ਖੱਬੂ, ਦੱਬੂ ਨਹੀਂ ਹੁੰਦੇ, ਪੜ੍ਹੋ ਅਧਿਆਪਕਾ ਪਰਮਜੀਤ ਕੌਰ ਸਰਾਂ ਦਾ ਵਿਸ਼ੇਸ਼ ਲੇਖ
ਪਿਆਰੇ ਬੱਚਿਓ! ਤੁਹਾਡੇ ਵਿੱਚੋਂ ਵੀ ਕਈ ਖੱਬੇ ਹੱਥ ਨਾਲ ਲਿਖਦੇ ਹੋਣਗੇ।ਤੁਹਾਨੂੰ ਕਈ ਵਾਰ ਤੁਹਾਡੇ ਮਾਪਿਆਂ ਅਤੇ ਅਧਿਆਪਕਾਂ ਨੇ ਟੋਕਿਆ ਵੀ ਹੋਵੇਗਾ!ਕਿਉਂਕਿ ਇਹ ਦੇਖਣ ਵਾਲੇ ਨੂੰ ਵੀ ਓਪਰਾ ਲੱਗਦਾ ਹੈ। ਪਰ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ਼ ਰੱਖਣ ਵਾਲੇ ਕਈ ਲੋਕ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਨੂੰ ਅਸ਼ੁਭ ਮੰਨਦੇ ਹਨ।
ਆਮ ਜੀਵਨ ਵਿੱਚ ਕੁਝ ਧਾਰਮਿਕ ਰਸਮਾਂ ਨਿਭਾਉਣ ਲਈ ਖੱਬੇ ਹੱਥ ਦੀ ਵਰਤੋਂ ਨੂੰ ਠੀਕ ਨਹੀਂ ਸਮਝਿਆ ਜਾਂਦਾ।ਕਿਸੇ ਨਾਲ ਹੱਥ ਮਿਲਾਉਂਦੇ ਸਮੇਂ ਸੱਜੇ ਹੱਥ ਦੀ ਹੀ ਵਰਤੋਂ ਕੀਤੀ ਜਾਂਦੀ ਹੈ।ਸ਼ਗਨਾਂ ਦਾ ਗਾਨਾ,ਰੱਖੜੀ ਸੱਜੇ ਹੱਥ ਤੇ ਬੰਨ੍ਹੇ ਜਾਂਦੇ ਹਨ।
ਪਾਰਲੀਮੈਂਟ ਵਿੱਚ ਖੱਬੇ ਪੱਖੀ ਪਾਰਟੀਆਂ ਲਈ ਸੀਟਾਂ ਵੀ ਖੱਬੇ ਪਾਸੇ ਰੱਖੀਆਂ ਜਾਂਦੀਆਂ ਹਨ।ਅਜਿਹੀ ਸੋਚ ਕਾਰਨ ਬਹੁਤ ਸਾਰੇ ਖੱਬੂ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ। ਬਾਹਰਲੇ ਮੁਲਕਾਂ ਵਿੱਚ ਤਾਂ ਖੱਬੂਆਂ ਦੇ ਹੱਕਾਂ ਦੀ ਰਾਖੀ ਲਈ ਕਈ ਸੰਸਥਾਵਾਂ ਖੱਬੂਆਂ ਦੀ ਸਹੂਲਤ ਮੁਤਾਬਿਕ ਵਸਤੂਆਂ ਦੇ ਨਿਰਮਾਣ ਦੀ ਮੰਗ ਕਰਨ ਲੱਗੀਆਂ ਹਨ।
ਪਰ ਖੱਬੂ ਦੱਬੂ ਨਹੀਂ ਹੁੰਦੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬਹੁਤ ਸਾਰੇ ਖੱਬੂ ਵਿਅਕਤੀ ਨਾ ਕੇਵਲ ਪ੍ਰਸਿੱਧ ਹੀ ਹੋਏ ਹਨ ਬਲਕਿ ਕਈਆਂ ਨੇ ਵਿਲੱਖਣ ਪ੍ਰਾਪਤੀਆਂ ਵੀ ਕੀਤੀਆਂ ਹਨ।
