ਅਧਿਆਪਕਾਂ ਦੀਆਂ ਬਦਲੀਆਂ ਨੁੰ ਲੈ ਕੇ ਮੰਤਰੀ ਧਾਲੀਵਾਲ ਨੂੰ ਈਟੀਟੀ 6635 ਅਧਿਆਪਕ ਯੂਨੀਅਨ ਨੇ ਸੌਂਪਿਆ ਮੰਗ ਪੱਤਰ
ਪੰਜਾਬ ਨੈੱਟਵਰਕ, ਅੰਮ੍ਰਿਤਸਰ
ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਅੰਮ੍ਰਿਤਸਰ 3 ਦੇ 6635 ਅਧਿਆਪਕ ਯੂਨੀਅਨ ਦੇ ਬਲਾਕ ਪ੍ਰਧਾਨ ਰਾਹੁਲ ਕੁਮਾਰ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਜਿਸ ਸਮੇਂ 6635 ਨੂੰ ਜੁਆਇੰਨ ਕਰਵਾਇਆ ਗਿਆ ਸੀ ਤਾਂ ਵਿਭਾਗ ਵੱਲੋਂ ਗ਼ਲਤ ਤਰੀਕੇ ਨਾਲ ਸਟੇਸ਼ਨ ਚੋਇਸ ਕਰਵਾਈ ਗਈ ਸੀ, ਜਿਸ ਕਰਕੇ ਹਾਈ ਮੈਰਿਟ ਅਧਿਆਪਕਾਂ ਨੂੰ ਘਰਾਂ ਤੋਂ 250 ਤੋਂ 300 ਕਿਲੋਮੀਟਰ ਦੂਰੀ ਤੇ ਜੁਆਇੰਨ ਕਰਵਾਇਆ ਗਿਆ ਸੀ, ਫਿਰ ਵੀ ਅਧਿਆਪਕਾਂ ਵੱਲੋਂ 2.5 ਸਾਲ ਤੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ।
ਇੱਥੇ ਆਗੂਆਂ ਵੱਲੋਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਗਈ ਕਿ ਉਸ ਸਮੇਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਅਤੇ ਨਵੀ ਭਰਤੀ ਈਟੀਟੀ 5994 ਤੋਂ ਪਹਿਲਾਂ ਬਦਲੀਆਂ ਦਾ ਇੱਕ ਖਾਸ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਉਸ ਸਮੇਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ ਤੇ ਅਧਿਆਪਕ ਆਪਣੇ ਘਰਾਂ ਦੇ ਨਜ਼ਦੀਕ ਜਾ ਕੇ ਆਪਣੀਆਂ ਸੇਵਾਵਾਂ ਵਧੀਆ ਤਰੀਕੇ ਨਾਲ ਨਿਭਾਅ ਸਕਣ।
ਇੱਥੇ ਹੀ ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਓਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਵੱਲੋਂ ਧਰਨੇ , ਰੈਲੀਆਂ ਕਰਕੇ ਵੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਮੇਂ ਰਾਹੁਲ ਕੁਮਾਰ,ਕਾਲੂ ਰਾਮ ਅਬੋਹਰ,ਗੁਰੀ ਜਟਾਣਾ, ਮਨੀਸ਼ ਕੁਮਾਰ, ਛਿਦਰਪਾਲ ਸਿੰਘ,ਮੈਡਮ ਬਲਜਿੰਦਰ ਕੌਰ,ਮੈਡਮ ਪ੍ਰਿਅੰਕਾ,ਮੈਡਮ ਵੀਨਾ,ਮੈਡਮ ਮਨਦੀਪ ਕੌਰ,ਮੈਡਮ ਰਵਿੰਦਰ ਕੌਰ ਅਤੇ ਮੈਡਮ ਰੀਤ ਆਦਿ ਸ਼ਾਮਿਲ ਸਨ।