ਸਿੱਖਿਆ ਵਿਭਾਗ ਦੀ ਸੱਤਵੀਂ ਮੰਜ਼ਿਲ ’ਤੇ 1158 ਫ਼ਰੰਟ ਦਾ ਮੋਰਚਾ ਦਿਨ-ਰਾਤ ਜਾਰੀ, ਸਰਕਾਰ ਦੇ ਝੂਠੇ ਦਾਅਵਿਆਂ ਦੀ ਖੋਲ੍ਹੀ ਪੋਲ
ਪੰਜਾਬ ਨੈੱਟਵਰਕ, ਮੋਹਾਲੀ-
1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ ਮੋਹਾਲੀ ਵਿਖੇ ਸਿੱਖਿਆ ਵਿਭਾਗ ਦੀ ਸੱਤਵੀਂ ਮੰਜ਼ਿਲ ’ਤੇ ਸਥਿਤ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਅੱਗੇ ਚੱਲ ਰਿਹਾ ਦਿਨ ਰਾਤ ਦਾ ਮੋਰਚਾ ਅੱਠਵੇਂ ਦਿਨ ਵੀ ਜਾਰੀ ਰਿਹਾ। ਅੱਜ ਸਿੱਖਿਆ ਵਿਭਾਗ ਦੀਆਂ ਸੱਤੇ ਮੰਜ਼ਿਲਾਂ ’ਤੇ ਜਾ ਕੇ ਰੋਸ ਮਾਰਚ ਕੀਤਾ ਗਿਆ ਅਤੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹੀ ਗਈ।
ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲਗਾਤਾਰ ਸੰਘਰਸ਼ ਸਦਕਾ ਪੰਜ ਵਿਸ਼ਿਆਂ- ਅੰਗਰੇਜ਼ੀ, ਪੰਜਾਬੀ, ਹਿੰਦੀ, ਲਾਇਬ੍ਰੇਰੀ ਸਾਇੰਸ ਅਤੇ ਐਜੂਕੇਸ਼ਨ ਦੇ 313 ਉਮੀਦਵਾਰਾਂ ਦਾ ਨਤੀਜਾ ਜਾਰੀ ਹੋ ਚੁੱਕਿਆ ਹੈ। ਜਦਕਿ ਹੋਰ ਕੁਝ ਉਮੀਦਵਾਰਾਂ ਦਾ ਨਤੀਜਾ ਜਾਰੀ ਹੋਣਾ ਅਤੇ ਖਾਲੀ ਰਹਿ ਜਾਣ ਵਾਲੀਆਂ ਅਸਾਮੀਆਂ ਲਈ ਉਮੀਦਵਾਰਾਂ ਨੂੰ ਬੁਲਾਇਆ ਜਾਣਾ ਬਾਕੀ ਹੈ।
ਜਸਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਫ਼ਰੰਟ ਦੇ ਵਫ਼ਦ ਨੇ ਮੀਟਿੰਗ ਸੀ। ਮੰਤਰੀ ਵੱਲੋਂ ਸੋਮਵਾਰ ਤੋਂ ਨਿਯੁਕਤੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਹਰ ਵਾਰ ਦੀ ਤਰ੍ਹਾਂ ਝੂਠਾ ਲਾਰਾ ਸਾਬਿਤ ਹੋਇਆ ਹੈ।
ਪਰਮਜੀਤ ਸਿੰਘ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਸਰਕਾਰ ਪਿਛਲੇ ਚਾਰ ਮਹੀਨਿਆਂ ਤੋਂ ਭਰਤੀ ਨੂੰ ਲਟਕਾ ਰਹੀ ਹੈ। ਇਸ ਲਈ ਸਰਕਾਰ ਦੀ ਭਰੋਸੇਯੋਗਤਾ ਸੁਆਲਾਂ ਦੇ ਘੇਰੇ ਵਿਚ ਹੈ।
ਉਹਨਾਂ ਕਿਹਾ ਕਿ 313 ਉਮੀਦਵਾਰਾਂ ਦੀ ਤੁਰੰਤ ਕਾਲਜਾਂ ਵਿਚ ਨਿਯੁਕਤੀ ਦੇ ਨਾਲ ਨਾਲ ਫ਼ਰੰਟ ਮੰਗ ਕਰਦਾ ਹੈ ਕਿ ਖਾਲੀ ਰਹਿ ਜਾਣ ਵਾਲੀਆਂ ਅਸਾਮੀਆਂ ਲਈ ਉਮੀਦਵਾਰ ਬੁਲਾ ਕੇ ਸਾਰੀ ਭਰਤੀ ਮੁਕੰਮਲ ਕੀਤੀ ਜਾਵੇ।
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਨੇ 1158 ਫ਼ਰੰਟ ਦੇ ਸਮਰਥਨ ਵਿਚ ਸ਼ਮੂਲੀਅਤ ਕੀਤੀ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਨੇ ਤਕਰੀਰ ਕੀਤੀ ਕਿ ਸਿੱਖਿਆ ਬਚਾਉਣ ਲਈ ਸੰਘਰਸ਼ ਕਰ ਰਹੀ ਹਰ ਧਿਰ ਦੀ ਇੱਕ ਦੂਜੇ ਨਾਲ ਜੋਟੀ ਹੈ। ਉਹਨਾਂ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨਾਲ ਜਥੇਬੰਦਕ ਹਮਾਇਤ ਦਾ ਐਲਾਨ ਕੀਤਾ।
ਬਲਵਿੰਦਰ ਚਹਿਲ ਨੇ ਚੇਤਾਵਨੀ ਦਿੱਤੀ ਕਿ ਇਹ ਭਰਤੀ ਹੁਣ ਜਿਉਣ ਮਰਨ ਦਾ ਸਵਾਲ ਬਣ ਚੁੱਕੀ ਹੈ। ਜੇਕਰ ਸਰਕਾਰ ਵਾਅਦੇ ਮੁਤਾਬਿਕ 1158 ਭਰਤੀ ਨੂੰ ਮੁਕੰਮਲ ਕਰਨ ਵੱਲ ਠੋਸ ਕਦਮ ਨਹੀ ਪੁੱਟਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।