All Latest NewsNews FlashPunjab News

ਕੈਂਸਰ ਗੈਸ ਫ਼ੈਕਟਰੀਆਂ ਬੰਦ ਕਰਾਉਣ ਸਬੰਧੀ ਸਰਕਾਰ ਦਾ ਰਵੱਈਆ ਲੋਕਵਿਰੋਧੀ: ਪ੍ਰੋ ਜਗਮੋਹਨ ਸਿੰਘ

 

216 ਦਿਨਾਂ ਤੋਂ ਮੁਸ਼ਕਾਬਾਦ ਸੰਘਰਸ਼ ਮੋਰਚਾ ਨਿਰੰਤਰ ਜਾਰੀ

ਦਲਜੀਤ ਕੌਰ, ਸਮਰਾਲਾ/ਲੁਧਿਆਣਾ

ਕੈੰਸਰ ਗੈਸ ਫ਼ੈਕਟਰੀਆਂ ਵਿਰੋਧੀ ਤਾਲਮੇਲ ਕਮੇਟੀ ਦੇ ਸੱਦੇ ਤੇ ਅੱਜ ਨੇੜਲੇ ਪਿੰਡ ਮੁਸ਼ਕਾਬਾਦ ਵਿਖੇ ਫੈਕਟਰੀ ਪੱਕੇ ਤੌਰ ਤੇ ਬੰਦ ਕਰਾਉਣ ਲਈ ਅੱਜ ਮੁਸ਼ਕਾਬਾਦ, ਖੀਰਨੀਆਂ, ਟੱਪਰੀਆਂ ਦੇ ਲੋਕਾਂ ਜਿਨ੍ਹਾਂ ‘ਚ ਭਾਰੀ ਗਿਣਤੀ ‘ਚ ਔਰਤਾਂ ਸ਼ਾਮਲ ਸਨ ਦੀ ਵਿਸ਼ਾਲ ਕਾਨਫਰੰਸ ਕੀਤੀ ਗਈ।

ਇਸ ਸਮੇਂ ਵਿਸ਼ੇਸ਼ ਤੋਰ ਤੇ ਪੁੱਜੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ: ਜਗਮੋਹਨ ਸਿੰਘ ਤੇ ਉੱਘੇ ਵਿਗਿਆਨੀ ਡਾ. ਬਲਵਿੰਦਰ ਔਲ਼ਖ ਨੇ ਕਿਹਾ ਕਿ ਬਾਇਓ ਗੈਸ ਫ਼ੈਕਟਰੀਆਂ ਅਸਲ ਚ ਕੈੰਸਰ ਫ਼ੈਕਟਰੀਆਂ ਹਨ ਦੀ ਦਲੀਲ ਨੂੰ ਰੱਦ ਕਰਨ ‘ਚ ਸਰਕਾਰੀ ਮਾਹਰ ਬੁਰੀ ਤਰਾਂ ਅਸਫਲ ਸਾਬਤ ਹੋਣ ਦੇ ਬਾਵਜੂਦ ਇਹ ਫ਼ੈਕਟਰੀਆਂ ਬੰਦ ਨਹੀਂ ਕੀਤੀਆਂ ਜਾ ਰਹੀਆਂ। ਉੱਨਾਂ ਕਿਹਾ ਕਿ ਸਬੰਧਤ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ਚ ਇਸ ਮੁੱਦੇ ਦੀ ਖੋਜ ਪੜਤਾਲ ਲਈ ਇੱਕ ਸਾਂਝੀ ਸਰਵੇਖਣ ਕਮੇਟੀ ਬਨ੍ਹਾਉਣ ਦਾ ਫੈਸਲਾ ਹੋਇਆ ਸੀ ਜੋ ਕਿ ਪੂੰਜੀਪਤੀ ਮਾਲਕਾਂ ਦੇ ਦਬਾਅ ਚ ਲਾਗੂ ਨਹੀ ਕੀਤਾ ਜਾ ਰਿਹਾ।

