All Latest NewsNews FlashPunjab News

Punjab News: ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਲਈ ਅਧੂਰਾ DA ਜਾਰੀ ਕਰਨ ਦੀ DTF ਵੱਲੋਂ ਨਿਖੇਧੀ

 

ਕੰਪਿਊਟਰ ਅਧਿਆਪਕਾਂ ‘ਤੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਉਹਨਾਂ ਨੂੰ ਪੂਰੇ ਲਾਭ ਦੇਣ ਦੀ ਮੰਗ

ਡੀ.ਟੀ.ਐੱਫ. ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਲਗਾਤਾਰ ਹਮਾਇਤ ਜਾਰੀ ਰਹੇਗੀ

ਪੰਜਾਬ ਨੈੱਟਵਰਕ, ਸੰਗਰੂਰ 

ਪੰਜਾਬ ਦੇ ਹਜ਼ਾਰਾਂ ਕੰਪਿਊਟਰ ਅਧਿਆਪਕ “ਕੰਪਿਊਟਰ ਅਧਿਆਪਕ ‘ਭੁੱਖ ਹੜਤਾਲ’ ਸੰਘਰਸ਼ ਕਮੇਟੀ” ਦੇ ਬੈਨਰ ਹੇਠ ਲਗਪਗ 150ਵੇਂ ਦਿਨਾਂ ਤੋ ਵੱਧ ਮੋਰਚੇ ਦੇ ਰੂਪ ਵਿਚ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਉਹਨਾਂ ਵੱਲੋਂ ਕਈ ਸੂਬਾ ਪੱਧਰੀ ਰੈਲੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਸਾਥੀਆਂ ਵੱਲੋਂ ਮਰਨ ਵਰਤ ਵੀ ਰੱਖਿਆ ਗਿਆ ਸੀ। ਸਰਕਾਰ ਨੇ ਮੋਰਚੇ ਦੇ ਦਬਾਅ ਹੇਠ ਨਿਗੁਣੀ ਡੀ ਏ ਦੀ ਕਿਸ਼ਤ ਜਾਰੀ ਕਰਕੇ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਭਰਮਾਉਣ ਦੀ ਨਾਕਾਮ ਕੋਸ਼ਿਸ ਕੀਤੀ ਹੈ। ਸਰਕਾਰ ਦੇ ਇਸ ਢੀਠਤਾ ਪੂਰਨ ਰਵਈਏ ਨੇ ਇਹਨਾਂ ਅਧਿਆਪਕਾਂ ਦੇ ਜਖਮਾਂ ‘ਤੇ ਮੱਲ੍ਹਮ ਲਗਾਉਣ ਦੀ ਥਾਂ ਕੁਰੇਦਨ ਦਾ ਕੰਮ ਕੀਤਾ ਹੈ।

ਡੀ.ਟੀ.ਐੱਫ. ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ 77% ਤੋਂ ਵਧੇਰੇ ਪੈਂਡਿੰਗ ਅਨਰਿਵਾਈਜ਼ਡ ਮਹਿੰਗਾਈ ਭੱਤਾ ਦੇਣ ਦੀ ਥਾਂ ਪੰਜਾਬ ਸਰਕਾਰ ਦੇ ਬਾਕੀ ਰੈਗੂਲਰ ਮੁਲਾਜ਼ਮਾਂ ਦੇ ਡੀ.ਏ. ਪੈਟਰਨ ਨਾਲ ਲਿੰਕ ਕਰਨ ਤੋਂ ਬਿਨਾਂ ਹੀ ਕੇਵਲ 33% ਡੀ.ਏ. ਦੇ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦਕਿ ਕੰਪਿਊਟਰ ਅਧਿਆਪਕਾਂ ਦੀ ਮੰਗ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਸਿੱਖਿਆ ਵਿਭਾਗ ਵਿਚ ਮਰਜ ਕਰਨ ਦੀ ਹੈ।

