All Latest NewsNews FlashPunjab News

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਡੀ.ਟੀ.ਐੱਫ. ਵੱਲੋਂ ਮਾਪੇ ਅਧਿਆਪਕ ਮਿਲਣੀ ਅੱਗੇ ਕਰਨ ਦੀ ਮੰਗ

 

ਪੰਜਾਬ ਨੈੱਟਵਰਕ, ਸੰਗਰੂਰ

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 18 ਅਕਤੂਬਰ ਨੂੰ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ‘ਮੈਗਾ ਪੀ.ਟੀ.ਐੱਮ.’ ਰੱਖੀ ਗਈ ਹੈ ਅਤੇ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਇਸ ਮਿਲਣੀ ਨੂੰ ਸਫਲ਼ ਬਣਾਉਣ ਲਈ ਉਹਨਾਂ ਵੱਲੋਂ ਪੂਰੇ ਯਤਨ ਕੀਤੇ ਜਾਣ। ਪ੍ਰੰਤੂ 15 ਅਕਤੂਬਰ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵੱਡੇ ਪੱਧਰ ‘ਤੇ ਅਧਿਆਪਕ ਚੋਣ ਡਿਊਟੀ ‘ਤੇ ਹਨ।

12 ਨੂੰ ਦਸਹਿਰੇ ਦੀ ਛੁੱਟੀ ਅਤੇ 13 ਨੂੰ ਐਤਵਾਰ, 14 ਅਤੇ 15 ਨੂੰ ਚੋਣ ਡਿਊਟੀ, 16 ਦੀ ਚੋਣ ਅਮਲੇ ਨੂੰ ਛੁੱਟੀ ਅਤੇ 17 ਨੂੰ ਭਗਵਾਨ ਬਾਲਮੀਕ ਜਯੰਤੀ ਹੋਣ ਕਾਰਨ ਅਧਿਆਪਕਾਂ ਕੋਲ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਅਤੇ ਪੀ.ਟੀ.ਐੱਮ. ਦੀਆਂ ਤਿਆਰੀਆਂ ਕਰਨ ਦਾ ਬਿਲਕੁਲ ਸਮਾਂ ਨਹੀਂ ਬਚਿਆ ਹੈ।

ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਇਸ ‘ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਛਿਮਾਹੀ ਪੇਪਰਾਂ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨਾਲ ਉਹਨਾਂ ਦੀ ਪੜ੍ਹਾਈ ਸਬੰਧੀ ਚਰਚਾ ਕਰਨ ਲਈ ਪੀ.ਟੀ.ਐੱਮ. ਬਹੁਤ ਜ਼ਰੂਰੀ ਹੈ ਪ੍ਰੰਤੂ ਮੌਜੂਦਾ ਹਾਲਤਾਂ ਵਿੱਚ ਅਧਿਆਪਕ ਇਸ ਮੀਟਿੰਗ ਨਾਲ ਇਨਸਾਫ਼ ਨਹੀਂ ਕਰ ਪਾਉਣਗੇ।

ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਨੂੰ ਇਸ ਮੀਟਿੰਗ ਦੀ ਮਿਤੀ ਤੈਅ ਕਰਨ ਤੋਂ ਪਹਿਲਾਂ ਜ਼ਮੀਨੀ ਸਥਿਤੀ ਨੂੰ ਵੀ ਜਾਨਣਾ ਚਾਹੀਦਾ ਸੀ। ਪੰਜਾਬ ਵਿੱਚ ਜਿਸ ਵੀ ਪੱਧਰ ਦੀਆਂ ਚੋਣਾਂ ਹੋਣ, ਉਹਨਾਂ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਹੀ ਡਿਊਟੀ ਲਗਾਈ ਜਾਂਦੀ ਹੈ।

ਸਮੇਂ ਦੀ ਕਮੀ ਵਿੱਚ ਇੱਕ ਸਫਲ ਮੀਟਿੰਗ ਦਾ ਆਯੋਜਨ ਕਿਵੇਂ ਕੀਤਾ ਜਾ ਸਕਦਾ ਹੈ? ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਮੀਟਿੰਗ ਘੱਟੋ-ਘੱਟ ਇੱਕ ਹਫਤਾ ਅੱਗੇ ਕੀਤੀ ਜਾਵੇ ਤਾਂ ਜੋ ਅਧਿਆਪਕ ਵਿਦਿਆਰਥੀਆਂ ਦਾ ਸਮੁੱਚਾ ਨਤੀਜਾ ਤਿਆਰ ਕਰ ਸਕਣ ਅਤੇ ਇਸ ਮੀਟਿੰਗ ਦੀਆਂ ਸਹੀ ਤਰੀਕੇ ਨਾਲ ਤਿਆਰੀਆਂ ਕਰਕੇ ਇਸ ਨੂੰ ਸਫਲ ਬਣਾ ਸਕਣ।

ਨਾਲ ਹੀ ਉਹਨਾਂ ਇਹ ਵੀ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਆਪਣੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰੇ ਅਤੇ ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਤੋਂ ਛੁਟਕਾਰਾ ਦੇਵੇ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸਿੱਖਿਆ ਨਾਲ ਇਨਸਾਫ਼ ਹੋ ਸਕੇ ।

 

Leave a Reply

Your email address will not be published. Required fields are marked *