ਇਸ ਸਮੇਂ ਬੋਲਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਕੰਵਲਜੀਤ ਖੰਨਾ ਅਤੇ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਪੰਜਾਬ ਚ ਲੱਗਣ ਜਾ ਰਹੀਆਂ 54 ਫ਼ੈਕਟਰੀਆਂ ਆਓਣ ਵਾਲੀਆਂ ਪੀੜੀਆ ਦੇ ਮੋਤ ਦੇ ਵਾਰੰਟ ਹਨ। ਇਸ ਲਈ ਇਹ ਫੈਕਟਰੀਆ ਕਿਸੇ ਵੀ ਹਾਲਤ ਚ ਨਹੀਂ ਲੱਗਣ ਦਿੱਤੀਆਂ ਜਾਣਗੀਆਂ। ਹਰੇ ਇਨਕਲਾਬ ਦੀਆਂ ਨੀਤੀਆਂ ਨੇ ਪੰਜਾਬ ਦੇ ਖੇਤਾਂ ਚ ਵਰਤੀਆਂ ਰੇਹਾਂ ਤੇ ਰਸਾਇਣਿਕ ਦਵਾਈਆਂ ਕੈੰਸਰ ਘਰ ਘਰ ਵਾੜ ਦਿੱਤਾ ਹੈ। ਲੋਕ ਮਰ ਰਹੇ ਹਨ ਤੇ ਰਹਿੰਦੀ ਕਸਰ ਹੁਣ ਇਨਾਂ ਬਾਇਓ ਗੈਸ ਫੈਕਟਰੀਆਂ ਰਾਹੀਂ ਪੂਰੀ ਕੀਤੀ ਜਾ ਰਹੀ ਹੈ।

ਉਨਾਂ ਕਿਹਾ ਕਿ ਇੰਨਾਂ ਫ਼ੈਕਟਰੀਆਂ ਦਾ ਵੇਸਟ ਜ਼ਹਿਰੀਲਾ ਤੇ ਗੰਧਲਾ ਹੈ ਜੋ ਕਿ ਮਨੁੱਖੀ ਸਿਹਤ ਲਈ ਅਤਿਅੰਤ ਘਾਤਕ ਹੈ। ਇਸ ਸਮੇਂ ਅਪਣੇ ਸੰਬੋਧਨ ‘ਚ ਖੰਬੇਪੱਖੀ ਆਗੂ ਲੱਛਮਣ ਸਿੰਘ ਕੂੰਮਕਲਾਂ ਨੇ ਕਿਹਾ ਕਿ ਡਾ ਅੋਲਖ ਵੱਲੋਂ ਲਿਆਂਦੀ ਕੈੰਸਰ ਥਿਊਰੀ ਦਾ ਸਰਕਾਰ ਵਿਰੋਧ ਕਰਨ ਦੀ ਹੈਸੀੱਅਤ ਚ ਨਹੀ ਹੈ। ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਕਲਾਂ ਨੇ ਕਿਹਾ ਕਿ ਇਹ ਪਿੰਡ ਵਾਰ ਮੋਰਚੇ ਕੈੰਸਰ ਗੈਸ ਫ਼ੈਕਟਰੀਆਂ ਦੇ ਬੰਦ ਹੋਣ ਤੱਕ ਜਾਰੀ ਰਹਿਣਗੇ ਤੇ ਹਰ ਸਰਕਾਰੀ ਕੁਚਾਲ ਦਾ ਜਨਤਕ ਵਿਰੌਧ ਜਾਰੀ ਰੱਖਣਗੇ।

ਇਸ ਸਮੇਂ ਬੋਲਦਿਆਂ ਸੰਘਰਸ਼ ਮੋਰਚੇ ਦੇ ਆਗੂਆਂ ਰੂਪ ਸਿੰਘ, ਹਰਮੇਲ ਸਿੰਘ, ਅਮਰੀਕ ਸਿੰਘ, ਕੁਲਵਿੰਦਰ ਸਿੰਘ , ਮਾਲਵਿੰਦਰ ਸਿੰਘ ਲਵਲੀ, ਹਰਦੇਵ ਸਿੰਘ ਅਖਾੜਾ, ਰਣਜੋਧ ਸਿੰਘ, ਜਸਬੀਰ ਸਿੰਘ, ਕੁਲਦੀਪ ਸਿੰਘ, ਜੀਤ ਠੇਕੇਦਾਰ, ਪਾਲੀ ਸਿੰਘ (ਸਾਰੇ ਪੰਚਾਇਤ ਮੈੰਬਰ) ਨੇ ਕਿਹਾ ਕਿ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਦ ਜਲਦ ਹੀ ਅਗਲਾ ਜਨਤਕ ਐਕਸਨ ਉਲੀਕਿਆ ਜਾਵੇਗਾ। ਇਸ ਸਮੇਂ ਬਠਿੰਡਾ ਜਿਲੇ ਦੇ ਪਿੰਡ ਲੇਲੇਵਾਲ ਚ ਜਬਰੀ ਕੱਢੀ ਜਾ ਰਹੀ ਗੈਸ ਪਾਈਪ ਲਾਈਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਨਿੰਦਾ ਦਾ ਮਤਾ ਪਾਸ ਕੀਤਾ ਗਿਆ।

 

Leave a Reply

Your email address will not be published. Required fields are marked *