ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਸਾਹਮਣੇ ਗੰਦਗੀ ਅਤੇ ਕਬਜ਼ੇ ਨੂੰ ਹਟਾਉਣ ਤੋਂ ਪ੍ਰਸ਼ਾਸਨ ਹੋਇਆ ਬੇਬੱਸ

All Latest NewsNews FlashPunjab News

 

ਏਆਈਐਸਐਫ ਅਤੇ ਏਆਈਵਾਈਐਫ ਨੇ ਗੰਦਗੀ ਦੇ ਢੇਰ, ਗੰਦਾ ਪਾਣੀ ਅਤੇ ਸੜਕ ਤੋਂ ਨਜਾਇਜ਼ ਕਬਜ਼ਾ ਹਟਾਉਣ ਲਈ ਦਿੱਤਾ ਐਸਡੀਐਮ ਨੂੰ ਮੰਗ ਪੱਤਰ

ਰਣਬੀਰ ਕੌਰ ਢਾਬਾਂ, ਜਲਾਲਾਬਾਦ

ਦੇਸ਼ ਭਰ ਵਿੱਚ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਨੂੰ ਜਲਾਲਾਬਾਦ ਸਬ ਡਵੀਜ਼ਨ ਅੰਦਰ ਗ੍ਰਹਿ ਲੱਗਿਆ ਨਜ਼ਰ ਆ ਰਿਹਾ ਹੈ, ਕਿਉਂਕਿ ਇੱਥੋਂ ਦੇ ਵਿੱਦਿਆ ਦੇ ਮੰਦਰ ਭਾਵ ਸਰਕਾਰੀ ਸਕੂਲਾਂ ਦੇ ਆਸ ਪਾਸ ਗੰਦਗੀ ਭਰੀ ਹੋਈ ਹੈ ਅਤੇ ਬਦਬੂ ਮਾਰਦਾ ਪਾਣੀ ਖੜਿਆ ਹੈ। ਇਹ ਮਾਮਲਾ ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਕੋਠੀ ਸਕੂਲ) ਦਾ ਹੈ, ਜਿੱਥੇ ਸਕੂਲ ਦੀ ਚਾਰ ਦੁਆਰੀ ਦੇ ਬਾਹਰ ਬਦਬੂ ਮਾਰਦਾ ਗੰਦਾ ਪਾਣੀ ਖੜਿਆ ਹੋਇਆ ਹੈ ਅਤੇ ਗੰਦਗੀ ਦੇ ਢੇਰ ਆਸ ਪਾਸ ਤੁਹਾਨੂੰ ਆਮ ਦਿਖਾਈ ਦੇਣਗੇ।

ਇੱਥੇ ਹੀ ਬਸ ਨਹੀਂ ਇਸ ਸਕੂਲ ਨੂੰ ਜਾਣ ਵਾਲੀ ਸੜਕ ‘ਤੇ ਪ੍ਰਾਈਵੇਟ ਵਿਅਕਤੀਆਂ ਨੇ ਕਬਜ਼ਾ ਕੀਤਾ ਹੋਇਆ ਹੈ।ਉਹਨਾਂ ਕਬਜ਼ਿਆਂ ਨੂੰ ਅਤੇ ਗੰਦਗੀ ਨੂੰ ਹਟਾਉਣ ਲਈ ਪ੍ਰਸ਼ਾਸਨ ਬੇਬਸ ਲੱਗਦਾ ਨਜ਼ਰ ਆ ਰਿਹਾ ਹੈ। ਸਰਕਾਰੀ ਪ੍ਰਾਇਮਰੀ ਕੋਠੀ ਸਕੂਲ ਦੇ ਆਸ ਪਾਸ ਲੱਗੇ ਗੰਦਗੀ ਦੇ ਢੇਰਾਂ, ਬਦਬੂ ਮਾਰਦੇ ਪਾਣੀ ਅਤੇ ਨਜਾਇਜ਼ ਕੀਤੇ ਕਬਜ਼ਿਆਂ ਨੂੰ ਹਟਾਉਣ ਦਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਨੇ ਸਖਤ ਨੋਟਿਸ ਲਿਆ ਹੈ। ਇਸ ਸਬੰਧੀ ਉਨਾਂ ਸਥਾਨਕ ਐਸਡੀਐਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਨੂੰ ਇੱਕ ਲਿਖਤੀ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਇਹ ਗੰਦਗੀ, ਗੰਧਲਾ ਪਾਣੀ ਅਤੇ ਨਜਾਇਜ਼ ਕਬਜੇ ਤੁਰੰਤ ਹਟਾਏ ਜਾਣ, ਨਹੀਂ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।