ਇਸੇ ਤਰ੍ਹਾਂ ਡੀ.ਐਮ.ਐੱਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਅਤੇ ਵਿੱਤ ਸਕੱਤਰ ਹਰਿੰਦਰ ਦੋਸਾਂਝ ਵੱਲੋਂ ਵੀ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਨਾਲ ਇਕਜੁੱਟਤਾ ਪ੍ਰਗਟ ਕਰਦੇ ਹੋਏ ਮੰਗ ਕੀਤੀ ਗਈ ਕਿ ਕੰਪਿਊਟਰ ਅਧਿਆਪਕਾਂ ‘ਤੇ ਛੇਵਾਂ ਪੰਜਾਬ ਪੇ ਕਮਿਸ਼ਨ ਲਾਗੂ ਕਰਕੇ ਤਨਖਾਹਾਂ ਰਿਵਾਇਜ਼ ਕੀਤੀਆਂ ਜਾਣ ਅਤੇ ਉਦੋਂ ਤੱਕ ਸਾਰਾ ਪੈਂਡਿੰਗ ਮਹਿੰਗਾਈ ਭੱਤਾ ਸਟੇਟ ਪੈਟਰਨ ਅਨੁਸਾਰ ਫੌਰੀ ਰਿਲੀਜ਼ ਕੀਤਾ ਜਾਵੇ।

ਇਸ ਤੋਂ ਇਲਾਵਾ ਕੰਪਿਊਟਰ ਅਧਿਆਪਕਾਂ ‘ਤੇ ਲਾਗੂ ਕੀਤੇ ਪਿਕਟਸ ਸੁਸਾਇਟੀ ਦੇ ਨਿਯਮਾਂ ਦੀ ਥਾਂ ਸਾਲ 2011 ਵਿੱਚ ਜਾਰੀ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਸਿਵਲ ਸਰਵਿਸ ਨਿਯਮ ਲਾਗੂ ਕਰਦਿਆਂ ਸਿੱਖਿਆ ਵਿਭਾਗ ਵਿੱਚ ਮਰਜ਼ਿੰਗ ਕੀਤੀ ਜਾਵੇ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਗਰੂਰ ਵਿਖੇ ਚੱਲਦੇ ਅਣਮਿੱਥੇ ਮੋਰਚੇ ਅਤੇ ਬਾਕੀ ਸੰਘਰਸ਼ਾਂ ਦੀ ਡਟਵੀਂ ਹਮਾਇਤ ਜਾਰੀ ਰੱਖਣ ਦਾ ਐਲਾਨ ਵੀਂ ਕੀਤਾ ਗਿਆ।

ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਬੇਅੰਤ ਫੂਲੇਵਾਲ, ਹਰਜਿੰਦਰ ਵੱਡਾਲਾ, ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਜਸਵਿੰਦਰ ਔਜਲਾ, ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਮੁਕਤਸਰ ਅਤੇ ਸਹਾਇਕ ਵਿੱਤ ਸਕੱਤਰ ਤਜਿੰਦਰ ਕਪੂਰਥਲਾ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਂਸੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਦੇ ਵੱਖ ਵੱਖ ਵਰਗਾਂ ਨੂੰ ਰੈਗੂਲਰ ਕਰਨ ਦੇ ਵਾਅਦੇ ਕੀਤੇ ਸਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਵੀ ਸਿੱਖਿਆ ਵਿਭਾਗ ਵਿਚ ਪੂਰੇ ਲਾਭ ਸਮੇਤ ਮਰਜ ਕਰਨ ਦਾ ਵਾਅਦਾ ਕੀਤਾ ਸੀ, ਲੇਕਿਨ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਬਾਅਦ ਵੀ ਵਾਅਦਾ ਵਫ਼ਾ ਨਹੀਂ ਹੋਇਆ। ਮਜ਼ਬੂਰਨ ਉਹਨਾਂ ਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਿਆ ਹੈ ਜਿਸ ਕਰਕੇ ਉਹ ਸੰਗਰੂਰ ਵਿੱਖੇ ਅਣਮਿਥੇ ਸਮੇਂ ਦਾ ਮੋਰਚਾ ਲਗਾ ਕੇ ਬੈਠੇ ਹਨ। ਡੀ ਟੀ ਐਫ ਉਹਨਾਂ ਦੇ ਸੰਘਰਸ਼ ਦੇ ਨਾਲ ਹਮੇਸ਼ਾ ਅੰਗ ਸੰਗ ਖੜੀ ਹੈ।

 

Leave a Reply

Your email address will not be published. Required fields are marked *