All Latest NewsNews FlashPunjab News

ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਇਨ੍ਹਾਂ ਕੱਚੇ ਮੁਲਾਜ਼ਮਾਂ ਦੀ ਤਨਖ਼ਾਹ ਚ ਕੀਤਾ ਵਾਧਾ

 

ਸਰਕਾਰ ਵਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤੇ ਜਾਣ ਕਾਰਨ ਯੂਨੀਅਨ ਨੇ ਤਿੰਨ ਫਰਵਰੀ ਤੱਕ ਦੇ ਸਾਰੇ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ

ਪੰਜਾਬ ਨੈੱਟਵਰਕ, ਚੰਡੀਗੜ੍ਹ :

ਪੰਜਾਬ ਸਰਕਾਰ ਨੇ ਪਨਬੱਸ ਵਿਚ ਭਰਤੀ ਕੱਚੇ ਮੁਲਾਜ਼ਮਾਂ ਦੀ ਤਨਖਾਹ ਵਿਚ 5 ਫ਼ੀਸਦੀ ਵਾਧਾ ਕਰ ਦਿੱਤਾ ਹੈ। ਡਰਾਇਵਰ, ਕੰਡਕਟਰ ਤੋਂ ਇਲਾਵਾ ਵਰਕਸ਼ਾਪ ਵਿਚ ਤਾਇਨਾਤ ਮੁਲਾਜ਼ਮਾਂ ਜਿਹਨਾਂ ਨੇ 1 ਨਵੰਬਰ 2024 ਨੂੰ ਇਕ ਸਾਲ ਦੀ ਸਰਵਿਸ ਪੂਰੀ ਕਰ ਲਈ ਹੈ, ਨੂੰ ਇਕ ਨਵੰਬਰ ਤੋਂ ਪਹਿਲੀ ਮਿਲਦੀ ਤਨਖਾਹ ਵਿਚ ਪੰਜ ਫ਼ੀਸਦੀ ਵਾਧੇ ਨਾਲ ਤਨਖਾਹ ਮਿਲਣ ਦਾ ਲਾਭ ਮਿਲੇਗਾ।

ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਨੇ ਬਾਕਾਇਦਾ ਇਸ ਸਬੰਧੀ ਪਨਬੱਸ ਦੇ ਸਾਰੇ ਜ਼ਿਲ੍ਹਾ ਮੈਨੇਜਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਯੂਨੀਅਨ ਨੇ ਸਰਕਾਰ ਵਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤੇ ਜਾਣ ਕਾਰਨ ਤਿੰਨ ਫਰਵਰੀ ਤੱਕ ਦੇ ਸਾਰੇ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਹੈ।

ਪੰਜਾਬ ਰੋਡਵੇਜ਼,ਪਨਬਸ,ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਤੈਅ ਸੀ, ਪਰ ਮੁੱਖ ਮੰਤਰੀ ਦੀ ਗੈਰਹਾਜ਼ਰੀ ਵਿਚ ਇਹ ਮੀਟਿੰਗ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤੀ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਮੁੱਖ ਸਕੱਤਰ ਰਵੀ ਭਗਤ ਤੋਂ ਬਿਨਾਂ ਹੋਰ ਅਧਿਕਾਰੀ ਹਾਜ਼ਰ ਸਨ। ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀ ਵੱਖਰੀ ਪਾਲਸੀ ਬਣਾਉਣ ’ਤੇ ਸਹਿਮਤੀ ਬਣ ਗਈ ਹੈ।

ਯੂਨੀਅਨ ਵਲੋਂ ਦਿੱਤੇ ਦਸਤਾਵੇਜ਼ ਦੇ ਅਧਾਰ ’ਤੇ ਸਰਵਿਸ ਰੂਲਾ ਤਹਿਤ ਪੱਕੇ ਕਰਨ ਦੀ ਪਾਲਸੀ ਬਣਾਉਣ ਲਈ ਤੁਰੰਤ ਐਡਵੋਕੇਟ ਜਨਰਲ ਪੰਜਾਬ ਨੂੰ ਫਾਈਲ ਭੇਜੀ ਜਾਵੇਗੀ। ਇਸੀ ਤਰ੍ਹਾਂ 25 ਜਨਵਰੀ ਨੂੰ ਟਰਾਸਪੋਰਟ ਮੰਤਰੀ ਸਮੇਤ ਉੱਚ ਅਧਿਕਾਰੀ ਨਾਲ ਮੀਟਿੰਗ ਕਰਕੇ ਕਾਨੂੰਨੀ ਨੁਕਤੇ ਵਿਚਾਰਨ ਤੋਂ ਬਾਅਦ 3 ਫਰਵਰੀ ਤੱਕ ਯੂਨੀਅਨ ਨਾਲ ਦੁਬਾਰਾ ਮੀਟਿੰਗ ਕਰਕੇ ਸਹਿਮਤੀ ਨਾਲ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਮੀਟਿੰਗ ਵਿਚ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨਾ,ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ, ਘੱਟ ਤਨਖਾਹ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿਚ ਇੱਕਸਾਰਤਾ ਕਰਨਾ, ਕਿਲੋਮੀਟਰ ਸਕੀਮ ਬੱਸਾਂ ( ਪ੍ਰਾਈਵੇਟ ਬੱਸਾਂ ) ਬੰਦ ਕਰਨ, ਵਿਭਾਗ ਦੀਆਂ ਆਪਣੀਆਂ ਬੱਸਾਂ ਪਾਉਣ ਬਾਰੇ ਮੁੱਦਿਆ ’ਤੇ ਚਰਚਾ ਕੀਤੀ ਗਈ।

ਯੂਨੀਅਨ ਆਗੂਆਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਨੇ ਪੀਆਰਟੀਸੀ ਦੀਆਂ 500 ਦੇ ਕਰੀਬ ਤੇ ਪਨਬਸ ਵਿਚ 432 ਦੇ ਕਰੀਬ ਬੱਸਾਂ ਦਾ ਫਲੀਟ ਪਾਉਣ, ਵਰਕਰ ਵਿਰੋਧੀ ਨੀਤੀਆਂ ਦਾ ਜਲਦੀ ਹੱਲ ਕਰਨ, ਪਨਬਸ ਦੇ 51 ਮੁਲਾਜ਼ਮਾਂ ਦੀ ਬਹਾਲੀ ਸਬੰਧੀ ਲਿਸਟ ਜਾਰੀ ਕਰਨ ਅਤੇ ਭਵਿੱਖ ਵਿਚ ਕਿਸੇ ਮੁਲਾਜ਼ਮ ਨਾਲ ਧੱਕਾ ਨਾ ਕਰਨ ਦਾ ਭਰੋਸਾ ਦਿੱਤਾ ਹੈ।

 

Leave a Reply

Your email address will not be published. Required fields are marked *