ਉਦਾਹਰਨ ਦੇ ਤੌਰ ਤੇ ਸਿਕੰਦਰ ਮਹਾਨ,ਪ੍ਰਸਿੱਧ ਚਿਤਰਕਾਰ ਪਿਕਾਸੋ,ਬੁੱਤ ਤਰਾਸ਼ ਲਿਓ ਨਾਰਦੋ ਦੀ ਵਿਨਸੀ,ਮਾਈਕਲ ਏਂਜਲੋ,ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ,ਯੁਵਰਾਜ ਸਿੰਘ,ਸੌਰਵ ਗਾਂਗੁਲੀ,ਰਾਸ਼ਟਰ ਪਿਤਾ ਮਹਾਤਮਾ ਗਾਂਧੀ,ਮਦਰ ਟੈਰੇਸਾ,ਅਮਿਤਾਭ ਬਚਨ,ਰਤਨ ਟਾਟਾ,ਬਿਲ ਗੇਟਸ,ਬਰਾਕ ਓਬਾਮਾ,ਮਾਰਕ ਜ਼ੁਕਰਬਰਗ ਆਦਿ। ‘ਇੰਡੀਅਨ ਲੈਫਟ ਹੈਂਡਰ ਕਲੱਬ’ ਦੀ ਇਕ ਸਰਵੇ ਰਿਪੋਰਟ ਅਨੁਸਾਰ ਭਾਰਤ ਦੀ ਕੁੱਲ ਆਬਾਦੀ ਦੇ 10 ਤੋਂ 12 ਪ੍ਰਤੀਸ਼ਤ ਲੋਕ ਖੱਬੂ ਹਨ।
ਮਨੋਵਿਿਗਆਨਕਾਂ ਦੇ ਵਿਚਾਰ ਅਨੁਸਾਰ ਖੱਬੇ ਹੱਥ ਨਾਲ ਕੰਮ ਕਰਨ ਦੇ ਮਨੋਵਿਿਗਆਨਕ ਕਾਰਨ ਹੁੰਦੇ ਹਨ।ਕਈ ਵਿਿਗਆਨੀ ਇਕ ਵਿਸ਼ੇਸ਼ ਕਿਸਮ ਦੇ ਜੀਨ ਨੂੰ ਇਸਦਾ ਕਾਰਨ ਮੰਨਦੇ ਹਨ। ਸਾਡੇ ਸਰੀਰ ਦੀ ਰਚਨਾ ਵਿੱਚ ਇਕਸਾਰਤਾ ਨਹੀਂ ਹੁੰਦੀ।ਸੱਜੇ ਪਾਸੇ ਦੇ ਅੰਗ ਖੱਬੇ ਪਾਸੇ ਦੇ ਅੰਗਾਂ ਨਾਲੋਂ ਕੁਝ ਵੱਡੇ,ਭਾਰੇ ਅਤੇ ਮਜ਼ਬੂਤ ਹੁੰਦੇ ਹਨ।ਦਿਮਾਗ ਦੇ ਵੀ ਦੋ ਹਿੱਸੇ ਹੁੰਦੇ ਹਨ।
ਖੱਬਾ ਹਿੱਸਾ ਸੱਜੇ ਨਾਲੋਂ ਵੱਧ ਮਜ਼ਬੂਤ ਹੁੰਦਾ ਹੈ।ਮੈਡੂਲਾ ਵਿੱਚ ਵੀ ਖੱਬੇ ਪਾਸੇ ਤੋਂ ਦਿਮਾਗ ਦੀਆਂ ਨਸਾਂ ਸਰੀਰ ਦੇ ਸੱਜੇ ਪਾਸੇ ਨੂੰ ਜਾਂਦੀਆਂ ਹਨ ਅਤੇ ਦਿਮਾਗ ਦੇ ਸੱਜੇ ਪਾਸਿਓਂ ਆਉਣ ਵਾਲੀਆਂ ਨਸਾਂ ਇੱਥੋਂ ਹੀ ਸਰੀਰ ਦੇ ਖੱਬੇ ਪਾਸੇ ਚਲੀਆਂ ਜਾਂਦੀਆਂ ਹਨ।ਖੱਬੂ ਵਿਅਕਤੀਆਂ ਵਿੱਚ ਇਹ ਸਭ ਕੁਝ ਉਲਟ ਹੁੰਦਾ ਹੈ।
ਸੋ ਬੱਚਿਓ! ਸੱਜੇ ਹੱਥ ਨਾਲ ਲਿਖਣ ਦਾ ਅਭਿਆਸ ਕਰੋ।ਪਰ ਜੇ ਤੁਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸੱਜੇ ਹੱਥ ਨਾਲ਼ ਲਿਖਣ ਵਿੱਚ ਦਿੱਕਤ ਮਹਿਸੂਸ ਕਰਦੇ ਹੋ ਤਾਂ ਇਸ ਵਿੱਚ ਚਿੰਤਾ ਕਰਨ ਜਾਂ ਹੀਣ ਭਾਵਨਾ ਮਹਿਸੂਸ ਕਰਨ ਵਾਲੀ ਗੱਲ ਨਹੀਂ ਹੈ।ਤੁਸੀਂ ਜਿਸ ਮਰਜ਼ੀ ਹੱਥ ਨਾਲ ਲਿਖੋ ਪਰ ਲਿਖਾਈ ਦੀ ਸੁੰਦਰਤਾ ਤੇ ਸਪੀਡ ਦਾ ਜ਼ਰੂਰ ਧਿਆਨ ਰੱਖੋ।
ਪਰਮਜੀਤ ਕੌਰ ਸਰਾਂ, ਕੋਟਕਪੂਰਾ