SGPC ਵੱਲੋਂ ‘ਫਿਲਮ ਐਮਰਜੈਸੀ’ ਦਾ ਵਿਰੋਧ! ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਦਿੱਤੀ ਚੇਤਾਵਨੀ, ਹੁਣ ਜੇ ਫਿਲਮ ਚੱਲੀ ਤਾਂ……!
ਐਸਜੀਪੀਸੀ ਦੇ ਵੱਲੋਂ ਸੀਐੱਮ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਕਿ, ਸੂਬੇ ਦੇ ਅੰਦਰ ਇਸ ਫਿਲਮ ਨੂੰ ਨਾ ਲੱਗਣ ਦਿੱਤਾ ਜਾਵੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੁੜ ਵਿਰੋਧ ਕੀਤਾ ਹੈ। ਜਾਣਕਾਰੀ ਇਹ ਹੈ ਕਿ ਐਸਜੀਪੀਸੀ ਦੇ ਵੱਲੋਂ ਸੀਐੱਮ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਕਿ, ਸੂਬੇ ਦੇ ਅੰਦਰ ਇਸ ਫਿਲਮ ਨੂੰ ਨਾ ਲੱਗਣ ਦਿੱਤਾ ਜਾਵੇ। ਇਸ ਦੇ ਨਾਲ ਹੀ ਐਸਜੀਪੀਸੀ ਨੇ ਸਾਰੇ ਜਿਲ੍ਹਿਆਂ ਦੇ ਡੀਸੀਜ਼ ਨੂੰ ਵੀ ਮੰਗ ਪੱਤਰ ਭੇਜੇ ਹਨ ਅਤੇ ਫਿਲਮ ਨਾ ਲਗਾਏ ਜਾਣ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਵਾਲੀ ਅਤੇ ਇਤਿਹਾਸ ਨੂੰ ਗਲਤ ਪੇਸ਼ ਕਰਦੀ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ, ਇਸ ਦੇ 17 ਜਨਵਰੀ 2025 ਨੂੰ ਰੀਲੀਜ਼ ਹੋਣ ਉੱਤੇ ਪੰਜਾਬ ਅੰਦਰ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਫ਼ਿਲਮ ਜਾਰੀ ਹੁੰਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਅਤੇ ਰੋਹ ਪੈਦਾ ਹੋਵੇਗਾ, ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੂੰ ਸੂਬੇ ਅੰਦਰ ਬੈਨ ਕਰੇ। ਜੇਕਰ ਇਹ ਫ਼ਿਲਮ ਜਾਰੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਕਰੜਾ ਵਿਰੋਧ ਕਰੇਗੀ।
ਇਸ ਦੇ ਸਬੰਧ ਵਿੱਚ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਮੰਗ ਪੱਤਰ ਭੇਜੇ ਗਏ ਹਨ। ਫਿਲਮ ਹੁਣ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਦੱਸ ਦਈਏ ਕਿ ਫਿਲਮ ਐਮਰਜੈਂਸੀ ਵਿੱਚ ਕੰਗਨਾ ਨੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ।