All Latest NewsNews FlashPunjab News

ਤਨਖਾਹ ਕਟੌਤੀ ਦਾ ਪੱਤਰ ਵਾਪਸ ਕਰਾਉਣ ਲਈ ਅਧਿਆਪਕ ਜਥੇਬੰਦੀਆਂ ਦਾ ਵਫ਼ਦ DEO ਬਠਿੰਡਾ ਨੂੰ ਮਿਲਿਆ

 

ਪੰਜਾਬ ਨੈੱਟਵਰਕ, ਬਠਿੰਡਾ

ਸੀ ਐਂਡ ਵੀ ਕਾਡਰ ਦੀ ਤਨਖਾਹ ਕਟੌਤੀ ਦੇ ਪੱਤਰ ਨੂੰ ਰੱਦ ਕਰਵਾਉਣ, ਰਾਜਵਿੰਦਰ ਸਿੰਘ ਦਿਉਣ ਐਸੋਸੀਏਟ ਅਧਿਆਪਕ ਦੀ ਮੌਤ ਉਪਰੰਤ ਪਰਿਵਾਰ ਨੂੰ ਨੌਕਰੀ ਦਿਵਾਉਣ, ਮਿਡ ਡੇ ਮੀਲ ਵਿੱਚ ਦੇਸੀ ਘਿਓ ਦਾ ਹਲਵਾ ਬਣਾਉਣ ਸਬੰਧੀ ਦਿੱਤੇ ਨਿਰਦੇਸ਼ ਤਹਿਤ ਕੁਕਿੰਗ ਕਾਸਟ ਵਿੱਚ ਨਿਗੂਣਾ ਵਾਧਾ ਕਰਨ, ਵੋਟਾਂ ਸਬੰਧੀ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਲਈ ਅਧਿਆਪਕਾਂ ਤੋਂ ਜਬਰੀ ਰਜਿਸਟਰੇਸ਼ਨ ਕਰਵਾਉਣ ਅਤੇ ਸਕੂਲਾਂ ਵਿੱਚ ਰੱਖੇ ਸਫਾਈ ਸੇਵਕਾਂ ਦੀ ਤਨਖਾਹ ਜਾਰੀ ਕਰਨ ਸਬੰਧੀ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ, ਗੌਰਮਿੰਟ ਸੀ ਐਂਡ ਵੀ ਟੀਚਰ ਯੂਨੀਅਨ ਬਠਿੰਡਾ, ਸ਼ਹੀਦ ਕਿਰਨਜੀਤ ਕੌਰ ਪ੍ਰੀ ਪ੍ਰਾਈਮਰੀ ਐਸੋਸੀਏਟ ਅਧਿਆਪਕ ਯੂਨੀਅਨ ਬਠਿੰਡਾ ਦਾ ਵਫਦ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਅਤੇ ਪ੍ਰਾਇਮਰੀ ਸਿੱਖਿਆ ਬਠਿੰਡਾ ਨੂੰ ਮਿਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ,ਗੌਰਮੈਂਟ ਸੀ ਐਂਡ ਵੀ ਟੀਚਰ ਯੂਨੀਅਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਿੱਧੂ ਅਤੇ ਸ਼ਹੀਦ ਕਿਰਨਜੀਤ ਕੌਰ ਪ੍ਰਾਇਮਰੀ ਐਸੋਸੀਏਟ ਅਧਿਆਪਕ ਯੂਨੀਅਨ ਬਠਿੰਡਾ ਦੇ ਆਗੂ ਵੀਰਪਾਲ ਕੌਰ ਸਿਧਾਨਾ ਨੇ ਦੱਸਿਆ ਕਿ ਉਕਤ ਮੰਗਾਂ ਸਬੰਧੀ ਦੋਨੋਂ ਹੀ ਸਿੱਖਿਆ ਅਫਸਰਾਂ ਨੂੰ ਮਿਲ ਕੇ ਮੰਗ ਕੀਤੀ ਗਈ ਹੈ ਕਿ ਸੀ ਐਂਡ ਵੀ ਕਾਡਰ ਦੇ ਅਧਿਆਪਕਾਂ ਦੀਆਂ ਤਨਖਾਹਾਂ ਦੀ ਕਟੌਤੀ ਕਰਨ ਦੇ ਪੱਤਰ ਨੂੰ ਰੱਦ ਕੀਤਾ ਜਾਵੇ, ਰਾਜਵਿੰਦਰ ਸਿੰਘ ਦਿਉਣ ਐਸੋਸੀਏਟ ਅਧਿਆਪਕ ਜਿਸ ਦੀ ਪਿਛਲੇ ਦਿਨੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਉਸ ਦੇ ਪਰਿਵਾਰ ਵਿੱਚ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਇਸ ਤੇ ਜ਼ਿਲਾ ਸਿੱਖਿਆ ਅਫਸਰ ਬਠਿੰਡਾ (ਸਕੈਂਡਰੀ ਸਿੱਖਿਆ ) ਨੇ ਕਿਹਾ ਕਿ ਸੀ ਐਂਡ ਵੀ ਕਾਡਰ ਦੀਆਂ ਤਨਖਾਹਾਂ ਦੀ ਕਟੌਤੀ ਦਾ ਪੱਤਰ ਵਿਭਾਗ ਵੱਲੋਂ ਉੱਪਰੋਂ ਜਾਰੀ ਕੀਤਾ ਗਿਆ ਹੈ ਇਸ ਸਬੰਧੀ ਮੰਗ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਅਤੇ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਨੇ ਕਿਹਾ ਕਿ ਐਸੋਸੀਏਟ ਅਧਿਆਪਕ ਰਾਜਵਿੰਦਰ ਸਿੰਘ ਦਿਉਣ ਦੇ ਪਰਿਵਾਰ ਨੂੰ ਨੌਕਰੀ ਸਬੰਧੀ ਫਾਈਲ ਬਣਾ ਕੇ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ।

