ਪਰਮਜੀਤ ਸਿੰਘ, ਜਸਵੰਤ ਸਿੰਘ ਤੇ ਸੁਰਿੰਦਰ ਚੌਧਰੀ ਦੇ ਪਹਿਲੇ ਜੱਥੇ ਵੱਲੋਂ ਰੱਖਿਆ ਮਰਨ ਵਰਤ ਤੀਜੇ ਦਿਨ ਜੇਲ੍ਹ ਵਿਚ ਵੀ ਜਾਰੀ ਰਿਹਾ।
ਜੇਲ੍ਹ ਵਿਚ ਡੱਕੇ ਜਾਣ ਤੋਂ ਬਾਅਦ ਵੀ ਤਿੰਨੇ ਸਾਥੀ ਮਰਨ ਵਰਤ ਉੱਤੇ ਡਟੇ ਰਹੇ। ਜੇਲ੍ਹ ਵਿਚ ਡੱਕੇ ਮਰਦ ਪ੍ਰੋਫ਼ੈਸਰਾਂ ਵਿਚੋਂ ਕੁਝ ਅਸਥਮਾ, ਅਲਸਰ, ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਿਤ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਓਹਨਾਂ ਨੂੰ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ।
ਇਸ ਮੌਕੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਆਗੂ ਮੇਘ ਰਾਜ, ਰਾਜ ਸੈਣੀ, ਰਵਿੰਦਰ ਦਿੜ੍ਹਬਾ, ਕੁਲਵੰਤ ਖਨੌਰੀ, ਕਮਲਜੀਤ ਸਿੰਘ, ਦੀਨਾ ਨਾਥ, ਸੁਖਬੀਰ ਖਨੌਰੀ, ਰਮਨ ਲਹਿਰਾ, ਡੀਟੀਐੱਫ ਦੇ ਬਲਵੀਰ ਚੰਦ ਲੌਂਗੋਵਾਲ, ਸੁਖਜਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜਿਲਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁਨਰਾਂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੇਦ, ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਅਤੇ ਜਿਲਾ ਪ੍ਰਧਾਨ ਕਮਲਦੀਪ ਕੌਰ ਬਾਘਾਪੁਰਾਣਾ, ਜਮਹੂਰੀ ਅਧਿਕਾਰ ਸਭਾ ਦੇ ਮਾਸਟਰ ਕੁਲਦੀਪ ਸਿੰਘ, ਮਨਧੀਰ ਸਿੰਘ ਦਿਓਲ, ਬਸੇਸਰ ਰਾਮ, ਜੁਝਾਰ ਲੌਂਗੋਵਾਲ, ਕੁਲਵਿੰਦਰ ਬੰਟੀ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮ ਵੇਦ, ਸੁਰਿੰਦਰ ਪਾਲ ਉਪਲੀ, ਸੀਤਾ ਰਾਮ ਬਾਲਦ ਕਲਾਂ, ਬੀਕੇਯੂ ਡਕੌਂਦਾ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਉਗਰਾਹਾਂ ਤੋਂ ਇਲਾਵਾ ਹੋਰ ਵੀ ਕਿਸਾਨ-ਮਜ਼ਦੂਰ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।