ਐਸਡੀਐਮ ਨੂੰ ਦਿੱਤੇ ਗਏ ਮੰਗ ਪੱਤਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ,ਬਲਾਕ ਜਲਾਲਾਬਾਦ ਦੇ ਪ੍ਰਧਾਨ ਅਸ਼ੋਕ ਢਾਬਾਂ, ਨੌਜਵਾਨ ਆਗੂ ਐਡਵੋਕੇਟ ਅਮਨਦੀਪ ਸਿੰਘ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਕੌਂਸਲ ਮੈਂਬਰ ਸੁਰਿੰਦਰ ਬਾਹਮਣੀ ਵਾਲਾ ਅਤੇ ਸੁਖਜੀਤ ਸਿੰਘ ਸੁੱਖਾ ਨੇ ਦੱਸਿਆ ਕਿ ਜੇਕਰ ਸਾਡੇ ਸ਼ਹਿਰ ਵਿੱਚ ਵਿੱਦਿਆ ਦੇ ਮੰਦਰ ਅਤੇ ਉਹਨਾਂ ਵਿੱਚ ਪੜਦੇ ਬੱਚੇ ਅਤੇ ਅਧਿਆਪਕ ਹੀ ਸੁਰੱਖਿਤ ਅਤੇ ਤੰਦਰੁਸਤ ਨਹੀਂ ਰਹਿਣਗੇ ਤਾਂ ਸਮਾਜ ਨੂੰ ਤੰਦਰੁਸਤ ਰੱਖਣਾ ਦੂਰ ਦੀ ਗੱਲ ਰਹਿ ਜਾਂਦੀ ਹੈ। ਸਾਥੀ ਢਾਬਾਂ ਅਤੇ ਸੁਰਿੰਦਰ ਬਾਹਮਣੀ ਵਾਲਾ ਨੇ ਕਿਹਾ ਕਿ ਉਹਨਾਂ ਵੱਲੋਂ ਐਸਡੀਐਮ ਜਲਾਲਾਬਾਦ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਅਤੇ ਮੰਗ ਪੱਤਰ ਦਿੱਤਾ ਗਿਆ ਹੈ‌।

ਜੇਕਰ ਇਸ “ਤੇ ਤੁਰੰਤ ਕਾਰਵਾਈ ਨਾ ਕੀਤੀ ਗਈ, ਤਾਂ ਉਹ ਬਦਬੂ ਮਾਰਦੇ ਪਾਣੀ ਅਤੇ ਸਕੂਲ ਦੇ ਆਸ ਪਾਸ ਪਏ ਕੂੜੇ ਨੂੰ ਇਕੱਠਾ ਕਰਕੇ ਜਲਾਲਾਬਾਦ ਦੇ ਐਸਡੀਐਮ ਦਫ਼ਤਰ ਅਤੇ ਨਗਰ ਕੌਂਸਲ ਦੇ ਈਓ ਦਫਤਰ ਸਾਹਮਣੇ ਲੈ ਕੇ ਉੱਥੇ ਢੇਰ ਲਗਾਉਣਗੇ। ਉਹਨਾਂ ਨੇ ਕਿਹਾ ਕਿ ਇਸ ਸਕੂਲ ਨੂੰ ਪੁਰਾਣੀ ਤਹਿਸੀਲ ਤੋਂ ਸਕੂਲ ਵੱਲ ਆਉਂਦੀ ਸੜਕ ਤੇ ਸਿਰਫ ਕੰਧ ਬਣਾਉਣੀ ਹੀ ਰਹਿ ਗਈ ਹੈ, ਉੱਥੇ ਮੌਜੂਦ ਪ੍ਰਾਈਵੇਟ ਵਿਅਕਤੀਆਂ ਵੱਲੋਂ ਸ਼ਰੇਆਮ ਕਬਜ਼ਾ ਕੀਤਾ ਹੋਇਆ ਹੈ,ਪ੍ਰੰਤੂ ਪ੍ਰਸ਼ਾਸਨ ਉਥੋਂ ਲੰਘ ਕੇ ਵੀ ਅੱਖਾਂ ਬੰਦ ਕਰਕੇ ਲੰਘ ਜਾਂਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਐਸਡੀਐਮ ਜਲਾਲਾਬਾਦ ਨੇ ਮੰਗ ਪੱਤਰ ਲੈਣ ਤੋਂ ਬਾਅਦ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਸ ਮਸਲੇ ਦਾ ਜਲਦੀ ਹੱਲ ਕਰਵਾਉਣਗੇ।

 

Media PBN Staff

Media PBN Staff

Leave a Reply

Your email address will not be published. Required fields are marked *