ਅਧਿਆਪਕਾਂ ਤੋਂ ਚੋਣਾਂ ਸਬੰਧੀ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਲਈ ਜਬਰੀ ਰਜਿਸਟਰੇਸ਼ਨ ਕਰਾਉਣ ਸੰਬੰਧੀ ਉਹਨਾਂ ਕਿਹਾ ਕਿ ਇਹ ਆਪਣੀ ਇੱਛਾ ਤੇ ਆਧਾਰਤ ਹੈ, ਸਫਾਈ ਸੇਵਕਾਂ ਸਬੰਧੀ ਉਹਨਾਂ ਕਿਹਾ ਕਿ ਜਦੋਂ ਹੀ ਬਜਟ ਆ ਜਾਵੇਗਾ ਤਾਂ ਉਹਨਾਂ ਦੀ ਤਨਖਾਹ ਜਾਰੀ ਕਰ ਦਿੱਤੀ ਜਾਵੇਗੀ । ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਸੀ ਐਂਡ ਵੀ ਕਾਡਰ ਦੇ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਪੱਤਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੂਹ ਅਧਿਆਪਕ ਅਤੇ ਜਥੇਬੰਦੀਆਂ ਇਸ ਦੇ ਖਿਲਾਫ ਤਿੱਖਾ ਸੰਘਰਸ਼ ਕਰਨਗੇ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਦੇ ਇਸ ਸਮੇਂ ਸਰਕਾਰ ਜਿੱਥੇ ਮੁਲਾਜ਼ਮਾਂ ਦਾ ਡੀ ਏ ਸਮੇਤ ਪੇਂਡੂ ਭੱਤਾ ਅਤੇ ਹੋਰ 37 ਤਰ੍ਹਾਂ ਦੇ ਭੱਤੇ ਰੋਕੀ ਬੈਠੀ ਹੈ ਉੱਥੇ ਸੀ ਐਂਡ ਵੀ ਕਾਡਰ ਦੇ ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਪੱਤਰ ਜਾਰੀ ਕਰਕੇ ਸਰਕਾਰ ਮੁਲਾਜ਼ਮਾਂ ਉੱਪਰ ਆਰਥਿਕ ਕਟੌਤੀਆਂ ਦਾ ਆਪਣਾ ਲੁਕਵਾ ਏਜੰਡਾ ਲਾਗੂ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੇ ਇਹਨਾਂ ਹੁਕਮਾਂ ਖਿਲਾਫ ਤਿਖੇ ਸੰਘਰਸ਼ਾਂ ਲਈ ਤਿਆਰ ਰਹਿਣ ਕਿਉਂਕਿ ਇਹ ਇਕੱਲਾ ਸੀ ਐਂਡ ਵੀ ਅਧਿਆਪਕਾਂ ਉੱਪਰ ਲਾਗੂ ਹੋਣ ਵਾਲਾ ਹੁਕਮ ਹੀ ਨਹੀਂ ਸਗੋਂ ਭਵਿੱਖ ਵਿੱਚ ਹੋਰਨਾ ਅਧਿਆਪਕਾਂ ਉੱਪਰ ਵੀ ਸਰਕਾਰ ਇਹ ਕਟੌਤੀਆਂ ਲਾਗੂ ਕਰੇਗੀ। ਇਸ ਸਮੇਂ ਉਹਨਾਂ ਤੋਂ ਇਲਾਵਾ ਡੀਟੀਐਫ ਦੇ ਜਿਲ੍ਹਾ ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਜਥੇਬੰਦਕ ਸਕੱਤਰ, ਕੁਲਵਿੰਦਰ ਸਿੰਘ ਵਿਰਕ ,ਬਲਾਕ ਪ੍ਰਧਾਨ ਭੋਲਾ ਰਾਮ, ਭੁਪਿੰਦਰ ਸਿੰਘ ਮਾਈਸਰਖਾਨਾ, ਸੀ ਐਂਡ ਵੀ ਟੀਚਰ ਯੂਨੀਅਨ ਤੋਂ ਪਰਮਜੀਤ ਸਿੰਘ ਰਾਮਗੜੀਆ ਗੁਰਪ੍ਰੀਤ ਸਿੰਘ ਜੰਡਾਵਾਲਾ ਅਤੇ ਹੋਰ ਵੱਡੀ ਗਿਣਤੀ ਆਗੂ ਇਸ ਵਫਦ ਵਿੱਚ ਸ਼ਾਮਿਲ ਸਨ।

 

Leave a Reply

Your email address will not be published. Required fields are marked *