ਬੀਕੇਯੂ ਉਗਰਾਹਾਂ ਵੱਲੋਂ BKU ਕ੍ਰਾਂਤੀਕਾਰੀ ਦੇ ਆਗੂਆਂ ਖ਼ਿਲਾਫ਼ PM ਦੀ ਪੰਜਾਬ ਫੇਰੀ ਮੌਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਲਈ ਪੁਲ਼ਸ ਕੇਸ ਦਰਜ਼ ਕਰਨ ਦੀ ਨਿਖੇਧੀ
ਕਰਮ ਸਿੰਘ ਕੋਠਾਗੁਰੂ ਦੀ ਮੌਤ ਉੱਤੇ ਜ਼ਾਹਰ ਕੀਤਾ ਗਹਿਰਾ ਅਫਸੋਸ
ਦਲਜੀਤ ਕੌਰ, ਚੰਡੀਗੜ੍ਹ
ਤਿੰਨ ਸਾਲ ਪਹਿਲਾਂ 26 ਜਨਵਰੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਬਦਲੇ ਭਾਕਿਯੂ ਕ੍ਰਾਂਤੀਕਾਰੀ ਦੇ ਆਗੂਆਂ ਖ਼ਿਲਾਫ਼ ਪੁਲਸ ਕੇਸ ਦਰਜ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਮੰਗ ਕੀਤੀ ਗਈ ਹੈ ਕਿ ਇਹ ਕੇਸ ਵਾਪਸ ਲਿਆ ਜਾਵੇ ਕਿਉਂਕਿ ਕਿਸੇ ਵੀ ਸੱਤਾਧਾਰੀ ਦਾ ਸ਼ਾਂਤਮਈ ਵਿਰੋਧ ਕਰਨ ਦਾ ਜਮਹੂਰੀ ਅਧਿਕਾਰ ਸੰਵਿਧਾਨ ਵਿੱਚ ਦਰਜ ਹੈ।
ਉਨ੍ਹਾਂ ਦੋਸ਼ ਲਾਇਆ ਕਿ ਐੱਸ ਕੇ ਐੱਮ ਵੱਲੋਂ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਉਣ ਮਗਰੋਂ 9 ਦਸੰਬਰ 2021 ਨੂੰ ਮੋਦੀ ਸਰਕਾਰ ਵੱਲੋਂ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਅਹਿਮ ਮੰਗਾਂ ਬਾਰੇ ਲਿਖਤੀ ਵਾਅਦਾ ਅੱਜ ਤੱਕ ਵੀ ਪੂਰਾ ਨਹੀਂ ਕੀਤਾ ਗਿਆ। ਉਦੋਂ ਵੀ ਇਸੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਢੰਗਾਂ ਰਾਹੀਂ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ ਸਨ। ਅੱਜ ਵੀ ਇਨ੍ਹਾਂ ਮੰਗਾਂ ਸਮੇਤ ਨਵੇਂ ਖੇਤੀ ਮੰਡੀਕਰਨ ਖਰੜੇ ਨੂੰ ਰੱਦ ਕਰਨ ਦੀ ਮੰਗ ਉੱਤੇ ਐੱਸ ਕੇ ਐੱਮ ਦਾ ਸੰਘਰਸ਼ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਟੋਹਾਣਾ ਮਹਾਂਪੰਚਾਇਤ ਵੱਲ ਜਾ ਰਹੇ ਪਿੰਡ ਕੋਠਾਗੁਰੂ ਦੇ ਕਿਸਾਨਾਂ ਦੀ ਬੱਸ ਦੇ ਸੜਕ ਹਾਦਸੇ ਵਿੱਚ ਜ਼ਖ਼ਮੀ ਕਿਸਾਨਾਂ ਵਿੱਚੋਂ ਡੀ ਐੱਮ ਸੀ ਵਿੱਚ ਇਲਾਜ ਅਧੀਨ ਪੰਜਵਾਂ ਕਿਸਾਨ ਨੌਜਵਾਨ ਕਰਮ ਸਿੰਘ ਵੀ ਕੱਲ੍ਹ ਸ਼ਹੀਦਾਂ ਦੀ ਕਤਾਰ ਵਿੱਚ ਜਾ ਰਲਿਆ। ਕਿਸਾਨ ਆਗੂਆਂ ਵੱਲੋਂ ਚੜ੍ਹਦੀ ਉਮਰੇ ਹੋਈ ਉਸਦੀ ਮੌਤ ਉੱਤੇ ਗਹਿਰਾ ਅਫਸੋਸ ਉਸਦੇ ਪੂਰੇ ਪਰਵਾਰ, ਨਗਰ ਕੋਠਾਗੁਰੂ ਦੇ ਲੋਕਾਂ ਅਤੇ ਉਗਰਾਹਾਂ ਜਥੇਬੰਦੀ ਦੇ ਸਮੂਹ ਕਾਰਕੁਨਾਂ ਸਮੇਤ ਕਿਸਾਨ ਲਹਿਰ ਦੇ ਸਮੂਹ ਜੁਝਾਰੂਆਂ ਨਾਲ ਸਾਂਝਾ ਕੀਤਾ ਗਿਆ ਹੈ।