ਹਾਲ-ਏ ਅਖੌਤੀ ਬਦਲਾਅ! ਚੋਣ ਡਿਊਟੀਆਂ ‘ਤੇ ਤੋਰੇ ਹਜ਼ਾਰਾਂ ਅਧਿਆਪਕ; ਪ੍ਰੀਖਿਆ ਨਤੀਜਿਆਂ ਦੀ ਬਜਾਏ ਚੋਣ ਨਤੀਜਿਆਂ ਬਾਰੇ ਕਰਨਗੇ ਗੱਲ!
ਡੀ.ਟੀ.ਐਫ. ਵੱਲੋਂ ਮਾਪੇ ਅਧਿਆਪਕ ਮਿਲਣੀ (ਪੀ.ਟੀ.ਐਮ) ਅੱਗੇ ਪਾਉਣ ਦੀ ਮੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵਲੋਂ ਸਰਕਾਰੀ ਸਕੂਲਾਂ ਵਿੱਚ 18 ਅਕਤੂਬਰ ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ (ਪੀ ਟੀ ਐਮ) ਨੂੰ ਜਿਆਦਾਤਰ ਅਧਿਆਪਕਾਂ ਦੇ ਲਗਾਤਾਰ ਚੋਣ ਡਿਊਟੀਆਂ ਵਿੱਚ ਰੁੱਝੇ ਹੋਣ ਅਤੇ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਇੱਕ ਹਫਤਾ ਅੱਗੇ ਪਾਉਣ ਦੀ ਮੰਗ ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਸਕੂਲਾਂ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਉੱਥੇ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਲਗਾਈਆਂ ਗਈਆਂ ਹਨ।
ਜਿਸ ਕਰਕੇ ਬਹੁਤ ਸਾਰੇ ਸਕੂਲ ਅਜਿਹੇ ਹਨ ਜਿੱਥੇ ਡਿਊਟੀ ਵਾਲੇ ਦਿਨ ਕੋਈ ਵੀ ਅਧਿਆਪਕ ਨਾ ਹੋਣ ਕਾਰਨ ਸਕੂਲ ਬੰਦ ਕਰਨੇ ਪੈ ਰਹੇ ਹਨ। ਚੋਣ ਡਿਊਟੀ ਕਾਰਨ ਹੀ 5 ਅਕਤੂਬਰ ਨੂੰ ਲਿਆ ਜਾਣ ਵਾਲਾ ਪੇਪਰ 11 ਅਕਤੂਬਰ ਨੂੰ ਕਰ ਦਿੱਤਾ ਗਿਆ। ਪਰ ਹੁਣ 11 ਅਕਤੂਬਰ ਨੂੰ ਪੇਪਰ ਖਤਮ ਹੋ ਰਹੇ ਹਨ ਤਾਂ ਇਸ ਤੋਂ ਬਾਅਦ 18 ਅਕਤੂਬਰ ਤੱਕ ਛੁੱਟੀਆਂ ਅਤੇ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਹੋਣ ਕਾਰਨ ਅਧਿਆਪਕਾਂ ਕੋਲ਼ ਪ੍ਰੀਖਿਆਵਾਂ ਦਾ ਨਤੀਜਾ ਤਿਆਰ ਕਰਨ ਦਾ ਸਮਾਂ ਨਹੀਂ ਬਚਿਆ।
ਉਹਨਾਂ ਕਿਹਾ ਕਿ 11 ਅਕਤੂਬਰ ਤੋਂ ਬਾਅਦ 12 ਤੇ 13 ਅਕਤੂਬਰ ਦੀ ਛੁੱਟੀ, 14 ਤੇ 15 ਅਕਤੂਬਰ ਦੀ ਚੋਣ ਡਿਊਟੀ ਅਤੇ 16 ਤੇ 17 ਅਕਤੂਬਰ ਦੀ ਛੁੱਟੀ ਤੋਂ ਬਾਅਦ 18 ਅਕਤੂਬਰ ਨੂੰ ਅਧਿਆਪਕ ਸਕੂਲ ਵਿੱਚ ਜਾਣਗੇ ਤਾਂ ਕੀ ਉਹ ਮਾਪਿਆਂ ਨਾਲ਼ ਪ੍ਰੀਖਿਆ ਨਤੀਜਿਆਂ ਦੀ ਬਜਾਏ ਚੋਣ ਨਤੀਜਿਆਂ ਬਾਰੇ ਗੱਲ ਕਰਨਗੇ?
ਡੀ ਟੀ ਐੱਫ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਸਿੱਖਿਆ ਸੁਧਾਰਾਂ ਦੇ ਦਮਗਜੇ ਮਾਰਦੀ ਹੈ ਤੇ ਦੂਜੇ ਪਾਸੇ ਪ੍ਰੀਖਿਆਵਾਂ ਦੌਰਾਨ ਅਧਿਆਪਕਾਂ ਦੀਆਂ ਵੱਡੇ ਪੱਧਰ ‘ਤੇ ਲੱਗੀਆਂ ਡਿਊਟੀਆਂ ਤੋਂ ਸਰਕਾਰ ਦੀ ਸਿੱਖਿਆ ਪ੍ਰਤੀ ਨੀਤੀ ਅਤੇ ਨੀਤ ਦਾ ਪਤਾ ਲਗਦਾ ਹੈ। ਸਰਕਾਰ ਵਲੋਂ ਪ੍ਰੀਖਿਆ ਦੀ ਬਜਾਏ ਚੋਣਾਂ ਨੂੰ ਵੱਧ ਤਰਜੀਹ ਦੇਣਾ ਬਹੁਤ ਮੰਦਭਾਗਾ ਹੈ।