All Latest NewsNews FlashPunjab News

Punjab News: ਸਰਕਾਰੀ ਅਧਿਆਪਕ ‘ਤੇ ਜਾਨਲੇਵਾ ਹਮਲਾ; ਡੀ.ਟੀ.ਐੱਫ ਵਲੋਂ ਹਮਲੇ ਦੀ ਸਖ਼ਤ ਨਿਖੇਧੀ

 

ਅਧਿਆਪਕ ‘ਤੇ ਹਮਲੇ ਦੇ ਦੋਸ਼ੀਆਂ ਨੂੰ ਪੁਲਿਸ ਫੌਰੀ ਗਿਰਫਤਾਰ ਕਰੇ ਅਤੇ ਪੀੜਤ ਦੀ ਨਜਾਇਜ਼ ਕੀਤੀ ਬਦਲੀ ਤੁਰੰਤ ਰੱਦ ਕਰੇ ਸਿੱਖਿਆ ਵਿਭਾਗ : ਡੀ.ਟੀ.ਐੱਫ

ਪੰਜਾਬ ਨੈੱਟਵਰਕ, ਸੰਗਰੂਰ-

ਕਰੀਮਨਗਰ(ਚਿੱਚੜਵਾਲ) ਦੇ ਅਧਿਆਪਕ ਸਤਵੀਰ ਚੰਦ ‘ਤੇ ਹੋਏ ਜਾਨਲੇਵਾ ਹਮਲੇ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਸੰਗਰੂਰ ਇਕਾਈ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਇਸ ਅਧਿਆਪਕ ‘ਤੇ ਹੋਏ ਜਾਨਲੇਵਾ ਹਮਲੇ ਦੇ ਕਈ ਦਿਨ ਬੀਤਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਕੋਈ ਗੰਭੀਰਤਾ ਨਹੀਂ ਦਿਖਾਈ ਗਈ ਅਤੇ ਨਾ ਹੀ ਪੀੜਤ ਅਧਿਆਪਕ ਦਾ ਢੁਕਵਾਂ ਇਲਾਜ ਕਰਵਾਉਣ ਦੀ ਪ੍ਰਸ਼ਾਸਨ ਵੱਲੋਂ ਕੋਈ ਚਾਰਾਜੋਈ ਕੀਤੀ ਗਈ ਹੈ।

ਜਿਸ ਕਾਰਨ ਪੰਜਾਬ ਦੇ ਅਧਿਆਪਕਾਂ ਵਿੱਚ ਸਖਤ ਰੋਸ ਹੈ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਅਤੇ ਪ੍ਰੈਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਮਾਮਲਾ ਹੋਰ ਵੀ ਗੰਭੀਰਤਾ ਦੀ ਮੰਗ ਕਰਦਾ ਹੈ ਕਿਉਂਕਿ ਹਮਲੇ ਦਾ ਸ਼ਿਕਾਰ ਅਧਿਆਪਕ ਹਲਕਾ ਸ਼ੁਤਰਾਣਾ ਦੇ ਐੱਮ.ਐਲ.ਏ. ਦੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਹੈ ਜੋ ਕਿ ਹਲਕੇ ਵਿੱਚ ਅਮਨ ਕਨੂੰਨ ਦੀ ਸਥਿਤੀ ਉੱਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।

ਵਿੱਤ ਸਕੱਤਰ ਯਾਦਵਿੰਦਰ ਪਾਲ ਨੇ ਕਿਹਾ ਕਿ ਪੀੜਤ ਅਧਿਆਪਕ ਦੇ ਸਕੂਲ ਵਿੱਚੋਂ ਸੀ.ਸੀ.ਟੀ.ਵੀ. ਰਿਕਾਰਡਿੰਗ ਵਾਲਾ ਡੀ.ਵੀ.ਆਰ. ਵੀ ਚੁੱਕਿਆ ਗਿਆ ਸੀ ਜਿਸਦੇ ਖਿਲਾਫ਼ ਉਕਤ ਅਧਿਆਪਕ ਵੱਲੋਂ ਦਰਖਾਸਤ ਦਿੱਤੀ ਗਈ ਸੀ। ਇਸ ਹਮਲੇ ਪਿੱਛੇ ੳਕਤ ਘਟਨਾ ਨਾਲ਼ ਜੁੜਦੀ ਕੜੀ ਦੀ ਡੂੰਘਾਈ ਨਾਲ਼ ਜਾਂਚ ਕਰਕੇ ਸਮੁੱਚੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾਵੇ।

ਅਧਿਆਪਕ ਉੱਤੇ ਹੋਏ ਹਮਲੇ ਦੇ ਸੰਬੰਧ ਵਿੱਚ ਪਾਤੜਾਂ ਪ੍ਰਸ਼ਾਸਨ ਵੱਲੋਂ ਬਣਦੀ ਨਿਰਪੱਖ ਤੇ ਨਿਆਂ ਪੂਰਨ ਕਾਰਵਾਈ ਨਾ ਕਰਨ ਦੀ ਸੂਰਤ ਵਿੱਚ ਪੰਜਾਬ ਦੇ ਅਧਿਆਪਕ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਲਈ ਮਜ਼ਬੂਰ ਹੋਣਗੇ। ਸਿੱਖਿਆ ਵਿਭਾਗ ਵਲੋਂ ਆਪਣੇ ਇੱਕ ਅਧਿਆਪਕ ਨਾਲ ਹੋਈ ਵਧੀਕੀ ‘ਤੇ ਉਸ ਨਾਲ ਖੜਨ ਦੀ ਥਾਂ ਪੀੜਤ ਦੀ ਹੀ ਬਦਲੀ ਬਹੁਤ ਦੂਰ ਗੁਰਦਾਸਪੁਰ ਜਿਲ੍ਹੇ ਵਿੱਚ ਕੀਤਾ ਜਾਣਾ ਕਿਤੇ ਹੋਰ ਵੀ ਵਧੇਰੇ ਨਿੰਦਾਜਨਕ ਹੈ। ਵਿਭਾਗ ਇਹ ਨਜਾਇਜ਼ ਬਦਲੀ ਤੁਰੰਤ ਰੱਦ ਕਰੇ, ਨਹੀਂ ਪੁਲਿਸ ਪ੍ਰਸ਼ਾਸ਼ਨ ਦੇ ਨਾਲ ਨਾਲ ਪੰਜਾਬ ਦੇ ਅਧਿਆਪਕਾਂ ਦਾ ਸੰਘਰਸ ਸਿੱਖਿਆ ਵਿਭਾਗ ਦੇ ਦਰਾਂ ‘ਤੇ ਵੀ ਪੁੱਜੇਗਾ।

 

Leave a Reply

Your email address will not be published. Required fields are marked *